ਕੀ ਦੱਖਣ ਏਸ਼ੀਆ 'ਚ ਹਿੰਦੂ ਸਾਮਰਾਜ ਦੀ ਸਥਾਪਤੀ ਸਿੱਖਾਂ ਅਤੇ ਦਲਿਤਾਂ ਨੂੰ ਸੱਚਮੁੱਚ ਖਾ ਜਾਵੇਗੀ? 

ਕੀ ਦੱਖਣ ਏਸ਼ੀਆ 'ਚ ਹਿੰਦੂ ਸਾਮਰਾਜ ਦੀ ਸਥਾਪਤੀ ਸਿੱਖਾਂ ਅਤੇ ਦਲਿਤਾਂ ਨੂੰ ਸੱਚਮੁੱਚ ਖਾ ਜਾਵੇਗੀ? 

ਸਿੱਖਾਂ ਅਤੇ ਮੂਲਨਿਵਾਸੀਆਂ ਦੀ ਤ੍ਰਾਸਦੀ 
ਲੇਖਕ: ਸੁਰਿੰਦਰ ਸਿੰਘ (ਟਾਕਿੰਗ ਪੰਜਾਬ)   

1925 'ਚ ਜਦੋਂ ਸੰਘ ਹੋਂਦ ਗ੍ਰਹਿਣ ਕਰਦਾ ਹੈ ਤਾਂ ਇਹਦੇ ਲੀਡਰਾਂ ਨੇ ਕੁੱਝ ਅਜਿਹੀਆਂ ਨਿਸ਼ਾਨਦੇਹੀਆਂ 'ਤੇ ਡੁੰਘਾ ਅਧਿਐਨ ਕਰਦੇ ਹੋਏ ਗੁਪਤ ਸੰਵਿਧਾਨ ਘੜਿਆ ਜਿਸ 'ਤੇ ਜ਼ਿਕਰ ਕਰਨਾ ਜਰੂਰੀ ਬਣ ਜਾਂਦਾ ਹੈ। ਇਹ ਸੰਵਿਧਾਨ 1947 ਤੋਂ ਬਾਅਦ ਕਈ ਸਾਲ ਤੱਕ ਗੁਪਤ ਹੀ ਰਿਹਾ ਜਦੋਂ ਤੱਕ ਇਸ ਕੱਟੜ ਜਮਾਤ ਦੇ ਆਪਣੇ ਹੀ ਕਿਸੇ ਕਾਰਕੁੰਨ ਨੇ ਇਸ ਨੂੰ ਲੀਕ ਨਹੀਂ ਕਰ ਦਿਤਾ। ਬਰਾਹਮਣਵਾਦੀ ਵਿਚਾਰਧਾਰਾ ਦੇ ਅਣਦਿਸਦੇ ਹਮਲਾਵਰ ਅੰਸ਼ ਨੂੰ ਇਸ ਸੰਵਿਧਾਨ 'ਚ ਬਗੈਰ ਕਿਸੇ ਵਿੰਗ ਵਲ਼ ਦੇ ਸਿੱਧੇ ਸਿੱਧੇ ਹੀ ਲਿਖਿਆ ਗਿਆ ਹੈ। ਡਾ. ਹੈਡਗੇਵਾਰ ਅਤੇ ਐਮ ਐਸ ਗੋਲਵਾਲਕਰ ਨੇ ਇਸ ਨੂੰ ਘੜਨ 'ਚ ਮੋਹਰੀ ਭੂਮਿਕਾ ਅਦਾ ਕੀਤੀ। ਜਿਹੜੀਆਂ ਮੁੱਖ ਗੱਲਾਂ ਦਾ ਚਰਚਾ ਜਰੂਰੀ ਹੈ ਉਹਨਾਂ 'ਚ ਸਭ ਤੋਂ ਪਹਿਲਾਂ ਇਹ ਹੈ ਕਿ ਜਿਹੜੀਆਂ ਭਾਰਤ 'ਚ ਹਿੰਦੂ ਅਖਵਾਉਣ 'ਚ ਔਖ ਮਹਿਸੂਸ ਕਰਨ ਵਾਲੀਆਂ ਦੂਜੀਆਂ ਕੌਮਾਂ, ਘੱਟ ਗਿਣਤੀਆਂ ਜਾਂ ਮੁਸਲਮਾਨਾਂ ਨੂੰ ਇਹ ਸੋਚਣ ਲਈ ਮਜ਼ਬੂਰ ਹੋ ਜਾਣ ਕਿ ਉਹ ਹਿੰਦੂ ਕਿਉਂ ਨਹੀਂ ਹਨ। ਬ੍ਰਾਹਮਣਵਾਦੀ ਤਾਕਤਾਂ ਵੱਲੋਂ ਦੂਜੀਆਂ ਕੌਮਾਂ, ਧਰਮਾਂ ਅਤੇ ਘੱਟ ਗਿਣਤੀਆਂ ਨਾਲ ਦੁਸ਼ਮਣੀ ਭਰਿਆ ਸਲੂਕ ਕਰਨਾ ਕਿ ਉਹ ਅਖੰਡ ਭਾਰਤ ਅਤੇ ਰਘੁ-ਕੁਲ ਦੇ ਰਾਮ ਚੰਦਰ ਰਾਜੇ ਦੀ ਛਤਰ ਛਾਇਆ ਹੇਠ ਆਉਣ ਬਾਰੇ ਮਾਨਸਿਕ ਤੌਰ 'ਤੇ ਵਿਚਾਰ ਸ਼ੁਰੂ ਕਰ ਦੇਣ ਅਤੇ ਹੀਣਤਾ ਦਾ ਸ਼ਿਕਾਰ ਹੋ ਕੇ ਮੁੜ ਤੋਂ ਆਦਿ ਕਾਲ ਦੀ ਗੁਲਾਮ ਅਵਸਥਾ 'ਚ ਦਾਖਲ ਹੋ ਜਾਣ। ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਦ੍ਰਾਵਿੜਾਂ ਦੇ ਬਾਅਦ ਬਰਾਹਮਣ ਦੇ ਨਵੇਂ ਗ਼ੁਲਾਮ ਬਣ ਸਕਣ। ਇਹਦੇ 'ਚ ਭਾਵੇਂ ਸਿੱਖਾਂ ਦਾ ਜ਼ਿਕਰ ਨਹੀਂ ਹੈ ਪਰ ਜਦੋਂ ਇਹ ਸੰਵਿਧਾਨ ਲਿਖਿਆ ਗਿਆ ਹੋਵੇਗਾ ਸ਼ਾਇਦ ਉਸ ਵੇਲੇ ਪੰਜਾਬ 'ਚ ਸੁੰਦਰ ਸਿੰਘ ਮਜੀਠੀਆ ਨੂੰ ਸਿੱਖਾਂ ਦਾ ਵਾਹਦ ਆਗੂ ਸਥਾਪਤ ਕੀਤਾ ਜਾ ਚੁੱਕਾ ਸੀ ਅਤੇ ਉਸ ਵੇਲੇ ਸਿੱਖ ਮੱਤ ਨੂੰ ਢਾਅ ਲਾਉਣ ਲਈ ਪੰਜਾਬ ਦੀ ਧਰਤੀ 'ਤੇ ਆਰੀਆ ਸਮਾਜ ਲਹਿਰ ਨੂੰ ਪੂਰੀ ਤਰਾਂ ਉਕਸਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਦਰਬਾਰ ਸਾਹਿਬ ਸਮੇਤ ਹੋਰ ਕਈ ਗੁਰਦੁਆਰਿਆਂ 'ਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਹੋ ਚੁੱਕੀਆਂ ਸਨ। ਅਜਿਹੇ ਪ੍ਰਕਰਣਾ ਦੇ ਚਲਦਿਆਂ ਸੰਘੀ ਲੀਡਰਾਂ ਨੇ ਇਹ ਵਿਚਾਰ ਪਕਾ ਲਿਆ ਹੋਵੇਗਾ ਕਿ ਸਿੱਖ ਤਾਂ ਹੈਨ ਹੀ ਹਿੰਦੂਆਂ ਦਾ ਹਿੱਸਾ। ਇਸ ਲਈ ਮੁਢਲੇ ਦੌਰ 'ਚ ਸਿੱਖ ਸੰਘ ਦੇ ਨਿਸ਼ਾਨੇ 'ਤੇ ਨਹੀਂ ਸਨ। 

ਸੰਘ ਦੇ ਗੁਪਤ ਸੰਵਿਧਾਨ ਦੀ ਅਖੀਰਲੀ ਗੱਲ ਧਿਆਨ ਖਿੱਚਣ ਵਾਲੀ ਹੈ ਜਿਸ 'ਚ ਹਿੰਦੂਆਂ ਨੂੰ ਦੂਜੀਆਂ ਕੌਮਾਂ, ਧਰਮਾਂ ਅਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਔਰਤਾਂ ਨਾਲ ਬਲਾਤਕਾਰ ਕਰਨ ਅਤੇ ਬਗੈਰ ਵਿਆਹ ਰਚਾਇਆਂ ਸਰੀਰਕ ਸੰਬੰਧ ਸਥਾਪਤ ਕਰਨ ਦੀ ਰੁਚੀ ਨੂੰ ਪ੍ਰਬਲ ਕਰਨ 'ਤੇ ਜ਼ੋਰ ਦਿਤਾ ਗਿਆ ਹੈ। ਮੌਜੂਦਾ ਸਮੇਂ 'ਚ 4 ਵਰਣਾਂ ਅਤੇ 5 ਹਜ਼ਾਰ ਤੋਂ ਵੱਧ ਜਾਤਾਂ 'ਚ ਵੰਡੇ ਹੋਏ ਲੋਕਾਂ 'ਤੇ ਰਾਜ ਕਰਨ ਅਤੇ ਉਹਨਾਂ ਦੀ ਮਿਹਨਤ ਦੀ ਕਮਾਈ ਨੂੰ ਆਪਣੀਆਂ ਤਜੌਰੀਆਂ 'ਚ ਭਰਨ ਦਾ ਬੇਇਖਲਾਕੀ ਵਿਚਾਰਾਂ ਵਾਲਾ ਬਰਾਹਮਣਵਾਦੀ ਸਿਸਟਮ ਇਸ ਗੁਪਤ ਸੰਵਿਧਾਨ ਨੂੰ ਕਿਸ ਤਰੀਕੇ ਨਾਲ ਆਪਣੇ ਮਨੋਰਥਾਂ ਲਈ ਵਰਤਦਾ ਹੈ ਇਸ ਨੂੰ ਸਮਝਣ ਦਾ ਯਤਨ ਕਰਾਂਗੇ।

1925 'ਚ ਜਿਸ ਵੇਲੇ ਸੰਘ ਦੀ ਸਥਾਪਨਾ ਹੁੰਦੀ ਹੈ ਤਾਂ ਇਹਦੇ ਲੀਡਰਾਂ ਨੇ ਇਸ ਗੱਲ 'ਤੇ ਦੂਰ-ਅੰਦੇਸ਼ੀ ਨਾਲ ਚਰਚਾ ਕੀਤੀ ਕਿ ਹਮੇਸ਼ਾਂ ਵਿਦੇਸ਼ੀ ਧਾੜਵੀਆਂ ਅਤੇ ਹੁਕਮਰਾਨਾਂ ਨਾਲ ਮਿਲ ਕੇ ਰਾਜ ਭਾਗ ਦਾ ਆਨੰਦ ਲੈਂਦੇ ਆ ਰਹੇ ਬਰਾਹਮਣ ਨੂੰ ਆਉਣ ਵਾਲੇ ਸਮੇਂ 'ਚ ਉਹਨਾਂ ਲੋਕਾਂ ਕੋਲੋਂ ਸੱਖਤ ਟੱਕਰ ਮਿਲਣ ਵਾਲੀ ਹੈ ਜਿਹਨਾਂ ਨੂੰ ਬਰਾਹਮਣ ਨੇ ਸਰਾਪਿਆ ਹੋਇਆ ਕਰਮਾਂ ਦੇ ਫ਼ਲ ਦਾ ਭਾਗੀ ਕਹਿ ਕੇ ਗ਼ੁਲਾਮ ਬਣਾਇਆ ਹੋਇਆ ਸੀ। ਇਸ ਸੋਚ ਵਿਚਾਰ ਪਿੱਛੇ ਤੇਜ਼ੀ ਨਾਲ ਪਸਰ ਰਹੀ ਪੱਛਮੀਂ ਸਿਖਿਆ ਪ੍ਰਣਾਲੀ ਸੀ ਜਿਸ ਕਾਰਨ ਭਾਰਤ ਦੇ ਦੱਬੇ ਕੁਚਲੇ ਲੋਕ ਵੀ ਸਿਖਿਆ ਤੱਕ ਪਹੁੰਚ ਬਣਾਉਣ ਲੱਗੇ ਸਨ। ਅੰਗ੍ਰੇਜ਼ੀ ਰਾਜ ਦੌਰਾਨ ਦਲਿਤਾਂ ਵਿੱਚ ਵੀ  ਵਿਦਿਆ ਹਾਸਲ ਕਰਨ ਬਾਰੇ ਜਾਗਰੂਕ ਹੋਣ ਅਤੇ ਇਸਦੇ ਫ਼ੈਲਾਅ ਨੇ ਬਰਾਹਮਣਵਾਦੀਆਂ ਨੂੰ ਡਰਾ ਦਿਤਾ ਸੀ। ਉਹਨਾਂ ਨੂੰ ਜਾਪਣ ਲੱਗਾ ਕਿ ਦਲਿਤ ਜੇ ਸਿਖਿਆ ਹਾਸਲ ਕਰ ਗਿਆ ਤਾਂ ਵੇਦਾਂ ਅਤੇ ਪੁਰਾਣਾਂ 'ਚ ਦਰਜ ਮਨੁੱਖਤਾ ਵਿਰੋਧੀ ਅਤੇ ਵਾਪਰਕ ਮਨੋਰਥਾਂ ਵਾਲੇ ਲੁੱਟਮਾਰ ਦੇ ਅਖੌਤੀ ਧਾਰਮਿਕ ਤੌਰ ਤਰੀਕਿਆਂ ਦਾ ਸੱਚ ਜ਼ਾਹਿਰ ਹੋ ਜਾਵੇਗਾ। ਪਰ ਇਹ ਸੱਚ ਬਹੁਤੀ ਦੇਰ ਤੱਕ ਲੁਕਿਆ ਨਹੀਂ ਰਹਿ ਸਕਦਾ ਸੀ ਅਤੇ ਇਸੇ ਤਰਾਂ ਹੋਇਆ। ਗੋਪਾਲ ਬਾਬਾ ਵਾਲੰਗਕਰ ਨੇ 19ਵੀਂ ਸਦੀ ਦੇ  ਅਖੀਰ 'ਚ ਦਲਿਤ ਮੂਵਮੈਂਟ ਸ਼ੁਰੂ ਕਰ ਦਿਤੀ ਸੀ ਜਿਸ ਨੂੰ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੇ ਵੱਡਾ ਸਮਰਥਨ ਦਿਤਾ। ਇਸ ਤੋਂ ਵੀ ਕਈ ਸਾਲ ਪਹਿਲਾਂ ਹਰੀਚੰਦ ਠਾਕੁਰ ਨੇ ਬੰਗਾਲ ਤੋਂ 'ਮਟੂਆ' ਨਾਮ ਦੀ ਲਹਿਰ ਚਲਾਈ ਸੀ ਜਿਹੜੀ ਨਮਾਸੁਦਰਾ ਭਾਈਚਾਰੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੀ ਤਰਜ਼ਮਾਨੀ ਕਰਦੀ ਸੀ। ਇਸ ਦੇ ਨਾਲ ਹੀ ਜੋਤੀਰਾਓ ਫ਼ੂਲੇ ਦਾ ਕਈ ਦਲਿਤ ਲਹਿਰਾਂ ਨੂੰ ਉਭਾਰਨ 'ਚ ਵਿਸ਼ੇਸ਼ ਯੋਗਦਾਨ ਰਿਹਾ। ਇਸ ਕਿਸਮ ਦੀਆਂ ਬਰਾਹਮਣਵਾਦ ਵਿਰੋਧੀ ਅਤੇ ਆਪਣੇ ਹੱਕਾਂ ਲਈ ਲੜਨ ਵਾਲੀਆਂ ਦਲਿਤ ਲਹਿਰਾਂ ਨੇ ਬਰਾਹਮਣਵਾਦੀਆਂ ਨੂੰ ਸੰਘ ਦਾ ਗੁਪਤ ਸੰਵਿਧਾਨ ਘੜਨ ਅਤੇ ਇੱਕ ਹਿੰਦੂਵਾਦੀ ਸਟੇਟ  ਦੀ ਪਹਿਚਾਣ ਬਨਾਉਣ ਲਈ ਲਗਾਤਾਰ ਕੰਮ ਕਰਨ ਵਾਸਤੇ ਤਿਆਰ ਕੀਤਾ। ਹਾਲਾਂਕਿ ਦਲਿਤਾਂ ਦੀਆਂ ਇਹ ਲਹਿਰਾਂ ਬਹੁਤ ਜ਼ਬਰਦਸਤ ਕਹੀਆਂ ਜਾ ਸਕਦੀਆਂ ਸਨ ਅਤੇ 1920 ਦੇ ਬਾਅਦ ਵੀ ਭਾਰਤ ਦੀ ਰਾਜਨੀਤੀ 'ਤੇ ਇਹਨਾਂ ਲਹਿਰਾਂ ਦਾ ਵੱਡਾ ਅਸਰ ਪਿਆ ਪਰ ਹਿੰਦੂਵਾਦੀ ਸਟੇਟ ਦੇ ਉਭਾਰ ਲਈ ਬਣੇ ਆਰ.ਐਸ.ਐਸ. ਦੇ ਅੰਦਰੂਨੀ ਢਾਂਚੇ ਦੀ ਰੀੜ੍ਹ  ਨੇ ਸੰਸਾਰ ਦੀਆਂ ਉਹਨਾਂ ਵੱਡੀਆਂ ਤਾਕਤਾਂ ਤੋਂ ਲੁਕਵੀਂ ਮਦਦ ਹਾਸਲ ਕਰ ਲਈ ਜਿਹੜੀਆਂ ਸੰਘ ਦੀਆਂ ਘੱਟ ਗਿਣਤੀ ਕੌਮਾਂ ਨੂੰ ਨਿਗਲ ਜਾਣ ਵਾਲੀਆਂ ਨੀਤੀਆਂ ਦੀਆਂ ਧਾਰਨੀ ਸਨ। ਇਸ ਲਈ ਮਾਨਵਵਾਦੀ ਵਿਚਾਰਧਾਰਾ ਦੀ ਨਿੱਗਰਤਾ ਵਾਲੀਆਂ ਦਲਿਤ ਲਹਿਰਾਂ ਦੇ ਮੁਕਾਬਲੇ ਹਿੰਦੂਵਾਦੀ ਤਾਕਤ ਇੱਕ ਵੱਡਾ ਬੰਦੇ ਖਾਣਾ ਦਿਓ ਬਣ ਕੇ ਲਗਾਤਾਰ ਉੱਭਰਦੀ ਗਈ। ਆਪਣੀਆਂ ਇਹਨਾਂ ਨੀਤੀਆਂ ਨੂੰ ਵੱਡੇ ਪੱਧਰ 'ਤੇ ਲਾਗੂ ਕਰਨ ਲਈ ਸੰਘ ਨੂੰ ਜਨਮ ਦੇਣ ਵਾਲੀ ਮੁਢਲੀ ਲੀਡਰਸ਼ਿਪ ਨੇ ਪੰਜਾਬ 'ਚ ਬ੍ਰਹਮੋ ਸਮਾਜ ਅਤੇ ਆਰੀਆ ਸਮਾਜ ਨਾਮ ਨਾਲ ਕੁੱਝ ਲਹਿਰਾਂ ਮਹਿਜ਼ ਪਰਖ ਕਰਨ ਲਈ ਚਲਾ ਕੇ ਇਸ ਦੀ ਜ਼ਬਰਦਸਤ ਸ਼ੁਰੂਆਤ ਕਰ ਦਿਤੀ ਸੀ। 

