ਮਾਪਿਆਂ ਨੇ ਸਵਾਮੀ ਨਿਤਿਆਨੰਦ ਦੇ ਆਸ਼ਰਮ ਦੀ ਸੰਸਥਾ 'ਚ ਬੱਚੀਆਂ ਨੂੰ ਬੰਦੀ ਬਣਾ ਕੇ ਰੱਖਣ ਦਾ ਦੋਸ਼ ਲਾਇਆ

ਮਾਪਿਆਂ ਨੇ ਸਵਾਮੀ ਨਿਤਿਆਨੰਦ ਦੇ ਆਸ਼ਰਮ ਦੀ ਸੰਸਥਾ 'ਚ ਬੱਚੀਆਂ ਨੂੰ ਬੰਦੀ ਬਣਾ ਕੇ ਰੱਖਣ ਦਾ ਦੋਸ਼ ਲਾਇਆ
ਨਿਤਿਆਨੰਦ

ਨਵੀਂ ਦਿੱਲੀ: ਗੁਜਰਾਤ ਹਾਈ ਕੋਰਟ ਵਿੱਚ ਪਹੁੰਚ ਕਰਕੇ ਇੱਕ ਮਾਂ-ਪਿਓ ਨੇ ਸਵਾਮੀ ਨਿਤਿਆਨੰਦ ਦੀ ਸੰਸਥਾ ਵੱਲੋਂ ਬੰਦੀ ਬਣਾਈਆਂ ਗਈਆਂ ਉਹਨਾਂ ਦੀਆਂ ਦੋ ਬੱਚੀਆਂ ਨੂੰ ਛਡਵਾਉਣ ਦੀ ਗੁਹਾਰ ਲਾਈ ਹੈ। 

ਅਪੀਲਕਰਤਾ ਜਨਾਰਦਨ ਸ਼ਰਮਾ ਅਤੇ ਉਹਨਾਂ ਦੀ ਪਤਨੀ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੇ ਆਪਣੀਆਂ ਚਾਰ ਬੱਚੀਆਂ ਨੂੰ ਨਿਤਿਆਨੰਦ ਦੇ ਆਸ਼ਰਮ ਦੇ ਪ੍ਰਬੰਧ ਅਧੀਨ ਬੇਂਗਲੁਰੂ ਵਿੱਚ ਚਲਦੀ ਵਿਦਿਅਕ ਸੰਸਥਾ 'ਚ 2013 ਵਿੱਚ ਦਾਖਲ ਕਰਵਾਇਆ ਸੀ। 

ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਸਾਲ ਉਹਨਾਂ ਦੀਆਂ ਬੱਚੀਆਂ ਨੂੰ ਨਿਤਿਆਨੰਦ ਧਿਆਨਪੀਠ ਸੰਸਥਾ ਦੀ ਅਹਿਮਦਾਬਾਦ ਦੇ ਦਿੱਲੀ ਪਬਲਿਕ ਸਕੂਲ ਵਿੱਚ ਸਥਿਤ ਯੋਗਿਨੀ ਸਰਵੱਗਿਆਪੀਠਮ ਇਕਾਈ 'ਚ ਤਬਦੀਲ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਆਪਣੀਆਂ ਬੱਚੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ।

ਮਾਂ-ਪਿਓ ਦਾ ਕਹਿਣਾ ਹੈ ਕਿ ਸੰਸਥਾ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਬੱਚੀਆਂ ਨਾਲ ਮਿਲਣ ਦੀ ਪ੍ਰਵਾਨਗੀ ਨਹੀਂ ਦਿੱਤੀ। ਇਸ ਮਗਰੋਂ ਪੁਲਿਸ ਦੀ ਮਦਦ ਨਾਲ ਜਦੋਂ ਉਹ ਸੰਸਥਾ ਵਿੱਚ ਗਏ ਤਾਂ ਉਹ ਆਪਣੀਆਂ ਦੋ ਛੋਟੀਆਂ ਬੱਚੀਆਂ ਨੂੰ ਵਾਪਿਸ ਲੈ ਆਏ ਪਰ ਉਹਨਾਂ ਦੀਆਂ ਦੋ ਵੱਡੀਆਂ ਬੱਚੀਆਂ ਲੋਪਾਮੁਦਰਾ ਜਨਾਰਦਨ ਸ਼ਰਮਾ (21) ਅਤੇ ਨੰਦਿਤਾ (18) ਨੇ ਉਹਨਾਂ ਨਾਲ ਆਉਣ ਤੋਂ ਨਾਹ ਕਰ ਦਿੱਤੀ। 

ਉਹਨਾਂ ਦਾ ਕਹਿਣਾ ਹੈ ਕਿ ਸੰਸਥਾ ਨੇ ਉਹਨਾਂ ਦੀਆਂ ਦੋਵਾਂ ਛੋਟੀਆਂ ਬੱਚੀਆਂ ਨੂੰ 2 ਹਫਤੇ ਤੋਂ ਵੱਧ ਸਮਾਂ ਬੰਦੀ ਬਣਾ ਕੇ ਰੱਖਿਆ ਤੇ ਉਹਨਾਂ ਨੂੰ ਸੌਣ ਨਹੀਂ ਦਿੱਤਾ ਜਾਂਦਾ ਸੀ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਸੰਸਥਾ ਦੇ ਪ੍ਰਬੰਧਕਾਂ ਖਿਲਾਫ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਮਾਂ-ਪਿਓ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਸੰਸਥਾ ਦੇ ਪ੍ਰਬੰਧਕਾਂ ਨੂੰ ਹੁਕਮ ਕਰਕੇ ਉਹਨਾਂ ਦੀਆਂ ਬੱਚੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਅਤੇ ਉਹਨਾਂ ਨੂੰ ਮਾਂ-ਪਿਓ ਦੇ ਹਵਾਲੇ ਕੀਤਾ ਜਾਵੇ।

ਅਪੀਲ ਵਿੱਚ ਸੰਸਥਾ 'ਚ ਰੱਖੇ ਜਾ ਰਹੇ ਬੱਚਿਆਂ ਦੇ ਨਾਲ ਹੋ ਰਹੇ ਵਿਹਾਰ ਦੀ ਜਾਂਚ ਦੀ ਵੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਵਾਮੀ ਨਿਤਿਆਨੰਦ ਪਹਿਲਾਂ ਵੀ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।