ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ  ਦਾ ਇਤਿਹਾਸਕ ਫ਼ੈਸਲਾ

ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ  ਦਾ ਇਤਿਹਾਸਕ ਫ਼ੈਸਲਾ

ਗੁਰੂ ਨਾਨਕ ਚੇਅਰ ਦੀ ਸਥਾਪਨਾ, ਵਿਰਾਸਤ ਦੇ ਫਖ਼ਰ ਨੂੰ ਕੀਤਾ ਜਾਵੇਗਾ ਉਜਾਗਰ


ਪੰਜਾਬ ਦੀਆਂ ਕੁਲ ਯੂਨੀਵਰਸਿਟੀਆਂ ਅਤੇ ਬਾਕੀ ਕੁਲ ਵਿਦਿਅਕ ਅਦਾਰੇ ਵੀ ਅੱਜ ਦੇ ਯੁੱਗ ਵਿੱਚ ਜਦ ਤਕਨੀਕ ਅਤੇ ਸਾਇੰਸ ਨਾਲ ਸਬੰਧਿਤ ਵਿਭਾਗਾਂ ਦੀ ਸਥਾਪਨਾ ਦੀ ਹੋੜ ਵਿੱਚ ਲੱਗੇ ਹੋਏ ਹਨ ਤਾਂ ਜੋ ਵੱਧ ਤੋਂ ਵੱਧ ਧਨ ਜੁਟਾਇਆ ਜਾ ਸਕੇ । ਨਤੀਜਤਨ ਸਮੁੱਚਾ ਵਿੱਦਿਅਕ ਜਗਤ ਇਕ ਵਿਉਪਾਰਕ ਧਾਰਾ ਵਿਚ ਤਬਦੀਲ ਹੋ ਗਿਆ ਹੈ ਤੇ ਇਨ੍ਹਾਂ ਵਿਚ ਕਾਰਜਸ਼ੀਲ,  ਅਕਾਦਮੀਸ਼ੀਅਨ ਚਿੰਤਕ ਹੋਣ ਨਾਲੋਂ ਵਿਉਪਾਰੀ ਵੱਧ ਨਜ਼ਰ ਆਉਣ ਲੱਗੇ ਹਨ । ਇਸ ਦੌੜ ਵਿੱਚ ਹਰ ਅਦਾਰਾ ਦੂਸਰੇ ਅਦਾਰੇ ਨਾਲੋਂ ਅੱਗੇ ਨਿਕਲਣ ਦੀ ਕਾਹਲ ਵਿੱਚ ਹੈ  । ਇਸ ਦਾ ਮਾਰੂ ਨਤੀਜਾ ਜੋ ਨਿਕਲੇਗਾ ਜਾਂ ਜੋ ਨਿਕਲ ਰਿਹਾ ਹੈ ਉਸ ਤੋਂ ਇਹ ਅਦਾਰੇ ਜਾਂ ਤੇ ਬੇਪਰਵਾਹ ਹਨ ਜਾਂ ਜਾਣ ਬੁੱਝ ਕੇ ਅੱਖਾਂ ਬੰਦ ਕਰੀ ਖੜੇ ਹਨ । ਅਸਲ ਵਿੱਚ ਅਜਿਹਾ ਵਰਤਾਰਾ ਜਦ ਤੇ ਜਿੱਥੇ- ਜਿੱਥੇ ਵੀ ਵਾਪਰਿਆ ਉੱਥੇ -ਉੱਥੇ ਹੀ ਮਾਰੂ ਨਤੀਜੇ ਨਿਕਲੇ ਹਨ। ਨੈਤਿਕ ਵਿਵਹਾਰ ਉਨ੍ਹਾਂ ਭੂਗੋਲਿਕ ਖਿੱਤਿਆਂ ਵਿਚੋਂ ਗੁੰਮ ਹੋਣ ਲੱਗਾ ਹੈ । ਗੁਰੂ ਸ਼ਿਸ਼ ਦੀ ਪਰੰਪਰਾ ਗਵਾਚਣ  ਲੱਗੀ ਪਈ ਹੈ ,ਮਾਰਾਮਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ ਜਿਸ ਦੇ ਫਲਸਰੂਪ ਸਮਾਜ ਪਤਨ ਵੱਲ ਵਧਣ ਲੱਗਾ ਹੈ ,ਰਵਾਇਤੀ ਸਮਾਜ ਨੇ ਸਮਾਜਿਕ ਵਿਗਿਆਨਾਂ ਦੀ ਪੜਾਈ ਵਲ ਪੂਰਨ ਤੌਰ ਤੇ ਅੱਖਾਂ ਫੇਰ ਲਈਆਂ ਅਤੇ ਧਰਮ ਅਧਿਐਨ ਦੀ ਪੜ੍ਹਾਈ ਵੱਲ ਪੂਰੀ ਤਰ੍ਹਾਂ ਹੀ ਪਿੱਠ ਕਰ ਲਈ ਹੈ । ਹੈਰਾਨੀ ਦੀ ਗੱਲ ਤੇ ਇਹ ਵਾਪਰੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡੀ. ਏ. ਵੀ ਮੈਨੇਜਮੈਂਟ ਜਿਨ੍ਹਾਂ ਦੀ ਸਥਾਪਨਾ ਹੀ ਧਰਮ ਅਤੇ ਸਮਾਜ ਵਿਗਿਆਨਾਂ ਦੇ ਨਾਲ ਨੈਤਿਕ ਸਿੱਖਿਆ ਦੀ  ਪੜ੍ਹਾਈ  ਕਰਵਾਉਣ ਲਈ ਕੀਤੀ ਸੀ ਇਨ੍ਹਾਂ ਵਿੱਚੋਂ ਧਰਮ ਦੇ ਵਿਸ਼ਿਆਂ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਰਸਾਤਲ ਵੱਲ ਜਾਣ ਦੇ ਪੂਰੇ ਪ੍ਰਬੰਧ ਕਰ ਦਿੱਤੇ ਹਨ ।ਬੇਖ਼ਬਰੀ ਦਾ ਆਲਮ ਹੈ ਨੀਰੋ ਬੰਸਰੀ ਵਜਾ ਰਹੇ ਹਨ ਤੇ ਸਮਾਜ ਨਿੱਘਰ ਰਿਹਾ ਹੈ । ਅਜਿਹੇ ਵੇਲੇ ਆਈ.ਕੇ ਗੁਜਰਾਲ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਚੇਅਰ ਦੀ ਸਥਾਪਨਾ ਕਰ ਵਿਭਾਗ ਵਰਗਾ ਮੁਹਾਂਦਰਾ ਪ੍ਰਦਾਨ ਕਰਨ ਦੇ ਐਲਾਨ ਨੂੰ ਠੰਢੇ ਹਵਾ ਵਰਗਾ ਮਹਿਸੂਸ ਕੀਤਾ ਜਾ ਸਕਦਾ ਹੈ ਜਿਸ ਵਿੱਚ ਅਧਿਆਤਮਕ ਬਿਰਤੀ ਦੇ ਫੁੱਲ ਖਿੜਨ ਦੀ ਆਸ ਬੱਝ ਗਈ ਹੈ ।