ਪੰਜਾਬ ਦੇ ਜੱਟਾਂ ਦਾ ਪਿਛੋਕੜ ਰਾਜਪੂਤ ਕਬੀਲਿਆਂ ਨਾਲ ਜੋੜਿਆ ਜਾਣਾ ਸਹੀ ਨਹੀਂ ਹੈ। ਭਾਰਤੀ ਮੂਲਨਿਵਾਸੀਆਂ ਦੇ ਬਹੁਤੇ ਕਬੀਲੇ ਜਿਹੜੇ ਆਰੀਅਨ ਬ੍ਰਾਹਮਣਾਂ ਦੇ ਜ਼ੁਲਮ ਕਾਰਨ ਲੰਮਾਂ ਸਮਾਂ ਜੰਗਲਾਂ 'ਚ ਰਹਿਣ ਲਈ ਮਜ਼ਬੂਰ ਹੋ ਗਏ ਸਨ। ਇਸ ਦੇ ਬਾਅਦ ਮੌਰੀਆ ਸਾਮਰਾਜ ਦੇ ਕਾਲ ਸਮੇਂ ਮੁੜ ਤੋਂ ਪੰਜਾਬ ਦੇ ਮੈਦਾਨਾਂ 'ਚ ਆ ਵੱਸੇ ਅਤੇ ਇਹਨਾਂ ਕਬੀਲਿਆਂ ਨੇ ਖੇਤੀਬਾੜੀ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ। ਮੌਰੀਆ ਸਾਮਰਾਜ ਦੇ ਅੰਤ ਤੋਂ ਬਾਅਦ ਬ੍ਰਾਹਮਣੀ ਸਮਾਜ ਦਾ ਇਹਨਾਂ ਲੋਕਾਂ ਨਾਲ ਵੈਰ ਵਿਰੋਧ ਚੱਲਦਾ ਰਿਹਾ ਪਰ ਇਹ ਵੈਰ ਵਿਰੋਧ ਦ੍ਰਾਵਿੜਾਂ ਅਤੇ ਆਰੀਆਈ ਲੋਕਾਂ ਦਰਮਿਆਨ ਚੱਲੀਆਂ ਖੂਨੀ ਲੜਾਈਆਂ ਵਾਂਗ ਨਹੀਂ ਸੀ। ਲੋਧੀ ਸਾਮਰਾਜ ਦੇ ਬਾਅਦ ਮੁਗ਼ਲਾਂ ਦੇ ਹਮਲਿਆਂ ਦੌਰਾਨ ਪਿਛੋਕੜ 'ਚ ਮੂਲਨਿਵਾਸੀਆਂ ਨਾਲ ਸਬੰਧਤ ਜੱਟ ਕਬੀਲਿਆਂ ਨੂੰ ਪੰਜਾਬ ਦੇ ਦਰਿਆਈ ਇਲਾਕਿਆਂ ਦੇ ਨਾਲ ਨਾਲ ਚੰਗੀ ਤਰਾਂ ਸਥਾਪਤ ਹੋਣ ਦਾ ਮੌਕਾ ਮਿਲ ਗਿਆ। 

ਸੋ ਪੰਜਾਬ ਅਤੇ ਉੱਤਰੀ ਭਾਰਤ ਦੇ ਦਰਿਆਵਾਂ ਦੇ ਕੰਢੇ ਦੇ ਇਲਾਕਿਆਂ 'ਚ ਧੜੱਲੇ ਨਾਲ ਖੁਸ਼ਹਾਲ ਜ਼ਿੰਦਗੀ ਜਿਉਂਦੇ ਜੱਟ ਕਬੀਲਿਆਂ ਦੇ ਲੋਕ ਆਪਣੀਆਂ ਲੜਨ ਮਰਨ ਦੀਆਂ ਜੈਨੇਟਿਕ ਰੁਚੀਆਂ ਕਾਰਨ ਚਮਕੌਰ ਦੀ ਜੰਗ ਦੇ ਬਾਅਦ ਸਿੰਘ ਸਜ ਗਏ। ਗੁਰੂ ਕਾਲ ਦੌਰਾਨ ਸਿੱਖ ਇਨਕਲਾਬ ਦਾ ਜੇ ਕਿਸੇ ਨੇ ਸੱਭ ਤੋਂ ਵੱਧ ਅਸਰ ਕਬੂਲ ਕੀਤਾ ਤਾਂ ਉਹ ਜੱਟ ਕਬੀਲਿਆਂ ਨੇ ਕੀਤਾ। ਹਾਲਾਂਕਿ ਨੌਵੇਂ ਪਾਤਸ਼ਾਹ ਤੱਕ ਮੂਲਨਿਵਾਸੀਆਂ ਦੀ ਇਹ ਧਿਰ ਅੰਸ਼ਕ ਰੂਪ ਵਿਚ ਹੀ ਸਿੱਖੀ ਧਾਰਨ ਕਰਦੀ ਹੈ ਪਰ ਬੰਦਾ ਸਿੰਘ ਬਹਾਦਰ ਦੇ ਬਾਅਦ ਇਸ ਧਿਰ ਨੇ ਪੰਜਾਬ 'ਚ ਇੱਕ ਵੱਖਰਾ ਸਿੱਖ ਰਾਜ ਸਥਾਪਤ ਕਰਨ ਵੱਲ ਕਦਮ ਪੁੱਟ ਲਏ ਸਨ। ਇਸ ਲਈ ਬ੍ਰਾਹਮਣ ਵਾਸਤੇ ਇਹ ਜਰੂਰੀ ਹੋ ਗਿਆ ਕਈ ਉਹ ਮੂਲਨਿਵਾਸੀਆਂ 'ਚ ਪੈਦਾ ਹੋਏ ਜੱਟ ਕਬੀਲਿਆਂ ਨੂੰ ਦਿਮਾਗ਼ੀ ਸੂਝ ਨਾਲ ਖਤਮ ਕਰੇ ਜਾਂ ਘੱਟੋ ਘੱਟ ਉਹਨਾਂ ਨੂੰ ਆਪਸ 'ਚ ਜਾਤੀ ਅਧਾਰਤ ਝਗੜਿਆਂ 'ਚ ਉਲਝਾਈ ਰੱਖੇ।

