ਹਾਥਰਸ ਬਲਾਤਕਾਰ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਖਿਲਾਫ ਦੇਸ਼ ਧ੍ਰੋਹ ਦੇ ਮਾਮਲੇ ਦਰਜ ਕੀਤੇ

ਹਾਥਰਸ ਬਲਾਤਕਾਰ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਖਿਲਾਫ ਦੇਸ਼ ਧ੍ਰੋਹ ਦੇ ਮਾਮਲੇ ਦਰਜ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਜਿੱਥੇ ਉੱਤਰ ਪ੍ਰਦੇਸ਼ ਸਰਕਾਰ ਨੇ ਪਹਿਲਾਂ ਕਈ ਦਿਨ ਹਾਥਰਸ ਬਲਾਤਕਾਰ ਪੀੜਤਾ ਦੇ ਮਾਪਿਆਂ ਨੂੰ ਘਰ ਵਿਚ ਨਜ਼ਰਬੰਦ ਰੱਖਿਆ ਉੱਥੇ ਹੁਣ ਇਸ ਬਲਾਤਕਾਰ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਲੋਕਾਂ 'ਤੇ ਸਰਕਾਰ ਨੇ ਦੇਸ਼ ਧ੍ਰੋਹ ਵਰਗੀਆਂ ਸੰਗੀਨ ਧਾਰਾਵਾਂ ਅਧੀਨ ਮਾਮਲੇ ਦਰਜ ਕਰ ਦਿੱਤੇ ਹਨ। 

ਯੂਪੀ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਦੇਸ਼ ਧ੍ਰੋਹ, ਜਾਤੀ ਹਿੰਸਾ ਭੜਕਾਉਣ ਅਤੇ ਸ਼ਾਂਤੀ ਭੰਗ ਕਰਨ ਦੀਆਂ ਸੰਗੀਨ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। 

ਇਹਨਾਂ ਮਾਮਲਿਆਂ ਵਿਚ "ਜਸਟਿਸ ਫਾਰ ਹਾਥਰਸ" ਨਾਂ ਦੀ ਵੈਬਸਾਈਟ ਖਿਲਾਫ ਇਨਫੋਰਮੇਸ਼ਨ ਟੈਕਨਾਲਜੀ ਕਾਨੂੰਨ 2000 ਦੀ ਧਾਰਾ ਅਧੀਨ ਇਹ ਕਹਿੰਦਿਆਂ ਕੇਸ ਦਰਜ ਕੀਤਾ ਹੈ ਕਿ ਇਸ ਵੈਬਸਾਈਟ ਰਾਹੀਂ ਦੰਗੇ ਭੜਕਾ ਕੇ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਗਈ। 

ਯੂਪੀ ਪੁਲਿਸ ਹੁਣ ਬਲਾਤਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਾਂ ਦਾ ਸਬੰਧੀ ਸੀਏਏ ਕਾਨੂੰਨ ਖਿਲਾਫ ਹੋਏ ਪ੍ਰਦਰਸ਼ਨਾਂ ਨਾਲ ਜੋੜ ਰਹੀ ਹੈ ਜਿਹਨਾਂ ਦੇ ਮਾਮਲਿਆਂ ਵਿਚ ਪਹਿਲਾਂ ਹੀ ਵਿਵਾਦਤ ਕਾਨੂੰਨ ਯੂਏਪੀਏ ਵਰਤਿਆ ਗਿਆ ਹੈ ਅਤੇ ਪੁਲਸ ਦੀ ਕਾਰਵਾਈ 'ਤੇ ਕੌਮਾਂਤਰੀ ਸੰਸਥਾ ਐਮਨੈਸਟੀ ਇੰਟਰਨੈਸ਼ਨ ਗੰਭੀਰ ਸਵਾਲ ਚੁੱਕਦੀ ਰਿਪੋਰਟ ਜਾਰੀ ਕਰ ਚੁੱਕੀ ਹੈ।