ਵਾਈਸ ਚਾਂਸਲਰ ਸ੍ਰੀ ਰਾਹੁਲ ਭੰਡਾਰੀ ਆਈ ਏ ਐਸ

ਸਬੰਧਿਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਰਾਹੁਲ ਭੰਡਾਰੀ ਆਈ ਏ ਐਸ ਵੱਲੋਂ ਲਿਆ ਇਹ ਫੈਸਲਾ ਅਸਲ ਵਿਚ ਉਨ੍ਹਾਂ ਨੂੰ ਧਰਤਿ ਦੇ ਪੁੱਤਰ ਵਜੋਂ ਸਥਾਪਿਤ ਕਰੇਗਾ ਤੇ ਇਸ ਸਚ ਨੂੰ ਮੰਨ ਲੈਣਾ ਚਾਹੀਦਾ ਹੈ । ਦੂਜਾ ਅਹਿਮ ਫੈਸਲਾ  ਸਥਾਪਤ ਕੀਤੇ ਜਾ ਰਹੇ ਧਰਮ ਨਾਲ ਸਬੰਧਤ ਇਸ ਵਿੰਗ ਲਈ  ਬਣਾਈ ਗਈ ਉੱਚ ਪੱਧਰੀ ਕਮੇਟੀ ਦੀ ਚੇਅਰਮੈਨੀ  ਦਾ ਹੈ ਜਿਸ ਨੂੰ ਉਨ੍ਹਾਂ ਨੇ ਆਪਣੇ ਹੱਥ ਰੱਖਣ ਦੀ ਬਜਾਏ  ਧਰਮ ਦੇ ਵਿਸ਼ੇ ਵਿੱਚ  ਅੰਤਰਰਾਸ਼ਟਰੀ ਪ੍ਰਸਿੱਧੀ ਰੱਖਣ ਵਾਲੇ ਚਿੰਤਕ ਤੇ ਮੌਜੂਦਾ ਸਮੇਂ  ਵਿਚ  ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਫੈਕਲਟੀ ਆਫ਼ ਹਿਊਮੈਨਟੀਜ਼ ਅਤੇ ਧਰਮ ਅਧਿਐਨ ਦੇ ਡੀਨ ਦੇ ਰੁਤਬੇ ਉਤੇ ਆਸੀਨ ਪ੍ਰਮੁੱਖ ਵਿਦਵਾਨ  ਡਾ. ਸਰਬਜਿੰਦਰ ਸਿੰਘ ਜੀ ਦੇ ਹੱਥ ਵਿੱਚ ਦੇ ਕੇ ਇੱਕ ਵੱਖਰਾ ਇਸ਼ਾਰਾ ਕਰ ਦਿੱਤਾ ਹੈ ਕਿ ਯੋਗ ਕੰਮ ਯੋਗ ਮਨੁੱਖ ਦੇ ਹੱਥ  ਦਿਉਗੇ ਤਾਂ ਨਤੀਜੇ ਅਤਿ ਲਾਹੇਵੰਦ ਨਿਕਲਣਗੇ । ਡਾ. ਸਰਬਜਿੰਦਰ ਸਿੰਘ ਜੀ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਦੇ ਹਰ ਬੋਲ ਵਿੱਚ ਕੁਦਰਤ ਦੀ ਅਨੋਖੀ ਰਮਜ਼ ਜਿਹੇ ਹਰਫ਼ ਨਿਕਲਦੇ ਹਨ ਜੋ ਹਰ ਸੁਣਨ ਵਾਲੇ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਾਉਂਦੇ ਹਨ । ਉਨ੍ਹਾਂ ਦੇ ਨਾਲ ਪ੍ਰਸਿੱਧ ਅਖ਼ਬਾਰ ਅਜੀਤ ਮੈਨਜਮੈਂਟ ਦੇ ਉਚ- ਪ੍ਰਬੰਧਕ ਤੇ ਅਕਾਦਮੀਸ਼ੀਅਨ ਡਾ.ਗੁਰਜੋਤ ਨੂੰ ਜੋੜ ਇਹ ਸਥਾਪਿਤ ਕਰ ਦਿੱਤਾ ਹੈ ਕਿ ਉਹ ਧਰਮ ਦੇ ਇਸ ਵਿਸ਼ੇ ਨੂੰ  ਵਿਗਿਆਨ ਅਤੇ ਤਕਨੀਕ ਦੀਆਂ ਅੰਤਰ ਦ੍ਰਿਸ਼ਟੀਆਂ ਨਾਲ ਸਥਾਪਿਤ ਕਰ ਵਿਰਾਸਤ ਦੇ ਫਖ਼ਰ ਨੂੰ ਰੂਪਮਾਨ ਹੀ ਨਹੀਂ ਕਰਨਗੇ ਸਗੋਂ  ਪੰਜਾਬ ਦੀ ਧਰਤਿ  ਦੇ ਸੰਤਾਪ ਹਰਨ ਲਈ ਇਕ ਹੰਭਲਾ ਵੀ ਮਾਰਨਗੇ।ਇਸ ਸਾਰੇ ਕਾਰਜ ਲਈ ਸਬੰਧਤ ਯੂਨੀਵਰਸਿਟੀ ਦੇ ਬਹੁਤ ਹੀ ਹਿੰਮਤੀ ਤੇ ਹੋਣਹਾਰ ਅਧਿਆਪਕ ਡਾ. ਸਰਬਜੀਤ ਸਿੰਘ ਮਾਨ ਜੀ ਦੀ ਨਿਯੁਕਤੀ ਆਉਣ ਵਾਲੇ ਦਿਨਾਂ ਵਿੱਚ ਲਾਹੇਵੰਦ ਨਤੀਜੇ ਕੱਢਣ ਵਲ ਇਸ਼ਾਰਾ ਹੈ। ਡਾ.ਸਰਬਜੀਤ ਸਿੰਘ ਵਿਚ ਸਮਰੱਥਾ ਵੀ ਹੈ ਤੇ ਹਿੰਮਤ ਵੀ ਹੈ । ਯੂਨੀਵਰਸਟੀ ਪ੍ਰਤੀ ਉਸਦੀ ਦਿਆਨਤਦਾਰੀ ਵੀ ਪ੍ਰਸ਼ਨ ਮੁਕਤ ਹੈ।

