ਭਾਜਪਾ ਸੰਸਦ ਮੈਂਬਰ ਸਮੇਤ ਪੁਲਿਸ ਮੁਲਾਜ਼ਮਾਂ ਵਲੋਂ ਗੁਰਦੁਆਰੇ 'ਤੇ ਕੀਤਾ ਗਿਆ ਨਾਜਾਇਜ਼ ਕਬਜ਼ਾ

ਭਾਜਪਾ ਸੰਸਦ ਮੈਂਬਰ ਸਮੇਤ ਪੁਲਿਸ ਮੁਲਾਜ਼ਮਾਂ ਵਲੋਂ ਗੁਰਦੁਆਰੇ 'ਤੇ ਕੀਤਾ ਗਿਆ ਨਾਜਾਇਜ਼ ਕਬਜ਼ਾ

ਅਦਾਲਤ ਦੇ ਆਦੇਸ਼ਾਂ ਤੇ ਹੋਇਆ ਮਾਮਲਾ ਦਰਜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 1 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਗੋਂਡਾ ਦੇ ਸੰਸਦ ਮੈਂਬਰ ਕੀਰਤੀਵਰਧਨ ਸਿੰਘ ਉਰਫ ਰਾਜਾ ਭਈਆ ਖਿਲਾਫ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਹੈ।  ਇਸ ਦੇ ਨਾਲ ਹੀ ਦੋ ਥਾਣੇਦਾਰਾਂ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।  ਮਾਮਲੇ ਵਿਚ ਦੋਸ਼ੀ ਪਾਏ ਜਾਣ 'ਤੇ ਸੰਸਦ ਮੈਂਬਰ ਕੀਰਤੀ ਵਰਧਨ ਸਿੰਘ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਅਦਾਲਤ ਦੇ ਹੁਕਮਾਂ 'ਤੇ ਭਾਜਪਾ ਸੰਸਦ ਮੈਂਬਰ ਕੀਰਤੀ ਵਰਧਨ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।  ਸੰਸਦ ਮੈਂਬਰ ਰਾਜਾ ਭਈਆ 'ਤੇ ਮਾਣਕਪੁਰ ਦੇ ਗੁਰਦੁਆਰੇ ਉਪਰ ਨਾਜਾਇਜ਼ ਕਬਜ਼ੇ, ਹਮਲਾ ਅਤੇ ਲੁੱਟ ਦੇ ਦੋਸ਼ ਹਨ।  18 ਜਨਵਰੀ ਨੂੰ ਗੋਂਡਾ ਦੀ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ ਜਿਸ ਦੇ ਬਾਵਜੂਦ ਵੀ ਪੁਲਿਸ ਚੁੱਪ ਰਹੀ।  ਪੁਲਿਸ ਪ੍ਰਸ਼ਾਸਨ ਦੀ ਮਨਮਾਨੀ ਨੂੰ ਦੇਖਦਿਆਂ ਪੀੜਤ ਧਿਰ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ।

ਜਿਸ 'ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਪੁਲਿਸ ਸੁਪਰਡੈਂਟ ਗੋਂਡਾ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ।  ਹੁਣ 12 ਦਿਨਾਂ ਬਾਅਦ ਰਾਜਾ ਭਈਆ ਖਿਲਾਫ ਪੁਲਿਸ ਪ੍ਰਸ਼ਾਸਨ ਹਰਕਤ 'ਚ ਆਇਆ ਹੈ।  ਇਸ ਮਾਮਲੇ ਵਿੱਚ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਦੋਸ਼ੀ ਤਤਕਾਲੀ ਕੋਤਵਾਲ ਸੁਧੀਰ ਸਿੰਘ ਅਤੇ ਕ੍ਰਾਈਮ ਇੰਸਪੈਕਟਰ ਅਰੁਣ ਰਾਏ ਦਾ ਜ਼ਿਲ੍ਹੇ ਤੋਂ ਤਬਾਦਲਾ ਕਰ ਦਿੱਤਾ ਸੀ, ਦੋਵਾਂ ਨੂੰ ਵੀ ਮਾਮਲੇ ਅੰਦਰ ਨਾਮਜ਼ਦ ਕੀਤਾ ਗਿਆ ਸੀ।

ਪੀੜਤ ਗੁਰਬਚਨ ਕੌਰ ਨੇ ਦੱਸਿਆ ਕਿ ਉਸ ਦਾ ਘਰ ਅਤੇ ਗੁਰਦੁਆਰਾ ਮਾਣਕਪੁਰ ਮੁਹੱਲਾ ਭਗਤ ਸਿੰਘ ਨਗਰ ਵਿੱਚ ਹੈ।  13 ਸਤੰਬਰ 2023 ਨੂੰ ਸੰਸਦ ਮੈਂਬਰ ਸੁਧੀਰ ਕੁਮਾਰ ਅਤੇ ਅਰੁਣ ਰਾਏ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਉਨ੍ਹਾਂ ਨੂੰ ਧਮਕੀਆਂ ਦੇ ਕੇ ਘਰ ਅਤੇ ਗੁਰਦੁਆਰੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।  ਇਸ ਤੋਂ ਬਾਅਦ 15 ਸਤੰਬਰ ਨੂੰ ਇੰਸਪੈਕਟਰ ਅਰੁਣ ਕੁਮਾਰ ਰਾਏ 15 ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਗੁਰਦੁਆਰਾ ਖਾਲੀ ਕਰਨ ਦੀਆਂ ਧਮਕੀਆਂ ਦੇਣ ਲੱਗੇ।  ਇਸ ਤਰ੍ਹਾਂ ਸੰਸਦ ਮੈਂਬਰ ਅਤੇ ਉਸ ਦੇ ਲੋਕਾਂ ਨੇ ਘਰ ਅਤੇ ਗੁਰਦੁਆਰੇ 'ਤੇ ਕਬਜ਼ਾ ਕਰ ਲਿਆ। ਇਸ ਮਾਮਲੇ 'ਤੇ ਐੱਸਪੀ ਗੋਂਡਾ ਵਿਨੀਤ ਜੈਸਵਾਲ ਦਾ ਕਹਿਣਾ ਹੈ ਕਿ ਸੰਸਦ ਮੈਂਬਰ/ਵਿਧਾਇਕ ਅਦਾਲਤ ਦੇ ਹੁਕਮਾਂ 'ਤੇ ਮਾਣਕਪੁਰ ਕੋਤਵਾਲੀ 'ਚ ਮਾਮਲਾ ਦਰਜ ਕੀਤਾ ਗਿਆ ਹੈ।  ਅਦਾਲਤ ਦੇ ਹੁਕਮਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।  ਸੰਸਦ ਮੈਂਬਰ ਕੀਰਤੀਵਰਧਨ ਸਿੰਘ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦੀ ਪੂਰੀ ਪਾਰਦਰਸ਼ਤਾ ਨਾਲ ਜਾਂਚ ਕੀਤੀ ਜਾਵੇਗੀ।