ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਗੁਰਦੁਆਰਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ 'ਤੇ ਕਮੇਟੀ ਮੈਂਬਰਾਂ ਨੂੰ 3 ਫਰਵਰੀ ਨੂੰ ਪੇਸ਼ ਹੋਣ ਦਾ ਆਦੇਸ਼
ਮਾਮਲਾ ਗੁਰਦੁਆਰਾ ਸਾਹਿਬ ਦੀ ਗੁੰਬਦ ਤੇ ਭਾਜਪਾਈ ਚਿੰਨ੍ਹ ਕਮਲ ਦਾ ਫੁੱਲ ਰੂਪੀ ਲਾਈਟ ਲਗਾਉਣ ਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 1 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਮਨਾਏ ਗਏ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤੀ ਗਈ ਸਜਾਵਟ ਸਬੰਧੀ ਲਗਾਈਆਂ ਗਈਆਂ ਬਿਜਲੀ ਦੀਆਂ ਲੜੀਆਂ ਦੌਰਾਨ ਗੁਰਦੁਆਰਾ ਸਾਹਿਬ ਦੇ ਗੁੰਬਦ ਉੱਪਰ ਇਕ ਰਾਜਨੀਤਿਕ ਪਾਰਟੀ ਭਾਜਪਾ ਦਾ ਚਿੰਨ੍ਹ ਕਮਲ ਦਾ ਫੁੱਲ ਰੂਪੀ ਲਾਈਟ ਲਗਾਉਣ ਨਾਲ ਸੰਗਤਾਂ ਵਿੱਚ ਭਾਰੀ ਰੋਸ ਪੈਦਾ ਹੋਣ ਨਾਲ ਇਕ ਨਵਾਂ ਵਿਵਾਦ ਛਿੜ ਗਿਆ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਮਾਜਿਕ ਕਾਰਕੁਨ ਸ. ਇੰਦਰਪ੍ਰੀਤ ਸਿੰਘ ਮੌਂਟੀ ਕੋਛੜ ਨੇ ਦਸਿਆ ਕਿ ਸਥਾਨਕ ਸੰਗਤਾਂ ਦੇ ਕਹਿਣ ‘ਤੇ ਉਸ ਸਮੇਂ ਇਸ ਮਸਲੇ ਬਾਰੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨਾਲ ਉਚੇਚੇ ਤੌਰ ‘ਤੇ ਮੁਲਾਕਾਤ ਕਰਕੇ ਉਨ੍ਹਾਂ ਵਲੋਂ ਇਸ ਮਸਲੇ ਦੀ ਪੜ੍ਹਤਾਲ ਕਰਨ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਇਕ ਲਿਖਤੀ ਸ਼ਿਕਾਇਤੀ ਪੱਤਰ ਸ਼ੌਪਿਆ ਸੀ। ਉਕਤ ਗੁਰਦੁਆਰੇ ਦੇ ਆਗੂਆਂ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਪੰਥਕ ਮਰਿਆਦਾ ਭੰਗ ਕੀਤੀ ਹੈ ਜਿਸ ਵਿਚ ਗੁਰਦੁਆਰਾ ਸਾਹਿਬ ਦੇ ਹਾਲ ਅੰਦਰ ਬੈਂਡ ਵਾਜ਼ਾਂ ਵੀ ਵਜਵਾਇਆ ਸੀ ਤੇ ਨਾਲ ਹੀ ਇਕ ਕੁਤੇ ਦੀ ਮੌਤ ਦਾ ਭੋਗ ਵੀ ਗੁਰੂਘਰ ਅੰਦਰ ਪੁਆ ਦਿੱਤਾ ਸੀ । ਉਨ੍ਹਾਂ ਨੇ ਦਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਵਲੋਂ ਕੀਤੀ ਗਈ ਸ਼ਿਕਾਇਤ ਉਪਰ ਕਾਰਵਾਈ ਕਰਦਿਆਂ ਸ਼੍ਰੀ ਅਕਾਲ ਤਖਤ ਦੇ ਆਦੇਸ਼ਾ ਨਾਲ ਗਠਿਤ ਕੀਤੀ ਜਾਂਦੀ ਪੰਜ ਮੈਂਬਰੀ ਘੋਖ ਕਮੇਟੀ ਦੀ ਇਕੱਤਰਤਾ ਦਿਨ ਸ਼ਨਿੱਚਰਵਾਰ, 3 ਫਰਵਰੀ ਨੂੰ ਦਫ਼ਤਰ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਈ ਗਈ ਹੈ, ਜਿਸ ਵਿੱਚ ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਅਤੇ ਸਮੂਹ ਕਮੇਟੀ ਮੈਂਬਰਾਂ ਨੂੰ ਇਸ ਇਕੱਤਰਤਾ ਵਿੱਚ ਹਾਜ਼ਿਰ ਹੋਣ ਲਈ ਕਿਹਾ ਗਿਆ ਹੈ।
Comments (0)