ਪੰਜਾਬ ਦੀ ਆਜ਼ਾਦੀ ਦੇ ਸੰਬੰਧ 'ਚ ਇਥੇ ਇੱਕ ਵਿਚਾਰ ਹੋਰ ਉਪਰੋਕਤ ਵਿਚਾਰ ਦੇ ਨਾਲ ਨਾਲ ਸਫ਼ਰ ਕਰਦਾ ਹੈ। ਅੰਗ੍ਰੇਜ਼ਾਂ ਵੱਲੋਂ ਪੰਜਾਬ ਨੂੰ ਵੱਖਰਿਆਂ ਤੌਰ 'ਤੇ ਆਜ਼ਾਦ ਕਰਨ ਦੀ ਕਨਸੋਅ ਮਿਲਣ ਦੇ ਨਾਲ ਹੀ ਆਰੀਆਈ ਵਰਗ ਦੇ ਕੱਟੜ ਲੀਡਰਾਂ ਨੇ ਪੰਜਾਬ ਅਤੇ ਸਿੱਖ ਵਿਰੋਧੀ ਤਾਣਾ-ਬਾਣਾ ਬੁਣਨਾ ਸ਼ੁਰੂ ਕਰ ਦਿੱਤਾ ਸੀ। ਇਸ ਤਾਣੇ-ਬਾਣੇ ਦੀ ਪਰਖ ਲਈ ਉਹਨਾਂ ਨੇ ਬ੍ਰਹਮੋ ਸਮਾਜ ਅਤੇ ਆਰੀਆ ਸਮਾਜ ਨੂੰ ਬਾਕੀ ਭਾਰਤ 'ਚ ਪ੍ਰਚਾਰਨ ਦੀ ਬਜਾਏ ਪੰਜਾਬ ਨੂੰ ਚੁਣਿਆ। ਕਿਉਂਕਿ ਇਸ ਖਿੱਤੇ ਅੰਦਰ ਬ੍ਰਾਹਮਣੀ ਸਿਸਟਮ ਗੁਰੂ ਦੇ ਜਾਤਪਾਤ ਵਿਰੋਧੀ ਫ਼ਲਸਫ਼ੇ ਅੱਗੇ ਟਿਕਣਾ ਮੁਸ਼ਕਲ ਸੀ ਇਸ ਲਈ ਇੱਕ ਤੈਅ ਸ਼ੁਦਾ ਯੋਜਨਾ ਤਹਿਤ ਬ੍ਰਾਹਮਣੀ ਤਾਕਤ ਵੱਲੋਂ ਪੰਜਾਬ ਦੇ ਜੱਟ ਨੂੰ ਅਣਐਲਾਨੀਆ ਤੌਰ 'ਤੇ ਸਰਵੋਤਮ ਜਾਤੀ ਦੇ ਮਨੁੱਖ ਦੇ ਤੌਰ 'ਤੇ ਪ੍ਰਚਾਰਿਆ ਜਾਣਾ ਸ਼ੁਰੂ ਕੀਤਾ ਗਿਆ। ਮਨਘੜਤ ਮਨੌਤ ਰਾਹੀਂ ਕਈਆਂ ਸਦੀਆਂ ਤੋਂ ਸਮਾਜ 'ਚ ਕਥਿਤ ਰੂਪ 'ਚ ਉੱਚਾ ਰੁਤਬਾ ਹਾਸਲ ਕਰ ਚੁੱਕੇ ਬ੍ਰਾਹਮਣ ਵੱਲੋਂ ਸਰਵੋਤਮ ਕਹਿਕੇ ਵਡਿਆਇਆ ਜਾਣਾ ਜੱਟ ਜਾਤੀ ਦੇ ਲੋਕਾਂ ਨੂੰ ਹਵਾ ਦੇ ਗਿਆ। ਜਿਹੜਾ ਕਿ ਸਿੱਖ ਸਮਾਜ ਅਤੇ ਖ਼ੁਦ ਜੱਟ ਲਈ ਵੀ ਆਉਣ ਵਾਲੇ ਸਮੇਂ 'ਚ ਮਾਰੂ ਸਾਬਤ ਹੋਣ ਵਾਲਾ ਸੀ। ਇਥੋਂ ਹੀ ਸਿੱਖ ਸਮਾਜ ਅੰਦਰ ਗੁਰੂ ਦਾ ਫ਼ਲਸਫ਼ਾ ਖੁਰਨਾ ਸ਼ੁਰੂ ਹੋ ਗਿਆ ਸੀ। ਰਾਸ਼ਟਰੀ ਸੋਇਮ ਸੇਵਕ ਸੰਘ ਦਾ ਗਠਨ ਅਤੇ ਉਸ ਦੇ ਗੁਪਤ ਸੰਵਿਧਾਨ ਦਾ ਏਜੰਡਾ ਇਸ ਬਾਰੇ ਬਹੁਤ ਕੁੱਝ ਸਪੱਸ਼ਟ ਕਰ ਦਿੰਦਾ ਹੈ।

ਦੂਜੇ ਪਾਸੇ ਬਾਕੀ ਭਾਰਤ 'ਚ ਮੂਲਨਿਵਾਸੀਆਂ ਨੇ ਡਾ. ਅੰਬੇਡਕਰ ਦੀ ਅਗਵਾਈ 'ਚ ਇਨਕਲਾਬੀ ਲਹਿਰ ਦੇ ਬੀਜ ਲੈ ਦਿੱਤੇ ਅਤੇ ਬ੍ਰਾਹਮਣ ਦੀ ਜਕੜਬੰਦੀ 'ਚੋਂ ਨਿਕਲਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਇਹ ਕੋਸ਼ਿਸ਼ਾਂ ਇਸੇ ਲਈ ਸ਼ੁਰੂ ਹੋ ਸਕੀਆਂ ਕਿਉਂਕਿ ਬ੍ਰਾਹਮਣ ਦੀ ਸਾਰੀ ਤਾਕਤ ਅਤੇ ਅਜ਼ਮਾਇਸ਼ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਸੰਭਾਵੀ ਇਨਕਲਾਬ ਪੈਦਾ ਹੋਣ ਤੋਂ ਰੋਕਣ ਲਈ ਲੱਗੀ ਹੋਈ ਸੀ। ਜਿਵੇਂ ਜਿਵੇਂ ਪੜ੍ਹੇ-ਲਿਖੇ ਦਲਿਤ ਵਿਦਵਾਨਾਂ ਨੇ ਵੇਦਾਂ ਅਤੇ ਪੁਰਾਣਾਂ ਦੀ ਅਸ਼ਲੀਲਤਾ ਅਤੇ ਇਹਨਾਂ ਅੰਦਰ ਵਿਦਮਾਨ ਸਰਮਾਏਦਾਰੀ ਨੂੰ ਉਤਸ਼ਾਹਤ ਕਰਨ ਵਾਲੇ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਸ਼ੁਰੂ ਕੀਤਾ ਤਾਂ ਕੇਵਲ ਦਲਿਤ ਹੀ ਨਹੀਂ ਬਲਕਿ ਖਤਰੀ ਅਤੇ ਵੈਸ ਵਰਣਾਂ ਦੇ ਲੋਕ ਵੀ ਬਰਾਹਮਣ ਦੇ ਮਾਇਆ ਜਾਲ ਨੂੰ ਸਮਝਣ ਦਾ ਯਤਨ ਕਰਨ ਲੱਗੇ। ਇਸ ਨਾਲ ਬਰਾਹਮਣ ਨੂੰ ਆਪਣੀ ਸਾਰੀ ਤਾਕਤ ਖ਼ੁਰਦੀ ਜਾਪਣ ਲੱਗੀ। ਬਰਾਹਮਣ ਦੇ ਇਸੇ ਡਰ ਨੇ 1947 ਤੋਂ ਬਾਅਦ ਅੱਜ ਦੇ ਭਾਰਤ ਦਾ ਸਰੂਪ ਗ੍ਰਹਿਣ ਕੀਤਾ ਹੈ।