ਕਲ ਸਬੰਧਤ ਕੇਂਦਰ ਦੀ ਪਲੇਠੀ ਮੀਟਿੰਗ ਯੂਨੀਵਰਸਿਟੀ ਕੈਂਪਸ ਵਿੱਚ ਡਾ.ਸਰਬਜਿੰਦਰ ਸਿੰਘ ਜੀ ਦੀ ਚੇਅਰਮੈਨੀ ਹੇਠ ਹੋਈ । ਜਿਸ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ, ਡੀਨ ਰਿਸਰਚ, ਡੀਨ ਫੈਕਲਟੀ ,ਪਬਲਿਕ ਰਿਲੇਸ਼ਨ ਅਫਸਰ ਰਜਨੀਸ਼ ਕੁਮਾਰ ਜੀ  ਤੇ ਇੰਚਾਰਜ ਡਾ.ਸਰਬਜੀਤ ਸਿੰਘ ਜੀ ਦੇ ਨਾਲ ਡਾ.ਗੁਰਜੋਤ ਕੌਰ ਦੀ ਭੂਮਿਕਾ ਅਤਿ ਅਹਿਮ ਹੋਏਗੀ। ਇਸ ਮੁੱਢਲੀ  ਮੀਟਿੰਗ ਵਿੱਚ ਸ਼ੁਰੂ ਕੀਤੇ ਜਾ ਰਹੇ ਨਿਵੇਕਲੇ ਕਾਰਜ ਦੀ ਰੂਪਰੇਖਾ ਤਿਆਰ ਕੀਤੀ ਗਈ । ਦੱਸਣਯੋਗ ਹੈ ਕਿ ਸਬੰਧਤ ਚੇਅਰ ਦਾ ਆਰੰਭ  ਤਿੰਨ ਮਹੱਤਵਪੂਰਨ ਕਾਰਜਾਂ ਨਾਲ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਗੁਰੂ ਪਾਤਸ਼ਾਹ ਦੇ ਵੇਲੇ ਵਰਤੋਂ ਵਿੱਚ ਆਉਂਦੇ ਸ਼ਬਦਾਂ ਦੀ ਭਾਲ ਕਰ  ਇੱਕ ਗਲੌਸਰੀ ਤਿਆਰ ਕਰਨਾ ਹੋਵੇਗਾ । ਦੂਜਾ ਕੰਮ ਲਿਖਤ ਦੇ ਕਾਰਜ ਨੂੰ ਸ਼ੁਰੂ ਕਰਨ ਦੇ ਨਿਵੇਕਲਾ ਕਾਰਜ ਪਿਛੇ ਲੁਪਤ ਕਾਰਣਾਂ ਦਾ  ਅਧਿਐਨ ਕਰ ਸਿਖ ਧਰਮ ਦੇ ਬਾਨੀ ਦੇ ਇਸ ਨਿਵੇਕਲੇ ਕਾਰਜ ਨੂੰ ਧਰਮ ਦੀ ਅਕਾਦਮਿਕਤਾ ਦਾ ਹਿਸਾ ਬਣਾਇਆ ਜਾਏਗਾ। ਤੀਸਰਾ ਕੰਮ ਉਦਾਸੀਆਂ ਦਾ ਇਤਿਹਾਸਕ ਸਰਵੇਖਣ ਤੇ ਮੁਲੰਕਣ ਦਾ ਕੰਮ ਹੋਵੇਗਾ ਇਸ ਦੇ ਨਾਲ ਹੀ ਬਹੁਤ ਹੀ ਮਹੱਤਵਪੂਰਨ ਅੰਤਰਰਾਸ਼ਟਰੀ ਨਿਯਮਾਵਲੀ ਆਧਾਰਿਤ  ਜਰਨਲ ਆਫ਼ ਸਿੱਖ ਸਟੱਡੀਜ਼  ਹਰ ਛੇ ਮਹੀਨੇ ਬਾਅਦ ਛਪਣ ਦੇ ਕੰਮ ਤੇ ਮੋਹਰ ਲਾ ਦਿੱਤੀ ਗਈ ਹੈ ਡਾ.ਗੁਰਜੋਤ ਕੌਰ  ਦੁਆਰਾ ਆਰੰਭਲੇ ਕਾਰਜ ਲਈ ਅਜੀਤ ਅਖ਼ਬਾਰ ਦੀ ਲਾਇਬਰੇਰੀ ਦੀ ਵਰਤੋਂ ਦੀ ਆਗਿਆ ਨੇ  ਕਾਰਜ ਸੌਖਾ ਕਰ ਦਿੱਤਾ ਹੈ ।ਵਾਈਸ ਚਾਂਸਲਰ ਸਾਹਿਬ ਨੇ ਇਸ ਕਾਰਜ ਲਈ ਵੱਡੀ ਰਾਸ਼ੀ  ਰਿਜ਼ਰਵ ਰੱਖ ਦਿੱਤੀ ਹੈ ਤਾਂ ਜੋ ਵਿੱਤੀ ਤੌਰ ਤੇ ਕਦੇ ਵੀ ਸਮੱਸਿਆ ਨਾ ਆਵੇ ।

