ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਦਾ ਰਾਹ ਰੋਕਣ ਦਾ ਐਲਾਨ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਦਾ ਰਾਹ ਰੋਕਣ ਦਾ ਐਲਾਨ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਹਰਿਆਣਾ ਪੁਲਿਸ ਨੇ ਹਦਾਇਤ ਜਾਰੀ ਕੀਤੀ ਹੈ ਕਿ 25 ਤੋਂ 27 ਨਵੰਬਰ ਤਕ ਲੋਕ ਪੰਜਾਬ ਅਤੇ ਦਿੱਲੀ ਨਾਲ ਲਗਦੀਆਂ ਹਰਿਆਣਾ ਦੀਆਂ ਹੱਦਾਂ ਵੱਲ ਜਾਣ ਤੋਂ ਪ੍ਰਹੇਜ਼ ਕਰਨ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 25 ਤੋਂ 27 ਨਵੰਬਰ ਤਕ ਪੰਜਾਬ ਨਾਲ ਲਗਦੇ ਹਰਿਆਣੇ ਦੀਆਂ ਹੱਦਾਂ ਨੂੰ ਸੀਲ ਕਰਨ ਦਾ ਐਲਾਨ ਕੀਤਾ ਸੀ। ਮਨੋਹਰ ਲਾਲ ਖੱਟਰ ਨੇ ਇਹ ਵੀ ਕਿਹਾ ਕਿ ਜੇ ਪੁਲਿਸ ਨੂੰ ਸਖਤੀ ਕਰਨ ਦੀ ਲੋੜ ਪਈ ਤਾਂ ਸਖਤੀ ਵੀ ਕੀਤੀ ਜਾ ਸਕਦੀ ਹੈ। 

ਜ਼ਿਕਰਯੋਗ ਹੈ ਕਿ ਭਾਰਤ ਦੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ 26-27 ਨਵੰਬਰ ਨੂੰ ਦਿੱਲੀ ਚੱਲੋ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਭਾਰਤੀ ਕਾਨੂੰਨਾਂ ਖਿਲਾਫ ਦਿੱਲੀ ਵੱਲ 25 ਨਵੰਬਰ ਤੋਂ ਕੂਚ ਕਰ ਰਹੇ ਹਨ। ਕਈ ਸ੍ਰੋਤਾਂ ਮੁਤਾਬਕ ਇਹ ਗਿਣਤੀ ਲੱਖਾਂ ਵਿਚ ਵੀ ਹੋ ਸਕਦੀ ਹੈ। ਪੰਜਾਬੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹੀ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਇਹ ਫੈਂਸਲੇ ਜਾਰੀ ਕੀਤੇ ਗਏ ਹਨ। 

ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਦਿੱਲੀ ਜਾਂਦਿਆਂ ਜਿੱਥੇ ਵੀ ਉਹਨਾਂ ਨੂੰ ਰੋਕਿਆ ਜਾਵੇਗਾ ਉਹ ਉੱਥੇ ਹੀ ਧਰਨਾ ਮਾਰ ਕੇ ਬੈਠ ਜਾਣਗੇ। ਕਿਸਾਨਾਂ ਨੇ ਕਿਹਾ ਹੈ ਕਿ ਜੇ ਕਿਸਾਨਾਂ ਨੂੰ ਪੰਜਾਬ ਦੀਆਂ ਹੱਦਾਂ 'ਤੇ ਹਰਿਆਣੇ ਵੱਲੋਂ ਰੋਕਿਆ ਗਿਆ ਤਾਂ ਉਹ ਪੰਜਾਬ ਦੀਆਂ ਸਾਰੀਆਂ ਹੱਦਾਂ ਨੂੰ ਧਰਨਿਆਂ ਨਾਲ ਸੀਲ ਕਰ ਦੇਣਗੇ।