ਬਰਤਾਨਵੀ ਸਾਮਰਾਜ ਕਿਉਂਕਿ ਸਰਮਾਏਦਾਰੀ ਦੇ ਹਿਤਾਂ ਦਾ ਪਾਲਣ ਪੋਸ਼ਣ ਕਰਦਾ ਸੀ ਅਤੇ ਹਿੰਦੂ ਵੇਦ ਗ੍ਰੰਥ ਵੀ ਅੰਗ੍ਰੇਜ਼ ਨੂੰ ਅਜਿਹਾ ਕਰਨ ਦੀ ਖੁੱਲ੍ਹ ਪ੍ਰਦਾਨ ਕਰਦੇ ਸਨ ਇਸ ਲਈ ਦੋਵਾਂ ਧਿਰਾਂ ਦੀ ਅੰਦਰੂਨੀ ਮਿੱਤਰਤਾ ਹੋਣੀ ਸੁਭਾਵਿਕ ਸੀ। ਇਸ ਗੱਲ ਨੂੰ ਤੱਥਾਂ 'ਤੇ ਆਧਾਰਤ ਸਿੱਧ ਕੀਤਾ ਜਾ ਸਕਦਾ ਹੈ ਕਿ 1947 ਜਿਹੜੀਆਂ ਘਟਨਾਵਾਂ ਭਾਰਤ 'ਚ ਵਾਪਰਦੀਆਂ ਹਨ ਉਹਨਾਂ ਨੂੰ ਆਜ਼ਾਦੀ ਅਤੇ ਮੁਲਕ ਦੀ ਵੰਡ ਹੋਣ ਦਾ ਨਾਮ ਕਿਵੇਂ ਦਿਤਾ ਗਿਆ। ਇਹ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਅੰਗ੍ਰੇਜ਼ ਅਤੇ ਬਰਾਹਮਣ ਨੇ ਆਪਸੀ ਮਿਲੀਭੁਗਤ ਨਾਲ ਗ਼ੈਰ ਹਿੰਦੂ ਸਮਾਜ ਨੂੰ ਇੱਕ ਲੰਬੇ ਸਮੇਂ ਲਈ ਲੁੱਟਣ ਅਤੇ ਕੁੱਟਣ ਦਾ ਇੰਤਜ਼ਾਮ ਕਰ ਲਿਆ ਸੀ। ਗ਼ੈਰ ਹਿੰਦੂ ਅਤੇ ਗ਼ੈਰ ਬਰਾਹਮਣ ਕੌਮਾਂ ਬਰਾਹਮਣ ਨੂੰ ਨਫ਼ਰਤ ਕਰਨ ਅਤੇ ਉਸ ਦੇ ਖ਼ਿਲਾਫ਼ ਬਾਹਰਮੁਖੀ ਵਿਚਾਰਧਾਰਾ ਸਥਾਪਤ ਕਰ ਲੈਣ, ਇਹ ਗੱਲ ਭਾਰਤੀ ਸਿਸਟਮ ਨੂੰ ਸੁਖਾਂਦੀ ਤਾਂ ਹੈ ਪਰ ਸਿਰਫ ਉਪਰਲੀ ਜ਼ਿੰਦਾਬਾਦ-ਮੁਰਦਾਬਾਦ ਤੱਕ। ਬਰਾਹਮਣਵਾਦ ਵਿਰੋਧ 'ਚ ਉੱਠ ਰਹੀ ਵਿਚਾਰਧਾਰਾ ਕਿਧਰੇ ਅੰਤਰਮੁਖੀ ਹੋ ਕੇ ਜਥੇਬੰਦ ਨਾ ਹੋ ਜਾਵੇ ਇਸ ਗੱਲ ਦੀ ਦਵਾਈ ਵੀ ਸਿਸਟਮ ਨੇ ਤਿਆਰ ਕਰ ਲਈ। 5 ਹਜ਼ਾਰ ਜਾਤਾਂ ਨੂੰ ਆਪਸ 'ਚ ਇੱਕ ਦੂਜੇ ਦੇ ਵਿਰੁੱਧ ਇਸ ਤਰਾਂ ਲਾਮਬੰਦ ਕਰ ਦਿਤਾ ਗਿਆ ਕਿ ਅੱਜ ਉਹ ਰਾਖਵੇਂਕਰਣ ਦੀ ਜਿਲ੍ਹਣ ਵਿਚ ਫਸੇ ਰਹਿਣਾ ਚਾਹੁੰਦੇ ਹਨ ਜਿਹੜੀ ਉਹਨਾਂ ਨੂੰ ਬਰਾਹਮਣ ਦੇ ਸਵਰਗ ਨਰਕ ਦੇ ਕਰਮਕਾਂਡੀ ਗਣਿਤ 'ਚ ਉਲਝਾ ਕੇ ਆਜ਼ਾਦੀ ਦੇ ਮਾਰਗ ਤੋਂ ਹੋਰ ਦੂਰ ਲਿਜਾ ਰਹੀ ਹੈ।

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਇੱਕ ਅਜਿਹਾ ਨਾਮ ਹੈ ਜਿਸਨੂੰ ਦਲਿਤਾਂ ਵੱਲੋਂ ਦੇਵਤੇ ਵਾਂਗ ਪੂਜਿਆ ਜਾਂਦਾ ਹੈ। ਪਰ ਜਦੋਂ ਅੰਗ੍ਰੇਜ਼ੀ ਰਾਜ ਦੇ ਭਾਰਤ 'ਚ ਦਲਿਤ ਲਹਿਰ ਦੇ ਜ਼ੋਰ ਸਮੇਂ ਹੁਕਮਰਾਨ ਨੇ ਦਲਿਤਾਂ ਲਈ ਡਿਪਰੈੱਸਡ ਕਲਾਸਿਸ ਦੀ ਥਾਂ 'ਤੇ ਸ਼ਿਡਿਊਲ ਕਾਸਟਸ ਸ਼ਬਦ ਨੋਟੀਫ਼ਾਈ ਕੀਤਾ ਅਤੇ ਕਾਨੂੰਨ ਮੁਤਾਬਕ ਦਲਿਤਾਂ ਨੂੰ ਅੰਸੈਂਬਲੀ ਵਾਸਤੇ ਸੀਟਾਂ ਰਾਖਵੀਂਆਂ ਕਰ ਦਿਤੀਆਂ ਤਾਂ ਬਰਾਹਮਣਵਾਦੀ ਤਾਕਤਾਂ ਦੀ ਛਾਤੀ 'ਤੇ ਸੱਪ ਲੇਟਣਾ ਸੁਭਾਵਿਕ ਸੀ। ਇਸ ਤਰਾਂ ਭਾਰਤੀ ਅਸੈਂਬਲੀਆਂ 'ਚ ਦਲਿਤਾਂ ਦੀ ਚੜ੍ਹਤ ਹੋ ਜਾਣੀ ਸੀ। ਨਹਿਰੂ ਅਤੇ ਹੋਰਨਾਂ ਲੀਡਰਾਂ ਨੇ ਡਾ. ਅੰਬੇਦਕਰ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਤਾਂ ਕਿ ਉਹ ਅਸੈਂਬਲੀ 'ਚ ਦਲਿਤਾਂ ਵਾਸਤੇ ਰਾਖਵੀਂਆਂ ਸੀਟਾਂ ਦੀ ਮੰਗ ਛੱਡ ਦੇਣ ਪਰ ਉਹ ਆਪਣੇ ਨਿਸ਼ਚੇ 'ਤੇ ਡਟੇ ਰਹੇ ਸਨ। ਆਖਿਰ ਕਈ ਦਿਨਾਂ ਦੀ ਗੱਲਬਾਤ ਅਤੇ ਸਾਲਸੀ ਦੇ ਬਾਅਦ ਅੰਗ੍ਰੇਜ਼ ਵੱਲੋਂ ਪ੍ਰਾਜੈਕਟ ਕੀਤਾ ਹੋਇਆ ਕਰਮਚੰਦ ਗਾਂਧੀ ਡਾ. ਅੰਬੇਦਕਰ ਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਦਲਿਤ ਲਹਿਰ ਦੇ ਜੜ੍ਹੀਂ ਤੇਲ ਦੇਣ 'ਚ ਕਾਮਯਾਬ ਹੋ ਗਿਆ। ਮੰਨਿਆ ਜਾਂਦਾ ਹੈ ਕਿ ਜੇ ਡਾ. ਅੰਬੇਦਕਰ ਕਿਧਰੇ ਗਾਂਧੀ ਦੀਆਂ ਗੱਲਾਂ 'ਚ ਨਾਂ ਆਉਂਦੇ ਤਾਂ ਅੱਜ ਭਾਰਤ ਦੀ ਤਸਵੀਰ ਕੁੱਝ ਹੋਰ ਤਰਾਂ ਦੀ ਹੋਣੀ ਸੀ।

