ਹਰਿਆਣਾ ਮੰਤਰੀਮੰਡਲ: ਹਾਕੀ ਖਿਡਾਰੀ ਸੰਦੀਪ ਸਿੰਘ ਨੇ ਪੰਜਾਬੀ ਵਿੱਚ ਚੁੱਕੀ ਮੰਤਰੀ ਅਹੁਦੇ ਦੀ ਸਹੁੰ

ਹਰਿਆਣਾ ਮੰਤਰੀਮੰਡਲ: ਹਾਕੀ ਖਿਡਾਰੀ ਸੰਦੀਪ ਸਿੰਘ ਨੇ ਪੰਜਾਬੀ ਵਿੱਚ ਚੁੱਕੀ ਮੰਤਰੀ ਅਹੁਦੇ ਦੀ ਸਹੁੰ

ਚੰਡੀਗੜ੍ਹ: ਭਾਜਪਾ ਅਤੇ ਜੇਜੇਪੀ ਦੇ ਗਠਜੋੜ ਨਾਲ ਬਣੀ ਹਰਿਆਣਾ ਦੀ ਸਰਕਾਰ ਦੇ ਮੰਤਰੀ ਮੰਡਲ ਲਈ ਬੀਤੇ ਕੱਲ੍ਹ 10 ਮੰਤਰੀਆਂ ਨੂੰ ਸਹੁੰ ਚੁਕਵਾਈ ਗਈ। 6 ਨੂੰ ਕੈਬਿਨਟ ਮੰਤਰੀ ਅਤੇ 4 ਨੂੰ ਰਾਜ ਮੰਤਰੀ ਵਜੋਂ ਚੁਣਿਆ ਗਿਆ ਹੈ। ਇਸ ਮੌਕੇ ਭਾਜਪਾ ਵੱਲੋਂ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਸਹੁੰ ਚੁੱਕੀ। ਹਰਿਆਣਾ ਮੰਤਰੀ ਮੰਡਲ ਵਿੱਚ ਪੰਜਾਬੀ 'ਚ ਸਹੁੰ ਚੁੱਕਣ ਵਾਲੇ ਉਹ ਇਕੱਲੇ ਮੰਤਰੀ ਹਨ।

ਸਹੁੰ ਚੁੱਕਣ ਵਾਲਿਆਂ ਵਿੱਚ ਭਾਜਪਾ ਵੱਲੋਂ ਅੰਬਾਲਾ ਛਾਉਣੀ ਤੋਂ ਵਿਧਾਇਕ ਅਨਿਲ ਵਿਜ, ਹਰਿਆਣਾ ਦੀ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਜਗਾਧਰੀ ਤੋਂ ਵਿਧਾਇਕ ਬਣੇ ਕੰਵਰ ਪਾਲ ਗੁੱਜਰ, ਬੱਲਭਗੜ੍ਹ ਤੋਂ ਵਿਧਾਇਕ ਮੂਲ ਚੰਦ ਸ਼ਰਮਾ, ਲੋਹਾਰੂ ਤੋਂ ਵਿਧਾਇਕ ਜੈ ਪ੍ਰਕਾਸ਼ ਦਲਾਲ, ਬਾਵਲ ਤੋਂ ਵਿਧਾਇਕ ਡਾ. ਬਨਵਾਰੀ ਲਾਲ ਸ਼ਾਮਿਲ ਸਨ। ਰਾਣੀਆਂ ਤੋਂ ਜਿੱਤੇ ਅਜ਼ਾਦ ਵਿਧਾਇਕ ਰਣਜੀਤ ਸਿੰਘ ਚੌਟਾਲਾ ਨੂੰ ਵੀ ਕੈਬਿਨਟ ਮੰਤਰੀ ਵਜੋਂ ਸਹੁੰ ਚੁਕਾਈ ਗਈ।

ਰਾਜ ਮੰਤਰੀਆਂ ਵਜੋਂ ਸੰਦੀਪ ਸਿੰਘ ਤੋਂ ਇਲਾਵਾ ਨਾਰਨੌਲ ਤੋਂ ਭਾਜਪਾ ਵਿਧਾਇਕ ਓਮ ਪ੍ਰਕਾਸ਼ ਯਾਦਵ, ਕਲਾਇਤ ਤੋਂ ਭਾਜਪਾ ਵਿਧਾਇਕ ਸ੍ਰੀਮਤੀ ਕਮਲੇਸ਼ ਢਾਂਡਾ, ਉਕਲਾਨਾ ਹਲਕੇ ਤੋਂ ਜੇਜੇਪੀ ਵਿਧਾਇਕ ਅਨੂਪ ਧਾਨਕ ਦੇ ਨਾਂ ਸ਼ਾਮਿਲ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।