ਸ਼ੂਗਰ ਕੰਟਰੋਲ ਹੋਮਿਓਪੈਥਿਕ ਦਵਾਈਆਂ ਦੇ ਨਾਲ

ਸ਼ੂਗਰ ਕੰਟਰੋਲ ਹੋਮਿਓਪੈਥਿਕ ਦਵਾਈਆਂ ਦੇ ਨਾਲ

ਸਿਹਤ ਸੰਸਾਰ

ਡਾਇਬਿਟੀਜ਼ ਜਾਂ ਸ਼ੂਗਰ ਦੋ ਤਰ੍ਹਾਂ ਨਾਲ ਮੁੱਖ ਤੌਰ 'ਤੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨੂੰ ਸ਼ੂਗਰ ਕਿਸਮ ਇਕ ਅਤੇ ਕਿਸਮ ਦੋ ਦਾ ਨਾਂਅ ਦਿੱਤਾ ਗਿਆ ਹੈ। ਕਿਸਮ ਇਕ ਸ਼ੂਗਰ ਦੇ ਮਰੀਜ਼ ਦਾ ਪੈਂਕਰਿਆਸ ਜਾਂ ਪਾਚਕ ਕੰਮ ਨਹੀਂ ਕਰਦਾ ਤਾਂ ਇੰਸੂਲਿਨ ਨਹੀਂ ਬਣਾਉਂਦਾ। ਇਹ ਸਰੀਰ ਦਾ ਮੁੱਖ ਹਿੱਸਾ ਹੈ ਜੋ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਇਹ ਵਿਰਾਸਤੀ ਗੁਣਾਂ ਕਰਕੇ ਵੀ ਹੋ ਸਕਦਾ ਹੈ ਜਾਂ ਕਿਸੇ ਗੰਭੀਰ ਰੋਗ ਤੋਂ ਵੀ ਪੈਦਾ ਹੋ ਸਕਦਾ ਹੈ। ਕਿਸਮ ਦੋ ਦੇ ਕੇਸ ਜ਼ਿਆਦਾਤਰ ਮੋਟਾਪੇ ਕਾਰਨ, ਜ਼ਿਆਦਾ ਚੀਨੀ ਦੀ ਵਰਤੋਂ ਨਾਲ ਜਾਂ ਜ਼ਿਆਦਾ ਫਾਸਟ ਫੂਡਜ਼ ਦੀ ਵਰਤੋਂ ਨਾਲ ਹੁੰਦੀ ਹੈ। ਕਿਸਮ ਦੋ ਨੂੰ ਬਹੁਤ ਹੱਦ ਤੱਕ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਆਦਤਾਂ ਠੀਕ ਕਰਕੇ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਕਿਸਮ ਇਕ ਲਈ ਦਵਾਈਆਂ ਦੀ ਮਦਦ ਦੀ ਲੋੜ ਪੈਂਦੀ ਹੈ। ਹੋਮਿਓਪੈਥਿਕ ਦਵਾਈਆਂ ਕਿਸਮ ਇਕ ਅਤੇ ਕਿਸਮ ਦੋ, ਦੋਵਾਂ ਵਿਚ ਹੀ ਬਹੁਤ ਕਾਰਗਰ ਸਿੱਧ ਹੋਈਆਂ ਹਨ, ਉਹ ਵੀ ਬਿਨਾਂ ਕਿਸੇ ਮਾੜੇ ਅਸਰ ਦੇ। ਇਥੋਂ ਤੱਕ ਕਿ ਐਚ.ਬੀ. ਏ.1.ਸੀ. ਜਿਸ ਨੂੰ ਤਿੰਨ ਮੀਹਨੇ ਦਾ ਸ਼ੂਗਰ ਮੋਨੀਟਰ ਜਾਂ ਸ਼ੂਗਰ ਮਾਪ ਮੰਨਿਆ ਜਾਂਦਾ ਹੈ, ਵੀ ਹੋਮਿਓਪੈਥਿਕ ਦਵਾਈਆਂ ਨਾਲ ਚਮਤਕਾਰੀ ਤਰੀਕੇ ਨਾਲ ਘਟਦਾ ਵੇਖਿਆ ਗਿਆ ਹੈ। ਕਈ ਕੇਸਾਂ ਵਿਚ ਤਿੰਨ ਮਹੀਨੇ ਹੋਮਿਓਪੈਥਿਕ ਦਵਾਈਆਂ ਦੇ ਇਸਤੇਮਾਲ ਤੋਂ ਬਾਅਦ 9.5 ਤੋਂ 7.5 ਤੱਕ ਮਾਪਿਆ ਗਿਆ ਹੈ। ਇਸ ਲਈ ਹੋਮਿਓਪੈਥਿਕ ਦਵਾਈਆਂ ਸ਼ੂਗਰ ਜਾਂ ਡਾਇਬਿਟੀਜ਼ ਨੂੰ ਕੰਟਰੋਲ ਕਰਨ ਵਿਚ ਚਮਤਕਾਰੀ ਸਿੱਧ ਹੋਈਆਂ ਹਨ।