ਪੰਜਾਬ ਦੇ ਲੋਕ ਦੱਖਣੀ ਏਸ਼ੀਆ ਖਿੱਤੇ ਦੀ ਰਾਜਨੀਤੀ ਨੂੰ ਹਮੇਸ਼ਾਂ ਤੋਂ ਅਸਰਅੰਦਾਜ਼ ਕਰਦੇ ਆਏ ਹਨ। ਇਹ ਗੱਲ ਸਿਸਟਮ ਅਤੇ ਭਾਰਤੀ ਨੀਤੀਘਾੜਿਆਂ ਨੂੰ ਪਤਾ ਹੈ ਅਤੇ ਸੰਘ ਦੇ ਲੀਡਰਾਂ ਨੂੰ ਵੀ। ਇਸ ਲਈ ਸੰਘੀ ਲੀਡਰਾਂ ਨੇ ਪੰਜਾਬ ਨੂੰ ਪ੍ਰਯੋਗਸ਼ਾਲਾ ਵੱਜੋਂ ਵਰਤਿਆ। ਇਹ ਗੱਲ ਪਹਿਲਾਂ ਹੀ ਨਿਰਧਾਰਤ ਸੀ ਕਿ ਦਲਿਤ ਲਹਿਰ ਦੀ ਅੰਗੜਾਈ ਕਾਰਨ ਸਿੱਧੇ ਤੌਰ 'ਤੇ ਹਿੰਦੂ ਸਟੇਟ ਦਾ ਐਲਾਨ ਮਹਿੰਗਾ ਪੈ ਸਕਦਾ ਹੈ। ਇਸ ਦੇ ਨਾਲ ਹੀ ਜੇ ਧਰਮ ਅਧਾਰਤ ਸਟੇਟ ਪਾਕਿਸਤਾਨ ਬਣਨ ਦੀ ਕੰਨਸੋਅ ਦੇ ਚੱਲਦਿਆਂ ਹਿੰਦੂਸਤਾਨ ਭਾਵ ਹਿੰਦੂ ਸਟੇਟ ਦਾ ਨਾਅਰਾ ਦਿਤਾ ਗਿਆ ਤਾਂ ਸਿੱਖ ਮਜ਼ਬੂਤ ਖ਼ਾਲਿਸਤਾਨ ਲਈ ਲੜਾਈ ਨੂੰ ਤਿੱਖਿਆਂ ਕਰ ਸਕਦੇ ਹਨ ਸੋ ਇਸ ਵੱਡੇ ਖ਼ਦਸ਼ੇ ਦੇ ਮੱਦੇਨਜ਼ਰ ਸਮਾਂਬੱਧ ਯੋਜਨਾਬੰਦੀ ਕੀਤੀ ਗਈ। ਜਿਸ ਦੇ ਤਹਿਤ ਬਰਾਹਮਣਵਾਦੀ ਸੋਚ ਵਾਲੇ ਉਹਨਾਂ ਲੀਡਰਾਂ ਹੱਥ ਰਾਜ ਦੀ ਵਾਗਡੋਰ ਦੇਣ ਦਾ ਫ਼ੈਸਲਾ ਕੀਤਾ ਗਿਆ ਜਿਹੜੇ ਸੰਘ ਨੂੰ ਅੰਦਰੂਨੀ ਤੌਰ 'ਤੇ ਸਰਕਾਰੀ ਮਦਦ ਰਾਹੀਂ ਮਜ਼ਬੂਤ ਕਰਨ ਅਤੇ ਇੱਕ ਅਜਿਹੇ ਹਿੰਦੂ ਸਟੇਟ ਲਈ ਰਾਹ ਪੱਧਰਾ ਕਰਨ ਜਿਥੇ ਸਿਰਫ਼ ਅਤੇ ਸਿਰਫ਼ ਬਰਾਹਮਣਵਾਦੀ ਵਪਾਰਕ ਸੋਚ ਵਾਲਾ ਸਿਸਟਮ ਵਧ ਫ਼ੁੱਲ ਸਕੇ ਅਤੇ ਬਾਕੀ ਦੀਆਂ ਕੌਮਾਂ ਅਤੇ ਭਾਈਚਾਰੇ ਉਸ ਨੂੰ ਖ਼ੁਰਾਕ ਉਪਲਬਧ ਕਰਾਉਣ। ਇਹਨਾਂ ਲੀਡਰਾਂ ਦਾ ਬਾਹਰੀ ਕਿਰਦਾਰ ਲੋਕਰਾਜੀ ਅਤੇ ਧਰਮ ਨਿਰਪੱਖ ਰੱਖਿਆ ਗਿਆ ਤਾਂ ਕਿ ਕੌਮਾਂਤਰੀ ਪੱਧਰ 'ਤੇ ਅਤੇ ਭਾਰਤ 'ਚ ਵੱਸਦੀਆਂ ਵੱਖ ਵੱਖ ਕੌਮਾਂ ਅਤੇ ਨਸਲਾਂ ਦੇ ਲੋਕਾਂ ਨੂੰ ਇਹਦੀ ਸੂਹ ਨਾ ਲੱਗੇ। ਜਵਾਹਰ ਲਾਲ ਨਹਿਰੂ ਅਤੇ ਵੱਲਭ ਪਟੇਲ ਜਿਹੇ ਹਿੰਦੂਵਾਦੀ ਚਿਹਰਿਆਂ ਦਾ ਗੁਪਤ ਤੌਰ 'ਤੇ ਸੰਘ ਦੇ ਮੈਂਬਰ ਹੋਣਾ ਬਹੁਤ ਸਮਾਂ ਬਾਅਦ 'ਚ ਜਾ ਕੇ ਪਤਾ ਚੱਲਦਾ ਹੈ।  

ਭਾਰਤ ਨੂੰ ਸੰਪੂਰਨ ਤੌਰ 'ਤੇ ਹਿੰਦੂ ਸਾਮਰਾਜ 'ਚ ਤਬਦੀਲ ਕਰਨ ਦੇ ਵਰਤਾਰੇ ਨੂੰ ਅੰਜਾਮ ਦੇਣ ਲਈ ਪਹਿਲਾਂ ਸਿੱਖਾਂ ਨੂੰ ਉਹਨਾਂ ਦੇ ਪਹਿਲੇ ਅਧਿਆਤਮਕ ਸਕੂਲ ਨਨਕਾਣੇ ਅਤੇ ਰਾਜਨੀਤਕ ਘਰ ਲਾਹੌਰ ਤੋਂ 1947 'ਚ ਸਦਾ ਸਦਾ ਲਈ ਖਦੇੜ (ਨਿਖੇੜ) ਦਿਤਾ ਗਿਆ। ਜੇ ਇਹ ਉਜਾੜਾ ਮਹਿਜ਼ ਆਪਣੀ ਜ਼ਮੀਨੀ ਮਲਕੀਅਤ ਛੱਡਣ ਦਾ ਹੁੰਦਾ ਤਾਂ ਸਿੱਖਾਂ ਨੂੰ ਇਹ ਜਲਦੀ ਸਮਝ ਆ ਜਾਣਾ ਸੀ, ਇਸ ਲਈ ਸਿਰਫ਼ 15 ਦਿਨਾਂ ਅੰਦਰ ਲੱਖਾਂ ਸਿੱਖਾਂ ਦਾ ਕਤਲ ਕਰਾਇਆ ਗਿਆ ਅਤੇ ਲੱਖਾਂ ਹੀ ਬੀਬੀਆਂ ਨਾਲ ਬਲਾਤਕਾਰ ਹੋਏ। ਇਹ ਵੱਡੇ ਜ਼ਖ਼ਮ ਸਨ ਜਿਹਨਾਂ ਕਾਰਨ ਸਿੱਖ ਨੇ ਬਰਾਹਮਣ ਦੀ ਅਸਲ ਮਨਸੂਬੇਬੰਦੀ ਨੂੰ ਸਮਝਣ ਵਿੱਚ ਦੇਰ ਲਾਈ। ਕਰੀਬ ਪੌਣੀ ਸਦੀ ਤੱਕ ਸਿੱਖ ਆਪਣੇ ਜ਼ਖ਼ਮਾਂ 'ਤੇ ਮਲ੍ਹਮ ਲੱਗਣ ਦੀ ਆਸ ਲੈ ਕੇ ਜਿਊਂਦਾ ਰਿਹਾ। ਸਿੱਖ ਦੀ ਇਸੇ ਆਸ ਨੂੰ ਜਦੋਂ ਨਿਰਾਸ਼ਾ ਮਿਲਣ ਲੱਗਦੀ ਤਾਂ ਬਰਾਹਮਣ ਨੂੰ ਸਿੱਖ ਦੇ ਜਾਗਣ ਦਾ ਡਰ ਫਿਰ ਸਤਾਉਂਣ ਲੱਗਦਾ। ਹਿੰਦੂ ਸਟੇਟ ਲਈ ਰਾਹ ਪੱਧਰਾ ਕਰਨ ਦੇ ਰਾਹ ਤੁਰੇ ਗਾਂਧੀ ਨਹਿਰੂ ਪਰਿਵਾਰ ਆਪਣੇ ਸਿਰਜੇ ਹੋਏ ਸਿਸਟਮ ਨੂੰ ਪਾਲ ਰਹੇ ਸਨ। ਪੰਜਾਬੀ ਸੂਬਾ ਇਸੇ ਦੀ ਵਿਹੁ ਰਚਨਾ ਸੀ। ਬਾਅਦ 'ਚ ਨਕਸਲਬਾੜੀ ਲਹਿਰ ਦਾ ਫ਼ਰਜ਼ੀ ਉਭਾਰ ਕਰਕੇ ਇਹ ਪਰਖਿਆ ਗਿਆ ਕਿ ਜੇ ਪੰਜਾਬ ਦਾ ਸਿੱਖ ਹਥਿਆਰਬੰਦ ਲਹਿਰ ਦੀ ਬੁੱਕਲ਼ 'ਚ ਆਉਂਦਾ ਹੈ ਤਾਂ ਸੰਭਾਵੀ ਨਤੀਜੇ ਕੀ ਹੋ ਸਕਦੇ ਹਨ। ਜੂਨ 1984 ਦਾ ਖੂਨ ਨਾਲ ਰੰਗਿਆ ਪੂਰਾ ਸਾਲ ਇਸ ਗੱਲ ਦੀ ਗਵਾਹੀ ਹੈ। 