ਦੱਦ ਦਈਏ ਕਿ ਹਾਥਰਸ ਵਿਚ ਇਕ ਦਲਿਤ ਪਰਿਵਾਰ ਦੀ 19 ਸਾਲਾ ਕੁੜੀ ਨਾਲ ਹਿੰਦੂ ਪਰੰਪਰਾਵਾਂ ਮੁਤਾਬਕ ਉੱਚ ਜਾਤੀ ਮੰਨੇ ਜਾਂਦੇ ਠਾਕੁਰਾਂ ਦੇ ਚਾਰ ਮੁੰਡਿਆਂ ਵੱਲੋਂ ਸਮੂਹਿਕ ਬਲਾਤਕਾਰ ਕਰਨ ਦਾ ਦੋਸ਼ ਹੈ। ਇਹਨਾਂ ਦੋਸ਼ੀਆਂ ਨੇ ਕੁੜੀ ਨਾਲ ਇਸ ਹੱਦ ਤਕ ਤਸ਼ੱਦਦ ਕੀਤਾ ਸੀ ਕਿ ਉਹ ਕਈ ਦਿਨ ਹਸਪਤਾਲ ਵਿਚ ਤੜਫਣ ਮਗਰੋਂ ਮਰ ਗਈ ਸੀ। ਯੂਪੀ ਪੁਲਸ ਨੇ ਪਰਿਵਾਰ ਦੀ ਮਰਜ਼ੀ ਤੋਂ ਬਿਨ੍ਹਾਂ ਜ਼ਬਰਦਸਤੀ ਰਾਤ ਨੂੰ ਖੁਦ ਹੀ ਪੀੜਤ ਕੁੜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ।

ਪਰਿਵਾਰ ਨੇ ਪੀੜਤਾ ਦੀਆਂ ਅਸਤੀਆਂ ਜਲ ਪ੍ਰਵਾਹ ਨਾ ਕਰਨ ਦਾ ਫੈਂਸਲਾ ਕੀਤਾ
ਹਾਥਰਸ ਪੀੜਤਾ ਦੇ ਪਰਿਵਾਰ ਨੇ ਫ਼ੈਸਲਾ ਲਿਆ ਹੈ ਕਿ ਊਹ ਆਪਣੀ ਧੀ ਦੀਆਂ ਅਸਥੀਆਂ ਨਹੀਂ ਤਾਰੇਗਾ। ਪੁਲੀਸ ਵੱਲੋਂ 30 ਸਤੰਬਰ ਨੂੰ ਅੱਧੀ ਰਾਤ ਤੋਂ ਬਾਅਦ ਤਿੰਨ ਵਜੇ ਦੇ ਕਰੀਬ ਪੀੜਤਾ ਦਾ ਅੰਤਿਮ ਸਸਕਾਰ ਕੀਤੇ ਜਾਣ ਤੋਂ ਪਰਿਵਾਰ ਨਾਰਾਜ਼ ਹੈ। ਪੀੜਤਾ ਦੇ ਭਰਾ ਨੇ ਕਿਹਾ,‘‘ਸਾਨੂੰ ਕੀ ਪਤਾ ਕਿ ਉਹ ਲਾਸ਼ ਸਾਡੀ ਭੈਣ ਦੀ ਹੀ ਸੀ। ਅਸੀਂ ਤਾਂ ਉਸ ਦਾ ਆਖਰੀ ਵਾਰ ਮੂੰਹ ਤੱਕ ਨਹੀਂ ਦੇਖਿਆ। ਮੈਂ ਮਾਨਵੀ ਆਧਾਰ ’ਤੇ ਫੁੱਲ ਚੁੱਗੇ ਹਨ ਕਿਉਂਕਿ ਜੇ ਉਹ ਮੇਰੀ ਭੈਣ ਨਹੀਂ ਤਾਂ ਕਿਸੇ ਦੀ ਤਾਂ ਹੋਵੇਗੀ। ਮੈਂ ਅਸਥੀਆਂ ਨੂੰ ਠੋਕਰ ਨਹੀਂ ਮਾਰਨਾ ਚਾਹੁੰਦਾ।’’ ਭਰਾ ਨੇ ਕਿਹਾ ਕਿ ਉਹ ਨਾਰਕੋ-ਪੌਲੀਗ੍ਰਾਫ਼ ਟੈਸਟ ਨਹੀਂ ਦੇਣਗੇ ਕਿਉਂਕਿ ਉਹ ਝੂਠ ਨਹੀਂ ਬੋਲ ਰਹੇ ਹਨ। ਉਸ ਮੁਤਾਬਕ ਇਹ ਟੈਸਟ ਮੁਲਜ਼ਮਾਂ ਅਤੇ ਪੁਲੀਸ ਕਰਮੀਆਂ ਦਾ ਹੋਣਾ ਚਾਹੀਦਾ ਹੈ ਜੋ ਇਸ ਮਾਮਲੇ ’ਚ ਝੂਠ ਬੋਲ ਰਹੇ ਹਨ।