ਆਈ.ਕੇ ਗੁਜਰਾਲ ਯੂਨੀਵਰਸਿਟੀ ਦੇ ਇਸ ਕਾਰਜ ਦੀ  ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ । ਕਿਉਂਕੀ ਯੂਨੀਵਰਸਿਟੀ ਦੁਆਰਾ ਸਬੰਧਿਤ ਕਾਰਜ ਦਾ ਕਦਮ ਅਜਿਹੇ ਸਮੇਂ ਪੁੱਟਿਆ ਗਿਆ ਹੈ ਜਿਸ ਸਮੇਂ ਆਮ ਲੋਕਾਂ ਦੁਆਰਾ ਧਰਮ ਤਬਦੀਲ ਕੀਤਾ ਜਾ ਰਿਹਾ ਹੈ। ਜਿਸ ਦਾ ਮੁੱਖ ਕਾਰਨ  ਧਰਮ ਪ੍ਰਚਾਰਕਾਂ ਦੁਆਰਾ ਦਿੱਤੇ ਜਾਂਦੇ ਸਿਆਸੀ ਪ੍ਰਵਚਨ ਹਨ ।ਸ਼ਬਦ ਗੁਰੂ ਦਾ ਪ੍ਰਚਾਰ ਘੱਟ ਹੋ ਰਿਹਾ ਹੈ ਤੇ ਸਿਆਸਤੀ ਤਾਂ ਜੋ ਵਧੇਰੇ ਕੱਸੇ ਜਾ ਰਹੇ ਹਨ । ਬਿਨਾਂ ਸ਼ੱਕ   ਦੁਨੀਆਂ ਦਾ ਕੋਈ ਵੀ ਧਰਮ ਮਾੜਾ ਨਹੀਂ ਹੈ ਪਰ ਜਿਸ ਧਰਮ ਦੇ ਵਿੱਚ ਇਨਸਾਨ ਨੇ ਜਨਮ ਲਿਆ ਹੈ ਉਸ ਨੂੰ ਛੱਡ ਕੇ ਦੂਜੇ ਧਰਮ ਵਿਚ ਜਾਣਾ ਕੌਮੀ ਹਿੱਤਾਂ ਲਈ ਨੁਕਸਾਨਦੇਹ ਹੈ । ਆਸ ਹੈ ਕਿ ਆਈ.ਕੇ ਗੁਜਰਾਲ ਯੂਨੀਵਰਸਿਟੀ ਦੀ ਇਸ ਕਾਰਗੁਜ਼ਾਰੀ ਦੂਜੀਆਂ ਯੂਨੀਵਰਸਿਟੀਆਂ ਤੇ ਧਰਮ ਦੇ ਪ੍ਰਮੁੱਖ ਅਦਾਰੇ ਲਈ ਇਕ ਰਾਹ ਦਸੇਰਾ ਬਣੇਗੀ ਅਤੇ ਧਰਮ ਦੀ ਸਿੱਖਿਆ ਮੁੜ ਆਪਣੇ ਪਹਿਲੇ ਮੁਕਾਮ ਤੇ ਆਵੇਗੀ ।

 

ਸਰਬਜੀਤ ਕੌਰ ਸਰਬ