ਨਰਸਿਮਹਾ ਰਾਓ ਦੇ ਪ੍ਰਧਾਨ ਮੰਤਰੀ ਹੁੰਦਿਆਂ 6 ਦਸੰਬਰ ਨੂੰ ਬਾਬਰੀ ਮਸਜਿਦ ਢਾਹੀ ਗਈ ਤਾਂ ਇਹ ਗੱਲ ਤੈਅ ਹੋ ਗਈ ਸੀ ਕਿ ਕਾਂਗਰਸ ਦੇ ਨਾਮ 'ਤੇ ਕੰਮ ਕਰ ਰਿਹਾ ਲੋਕਰਾਜੀ ਚਿਹਰੇ ਵਾਲਾ ਬਰਾਹਮਣ ਆਪਣਾ ਕੰਮ ਮੁਕੰਮਲ ਕਰਕੇ ਹੁਣ ਦ੍ਰਿਸ਼ ਤੋਂ ਲਾਂਭੇ ਹੋਣ ਵਾਲਾ ਹੈ ਅਤੇ ਇਸ ਨੇ ਹਿੰਦੂ ਸਟੇਟ ਲਈ ਸੰਘ ਦੇ ਰਾਜ ਕਰਨ ਵਾਸਤੇ ਜ਼ਮੀਨ ਤਿਆਰ ਕਰ ਦਿਤੀ ਹੈ। ਨਵੇਂ ਹਿੰਦੂ ਨਿਜ਼ਾਮ ਨੇ ਲਗਭਗ 1999 ਤੱਕ ਭਾਰਤ ਦੀ ਸੱਤਾ ਪੂਰੀ ਤਰਾਂ ਸੰਭਾਲ ਲਈ ਸੀ ਅਤੇ ਦਲਿਤਾਂ ਅਤੇ ਸਿੱਖਾਂ ਲਈ ਵੱਖਰੇ ਵੱਖਰੇ ਦ੍ਰਿਸ਼ਟੀਕੋਣਾਂ ਤੋਂ ਕੰਮ ਸ਼ੁਰੂ ਕਰ ਦਿਤਾ ਸੀ। ਕਸ਼ਮੀਰ ਨੂੰ ਛੱਡ ਕੇ ਇਸ ਨਵੇਂ ਨਿਜ਼ਾਮ ਲਈ ਭਾਰਤ 'ਚ ਮੁਸਲਮਾਨ ਕੋਈ ਵੱਡਾ ਖ਼ਤਰਾ ਨਹੀਂ ਸਨ। ਯੂਪੀ, ਬਿਹਾਰ ਅਤੇ ਬਾਕੀ ਸਟੇਟਾਂ ਦੇ ਮੁਸਲਮਾਨਾਂ 'ਚ ਬਾਗ਼ੀ ਰੁਚੀਆਂ ਘੱਟ ਪਾਈਆਂ ਜਾਂਦੀਆਂ ਹਨ। ਕਾਰਨ ਇਹ ਕਿ ਉਹਨਾਂ ਦਾ ਔਰੰਗਜ਼ੇਬ ਦੇ ਸਮੇਂ ਹੀ ਦਹਿਸ਼ਤ ਕਾਰਨ ਧਰਮ ਪਰਿਵਰਤਨ ਕਰਨਾ ਸੀ। ਸੰਘ ਦੇ ਰਣਨੀਤੀਕਾਰਾਂ ਮੁਤਾਬਿਕ ਇਹ ਲੋਕ ਹਿੰਦੂ ਸਾਮਰਾਜ ਦੇ ਉਭਾਰ ਨਾਲ ਮੁੜ ਤੋਂ 'ਰਾਮ ਚੰਦਰ ਕੀ ਜੈ' ਕਰਨ ਲੱਗ ਪੈਣਗੇ ਅਤੇ ਇਹਨਾਂ 'ਤੇ ਸਿਰਫ ਦਹਿਸ਼ਤ ਨੂੰ ਲਗਾਤਾਰ ਬਰਕਰਾਰ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਸੋ ਬਰਾਹਮਣ ਲਈ ਪਹਿਲੇ ਨੰਬਰ 'ਤੇ ਦਲਿਤ, ਕਸ਼ਮੀਰ ਅਤੇ ਫ਼ਿਰ ਸਿੱਖ ਲਗਾਤਾਰ ਵੱਡੀ ਚਿੰਤਾ ਬਣੇ ਰਹੇ ਹਨ।

ਜਿਥੇ ਭਗਤ ਰਵਿਦਾਸ ਅਤੇ ਭਗਤ ਕਬੀਰ ਨੇ ਬਰਾਹਮਣਵਾਦ ਖ਼ਿਲਾਫ਼ ਆਪਣੀ ਲੜਾਈ ਨੂੰ ਪਹੁੰਚਾਇਆ ਸੀ ਗੋਪਾਲ ਬਾਬਾ ਵਾਲੰਗਕਰ, ਹਰੀਚੰਦ ਠਾਕੁਰ ਅਤੇ ਜੋਤੀਰਾਓ ਫ਼ੂਲੇ ਵਰਗਿਆਂ ਨੇ ਉਸੇ ਰਾਹ 'ਤੇ ਚੱਲਦਿਆਂ ਸੰਘਰਸ਼ ਨੂੰ ਅੱਗੇ ਵਧਾਇਆ। ਇਹਨਾਂ ਦਲਿਤ ਯੋਧਿਆਂ ਦਾ ਬੈਟਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਫ਼ੜਿਆ ਅਤੇ ਲੜਾਈ ਨੂੰ ਤਕਰੀਬਨ ਜਿੱਤ ਦੇ ਐਨ ਨੇੜੇ ਲੈ ਆਂਦਾ। ਪਰ ਅਫ਼ਸੋਸ ਹੁੰਦਾ ਹੈ ਕਿ 1947 'ਚ ਨਹਿਰੂ ਅਤੇ ਗਾਂਧੀ ਦੀਆਂ ਕੁਟਲਨੀਤੀਆਂ ਕਾਰਨ ਦਲਿਤਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਹਮੇਸ਼ਾਂ ਲਈ ਰਾਖਵੇਂਕਰਨ ਦੇ ਚੱਕਰਾਂ ਦਾ ਹਿੱਸਾ ਬਣ ਗਏ। ਅੰਬੇਦਕਰ ਦੇ ਅਕਾਲ ਚਲਾਣੇ ਨਾਲ ਦਲਿਤ ਲਹਿਰ ਇੱਕ ਵਾਰ ਖਤਮ ਹੋਣ ਦੇ ਕੰਢੇ ਪਹੁੰਚ ਗਈ ਤਾਂ ਬਿਲਕੁਲ ਇਸੇ ਵੇਲੇ ਬਾਬੂ ਕਾਂਸੀ ਰਾਮ ਨੇ ਬੈਟਨ ਫੜ ਕੇ ਦੌੜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਕਾਂਸੀ ਰਾਮ ਦੀ ਇਸ ਲੜਾਈ ਦਾ ਇੱਕੋ ਇੱਕ ਟੀਚਾ ਬਰਾਹਮਣ ਨੂੰ ਕਰਾਰੀ ਤਰਾਂ ਹਰਾ ਕੇ ਭਾਰਤ ਦੇ ਸਿੰਘਾਸਨ 'ਤੇ ਕਬਜ਼ਾ ਕਰਨਾ ਸੀ। ਇਥੇ ਬਹੁਜਨ ਸਮਾਜ ਪਾਰਟੀ ਅਤੇ ਬਾਮਸੇਫ਼ ਦੇ ਲੀਡਰਾਂ ਦਰਮਿਆਨ ਤਾਲਮੇਲ ਦੀ ਘਾਟ ਕਾਰਨ ਸੰਘ ਨੇ ਮਾਇਆਵਤੀ ਦੇ ਅੱਗੇ ਆਉਣ 'ਤੇ ਸੁੱਖ ਦਾ ਸਾਹ ਲਿਆ। ਸੋ ਬਾਬੂ ਕਾਂਸੀਰਾਮ ਦੀ ਮੌਤ ਨਾਲ ਡੀਐਸ4, ਬਾਮਸੇਫ਼ ਅਤੇ ਬਹੁਜਨ ਸਮਾਜ ਪਾਰਟੀ ਦਾ ਇੱਕ ਤਰਾਂ ਨਾਲ ਭੋਗ ਪੈ ਗਿਆ।

