ਅਮਰੀਕਾ ਵਿਚ ਖੁਦਕੁੱਸ਼ੀਆਂ ਰੋਕਣ ਲਈ ਅਗਲੇ ਹਫਤੇ ਸ਼ੁਰੂ ਹੋ ਜਾਵੇਗਾ 'ਲਾਈਫਲਾਈਨ ਨੰਬਰ’

ਅਮਰੀਕਾ ਵਿਚ ਖੁਦਕੁੱਸ਼ੀਆਂ ਰੋਕਣ ਲਈ ਅਗਲੇ ਹਫਤੇ ਸ਼ੁਰੂ ਹੋ ਜਾਵੇਗਾ 'ਲਾਈਫਲਾਈਨ ਨੰਬਰ’

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 17 ਜੁਲਾਈ (ਹੁਸਨ ਲੜੋਆ ਬੰਗਾ)-ਹੰਗਾਮੀ ਹਾਲਤ ਵਿਚ ਜਿਸ ਤਰਾਂ ਲੋਕ 911 ਨੰਬਰ 'ਤੇ ਫੋਨ ਕਰਦੇ ਹਨ, ਬਿਲਕੁੱਲ ਇਸੇ ਤਰਜ 'ਤੇ ਖੁਦਕੁੱਸ਼ੀਆਂ ਰੋਕਣ ਲਈ 'ਨੈਸ਼ਨਲ ਸੂਸਾਈਡ ਪ੍ਰੀਵੈਨਸ਼ਨ ਲਾਈਫਲਾਈਨ ਨੰਬਰ 988 ਅਗਲੇ ਹਫਤੇ ਪੂਰੇ ਅਮਰੀਕਾ ਵਿਚ ਸ਼ੁਰੂ ਹੋ ਜਾਵੇਗਾ। ਇਹ ਫੋਨ ਨੰਬਰ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਅਮਰੀਕੀਆਂ ਲਈ ਰਾਹਤ ਦਾ ਸਬੱਬ ਬਣ ਸਕਦਾ ਹੈ। ਨੈਸ਼ਨਲ ਐਕਸ਼ਨ ਅਲਾਇੰਸ ਫਾਰ ਸੂਸਾਈਡ ਪ੍ਰੀਵੈਨਸ਼ਨ ਦੇ ਬੁਲਾਰੇ ਮੌਰੀਨ ਇਸਲਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਸੰਕਟਕਾਲੀਨ ਸੇਵਾਵਾਂ ਦੇ ਨਵੇਂ ਯੁੱਗ ਵਿਚ ਪ੍ਰਵੇਸ਼ ਕਰ ਰਿਹਾ ਹੈ। ਉਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਮਾਨਸਿਕ ਉਲਝਣਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕੋਈ ਵਿਵਸਥਾ ਬਣਾਉਣ ਬਾਰੇ ਕੰਮ ਕੀਤਾ ਜਾ ਰਿਹਾ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਲਾਈਫਲਾਈਨ ਨੰਬਰ ਦੇ ਸ਼ੁਰੂ ਹੋਣ ਨਾਲ ਲੋੜਵੰਦ ਲੋਕਾਂ ਨੂੰ ਅਤਿ ਲੋੜੀਂਦੀਆਂ ਸੇਵਾਵਾਂ ਮਿਲਣਗੀਆਂ ਤੇ ਇਹ ਲੋਕਾਂ ਦੀ ਪਹੁੰਚ ਵਿਚ ਹੋਣਗੀਆਂ। ਕੋਈ ਵੀ ਵਿਅਕਤੀ ਜੋ 988 ਨੰਬਰ 'ਤੇ ਫੋਨ ਕਰੇਗਾ ਤਾਂ ਉਹ ਸਥਾਨਕ ਦਿਮਾਗੀ ਸਿਹਤ ਪੇਸ਼ਾਵਰ ਜਾਂ ਖੇਤਰੀ ਸੰਕਟ ਸੈਂਟਰ ਨਾਲ ਜੁੜ ਜਾਵੇਗਾ। ਜੇਕਰ ਤੁਹਾਡਾ ਸਥਾਨਕ ਸੈਂਟਰ ਕਿਸੇ ਕਾਰਨ ਫੋਨ ਨਹੀਂ ਚੁੱਕਦਾ ਤਾਂ ਇਸ ਦੀ ਭਰਪਾਈ ਲਈ ਨੈਸ਼ਨਲ ਸੈਂਟਰ ਫੋਨ ਉਠਾਉਣਗੇ ਤੇ ਉਥੇ ਸਿਹਤ ਮਾਹਿਰ ਤੁਹਾਡੀ ਸਮੱਸਿਆ ਨੂੰ ਸੁਣਨਗੇ ਤੇ ਉਸ ਦਾ ਹੱਲ ਦਸਣਗੇ। ਇਸ ਦੇ ਨਾਲ ਹੀ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਰਾਜ ਅਜੇ ਇਹ ਸੇਵਾ ਜਾਰੀ ਕਰਨ ਲਈ ਤਿਆਰ ਨਹੀਂ ਹਨ ਤੇ ਇਹ ਸੇਵਾਵਾਂ ਵੱਡੀ ਪੱਧਰ ਉਪਰ ਮੁਹੱਈਆ ਕਰਵਾਉਣ ਲਈ ਅਜੇ ਕੁਝ ਸਮਾਂ ਲੱਗ ਸਕਦਾ ਹੈ।