ਤੀਜੀ ਕਿਸਮ ਦੇ ਕੇਸਾਂ ਵਿਚ ਗਰਭਵਤੀ ਔਰਤਾਂ ਵਿਚ ਅਚਾਨਕ ਸ਼ੂਗਰ ਵਧਣ ਕਾਰਨ ਵੀ ਬਹੁਤ ਸਮੱਸਿਆ ਆਉਂਦੀ ਹੈ, ਜਿਸ ਨੂੰ ਹੋਮਿਓਪੈਥਿਕ ਦਵਾਈਆਂ ਰਾਹੀਂ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਹੱਦ ਤੋਂ ਜ਼ਿਆਦਾ ਸ਼ੂਗਰ ਵਧਣ ਨਾਲ ਬਹੁਤ ਸਾਰੀਆਂ ਮੁਸ਼ਕਿਲਾਂ ਜਿਵੇਂ ਕਿ ਦਿਲ ਦਾ ਫੇਲ੍ਹ, ਗੁਰਦੇ, ਅੱਖਾਂ 'ਤੇ ਪ੍ਰਭਾਵ ਜਿਵੇਂ ਕਿ ਅੱਖਾਂ 'ਤੇ ਅਸਰ ਅਤੇ ਦਿਮਾਗ਼ ਦਾ ਦੌਰਾ ਆਦਿ ਦਾ ਖ਼ਤਰਾ ਵਧ ਜਾਂਦਾ ਹੈ। ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਨਾਲ ਅਜਿਹੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ ਜਾਂ ਮੁਸ਼ਕਿਲਾਂ ਨੂੰ ਘਟਾਇਆ ਜਾ ਸਕਦਾ ਹੈ।ਸ਼ੂਗਰ ਨੂੰ ਕਾਬੂ 'ਚ ਰੱਖਣ ਲਈ ਖੁਰਾਕ ਦਾ ਬਹੁਤ ਮਹੱਤਵ ਹੈ। ਸ਼ੂਗਰ ਦੇ ਮਰੀਜ਼ ਨੂੰ ਸਵੇਰ ਦੀ ਚਾਹ ਨਾਲ ਮਿੱਠੇ ਬਿਸਕੁਟ ਜਾਂ ਤਲੇ ਹੋਏ ਨਮਕੀਨ ਦੀ ਜਗ੍ਹਾ ਡਰਾਈ ਫਰੂਟ ਭਾਵ ਸੁੱਕੇ ਮੇਵੇ ਜਿਵੇਂ ਬਾਦਾਮ, ਅਖਰੋਟ ਜਾਂ ਪਿਸਤਾ ਆਦਿ ਲੈਣੇ ਚਾਹੀਦੇ ਹਨ। ਵਧੇਰੇ ਰੇਸ਼ੇਦਾਰ ਖੁਰਾਕ ਜਿਵੇਂ ਮਿਸ਼ਰਤ ਦਲੀਆ, ਜਵੀ, ਵੇਸਣ ਦਾ ਚਿੱਲਾ ਜਾਂ ਥੋੜ੍ਹੀ ਮਾਤਰਾ ਵਿਚ ਪੁੰਗਰੀਆਂ ਦਾਲਾਂ ਆਦਿ ਲੈਣੇ ਚਾਹੀਦੇ ਹਨ। ਖਾਣੇ ਦੀ ਸ਼ੁਰੂਆਤ ਕਰਨ ਸਮੇਂ ਦੇਖਣਾ ਚਾਹੀਦਾ ਹੈ ਕਿ ਤੁਹਾਡੀ ਪਲੇਟ ਅੱਧੀ ਸਬਜ਼ੀਆਂ ਨਾਲ ਭਰੀ ਹੋਣੀ ਚਾਹੀਦੀ ਹੈ। ਸਬਜ਼ੀਆਂ ਨੂੰ ਨਰਮ ਜਾਂ ਹਲਕਾ ਸੇਕ ਕੇ ਖਾਣਾ ਚਾਹੀਦਾ ਹੈ। ਸਨੈਕਸ ਵਿਚ ਫਰੂਟਜ ਦੀ ਵਰਤੋਂ ਕਰਨੀ ਚਾਹੀਦੀ ਹੈ। ਪੈਕਡ ਫੂਡਜ਼ ਦੀ ਜਗ੍ਹਾ ਤਾਜ਼ਾ ਜਾਂ ਬੇਕਡ ਫੂਡਜ਼, ਫਲ ਅਤੇ ਸਬਜ਼ੀਆਂ ਦੀ ਵੱਧ ਵਰਤੋਂ ਕਰਨੀ ਚਾਹੀਦੀ ਹੈ। ਪਾਸਤਾ, ਮੈਗੀ ਅਤੇ ਮੈਦੇ ਤੋਂ ਬਣੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਫਰੂਟ ਜੂਸ ਦੀ ਜਗ੍ਹਾ ਮੈਟਾਬੋਲਿਜ਼ਮ ਵਧਾਉਣ ਲਈ ਤਾਜ਼ੇ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਵੱਧ ਤੋਂ ਵੱਧ ਰੇਸ਼ੇ ਵਾਲਾ ਖਾਣਾ ਸਰੀਰ ਨੂੰ ਮਿਲੇ। ਅਲਕੋਹਲ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਖੁਰਾਕ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਸਰੀਰ ਨੂੰ ਜ਼ਿਆਦਾ ਰੇਸ਼ੇਦਾਰ, ਪੌਸ਼ਟਿਕ ਤੱਤ, ਵਿਟਾਮਿਨਜ਼ ਭਾਵ ਨਿਊਟਰੀਐਂਟਸ ਮਿਲ ਸਕਣ। ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਸਿਆਣੇ ਅਤੇ ਤਜਰਬੇਕਾਰ ਡਾਕਟਰ ਦੀ ਸਲਾਹ ਨਾਲ ਕਰਨੀ ਚਾਹੀਦੀ ਹੈ।

ਡਾਕਟਰ ਗੁਰਪ੍ਰੀਤ ਕੌਰ