ਦੂਜੇ ਪਾਸੇ ਪੰਜਾਬ 'ਚ ਵੀ ਸਿੱਖ ਲੀਡਰਸ਼ਿਪ ਦਾ ਸਰਮਾਏਦਾਰੀ ਨਿਜ਼ਾਮ ਨਾਲ ਮਿਲ ਕੇ ਚੱਲਣਾ ਕੋਈ ਬਹੁਤੀ ਵੱਡੀ ਮਜ਼ਬੂਰੀ ਨਹੀਂ ਸੀ ਪਰ ਬਾਦਲ ਦਲ ਦੇ ਲੀਡਰ ਪ੍ਰਕਾਸ਼ ਸਿੰਘ ਬਾਦਲ ਅਤੇ ਉਸੇ ਦੇ ਪਰਿਵਾਰ ਨਾਲ ਸਬੰਧਤ ਕੁੱਝ ਬੰਦਿਆਂ ਨੇ ਸਿੱਖ ਮੱਤ ਨੂੰ ਖਤਮ ਕਰਨ ਲਈ ਬਰਾਹਮਣ ਨਾਲ ਘਿਓ ਖਿਚੜੀ ਹੋ ਕੇ ਕੰਮ ਕੀਤਾ। ਜੇ ਮਾਇਆਵਤੀ ਨੇ ਅੰਬੇਦਕਰ ਅਤੇ ਕਾਂਸੀ ਰਾਮ ਦੇ ਪਾਏ ਕਦਮ ਚਿਨ੍ਹਾਂ ਨੂੰ ਤਿਲਾਂਜਲੀ ਦਿੱਤੀ ਤਾਂ ਬਾਦਲਾਂ ਨੇ ਗੁਰੂ ਦੇ ਦੱਸੇ ਮਾਰਗ ਦਾ ਪੱਲਾ ਛੱਡ ਕੇ ਬਰਾਹਮਣ ਦੀ ਬੁੱਕਲ਼ 'ਚ ਬੈਠਣ ਨੂੰ ਤਰਜੀਹ ਦਿੱਤੀ। ਬਰਾਹਮਣੀ ਸਰਮਾਏਦਾਰੀ ਦੇ 20ਵੀਂ ਅਤੇ 21ਵੀਂ ਸਦੀ ਦੇ ਇਹ ਦੋ ਵੱਡੇ ਮਾਅਰਕੇ ਕਹੇ ਜਾ ਸਕਦੇ ਹਨ ਕਿ ਉਸ ਨੇ ਸੰਘਰਸ਼ਸ਼ੀਲ ਦੋ ਵੱਡੀਆਂ ਕੌਮਾਂ ਨੂੰ ਉਸਦੇ ਲੀਡਰਾਂ ਹੱਥੋਂ ਹੀ ਜ਼ਲੀਲ ਕਰਵਾ ਕੇ ਇੱਕ ਸਰਵਪੱਖੀ ਭਾਰਤ ਦੀ ਸਥਾਪਤੀ ਅਤੇ ਪੰਜਾਬ ਦੀ ਆਜ਼ਾਦੀ ਦੀਆਂ ਸੰਭਾਵਨਾਂਵਾਂ ਨੂੰ ਕਈ ਦਹਾਕਿਆਂ ਲਈ ਅੱਗੇ ਪਾ ਦਿਤਾ। ਜੇ ਦੁਨੀਆ ਭਰ 'ਚ ਵੱਸਦੇ ਸਿੱਖ ਬਾਦਲਾਂ ਜਿਹੇ ਨਵੇਂ ਮਹੰਤਾਂ ਨੂੰ ਗੁਰਦੁਆਰਾ ਪ੍ਰਬੰਧ 'ਚੋਂ ਕੱਢਣ, ਸਿੱਖ ਵਿਚਾਰਧਾਰਾ ਦੇ ਵਿਰੋਧੀ ਬਣੇ ਅਖੌਤੀ ਸੰਤ ਸਮਾਜ ਨਾਲ ਲੜਨ, ਆਪਣੀ ਔਲਾਦ ਨੂੰ ਉੱਚ ਪੱਧਰ ਦੀ ਸਿਖਿਆ ਮੁਹਈਆ ਕਰਾਉਣ, ਜੱਟ ਕਲਚਰ ਦੀ ਸਿੱਖ ਕਲਚਰ 'ਚ ਘੁੱਸਪੈਠ ਰੋਕਣ ਅਤੇ ਗੁਰੂ ਨੂੰ ਤਸਵੀਰ ਰੂਪੀ ਮੂਰਤੀ ਦੇ ਰੂਪ 'ਚ ਪੂਜਣ ਤੋਂ ਕਿਨਾਰਾ ਕਰਨ ਅਤੇ ਪੰਜਾਬ ਦੇ ਪਾਣੀਆਂ ਤੇ ਭਾਸ਼ਾ ਲਈ ਸੰਘਰਸ਼ ਕਰ ਰਿਹਾ ਹੈ ਤਾਂ ਦੂਜੇ ਪਾਸੇ ਭਾਰਤ ਦਾ ਦਲਿਤ ਇਸ ਵੇਲੇ ਆਪਣੇ ਆਪ ਨੂੰ ਗੁਲਾਮੀ ਦੇ ਸੰਗਲਾਂ ਤੋਂ ਆਜ਼ਾਦ ਕਰਾਉਣ ਲਈ ਆਪਣੇ ਲੀਡਰਾਂ ਵੱਲ ਦੇਖ ਰਿਹਾ ਹੈ। ਦਲਿਤ ਅਤੇ ਮੂਲਨਿਵਾਸੀਆਂ ਦੇ ਇੱਕ ਵਰਗ ਨੂੰ ਇਹ ਵੀ ਚੰਗੀ ਤਰਾਂ ਪਤਾ ਹੈ ਕਿ ਉਹਨਾਂ ਦੀ ਵੱਡੀ ਗਿਣਤੀ ਗਊ ਦੇ ਜਾਏ ਬਣਨ ਲਈ ਉਤਸੁੱਕ ਜਾਪ ਰਹੀ ਹੈ।ਭਾਵੇਂ ਇੱਹ ਸਭ ਕੁਝ ਹਿੰਦੂਵਾਦ ਦੀ ਦਹਿਸ਼ਤ ਅਤੇ ਡਰ ਕਾਰਨ ਹੈ ਪਰ ਇਸ ਦੇ ਨਤੀਜੇ ਚਿਰ ਸਥਾਈ ਵੀ ਹੋ ਸਕਦੇ ਹਨ। ਦੋਵਾਂ ਕੌਮਾਂ ਦੀ ਨਿਕੰਮੀ ਅਤੇ ਵਿਕਾਊ ਕਿਸਮ ਦੀ ਲੀਡਰਸ਼ਿਪ ਇਸ ਹੋਣੀ ਲਈ ਪੂਰੀ ਤਰਾਂ ਜ਼ਿੰਮੇਵਾਰ ਹੈ। ਪਰ ਇਸ ਸਾਰੇ ਵਰਤਾਰੇ ਦੇ ਬਾਵਜੂਦ ਇਹਨਾਂ ਦੋਵਾਂ ਕੌਮਾਂ ਦੇ ਭਵਿੱਖ ਦਾ ਸੂਰਜ ਹਾਲੇ ਅਸਤ ਨਹੀਂ ਹੋਇਆ। ਅਗਰ ਸੰਘਰਸ਼ ਕਰ ਰਹੇ ਲੋਕ ਅੱਗੇ ਹੋ ਕੇ ਦੋਵਾਂ ਕੌਮਾਂ ਦੇ ਲੀਡਰਾਂ ਨੂੰ ਲਾਂਭੇ ਕਰ ਦੇਣਗੇ ਤਾਂ ਅਗਲੇ ਦਹਾਕਿਆਂ 'ਚ ਭਾਰਤ ਅਤੇ ਪੰਜਾਬ ਦੀ ਤਸਵੀਰ ਬਦਲ ਸਕਦੀ ਹੈ ਵਰਨਾ ਬ੍ਰਾਹਮਣਵਾਦੀ ਸਿਸਟਮ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਨਪੀੜਦਾ ਰਹੇਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।