ਸਿੱਖਾਂ ਲਈ 550ਵੇਂ ਪ੍ਰਕਾਸ਼ ਪੁਰਬ ਦਾ ਮੁਬਾਰਕ ਮੌਕਾ

ਸਿੱਖਾਂ ਲਈ 550ਵੇਂ ਪ੍ਰਕਾਸ਼ ਪੁਰਬ ਦਾ ਮੁਬਾਰਕ ਮੌਕਾ

ਮਨਜੀਤ ਸਿੰਘ ਟਿਵਾਣਾ
ਅਸੀਂ ਸਾਲ ੨੦੧੯ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਦੇ ੫੫੦ਵੇਂ ਵਰ੍ਹੇ ਵੱਜੋਂ ਮਨਾ ਰਹੇ ਹਾਂ। ਇਸ ਬਾਬਤ ਬਹੁਤ ਸਾਰੀਆਂ ਸਰਕਾਰੀ ਤੇ ਗੈਰ-ਸਰਕਾਰੀ ਪਹਿਲ-ਕਦਮੀਆਂ ਹੋ ਰਹੀਆਂ ਹਨ। ਦੱਖਣੀ ਏਸ਼ੀਆ ਦੇ ਦੋ ਦੇਸ਼ ਭਾਰਤ ਤੇ ਪਾਕਿਸਤਾਨ ਇਸ ਪੁਰਬ ਨੂੰ ਸਰਕਾਰੀ ਤੇ ਵੱਡੇ ਪੱਧਰ ਉਤੇ ਮਨਾਉਣ ਲਈ ਚਾਰਾਜੋਈ ਕਰ ਰਹੇ ਹਨ। ਯੂਰਪ, ਖਾੜੀ ਦੇ ਦੇਸ਼ਾਂ ਸਮੇਤ ਸੰਸਾਰ ਭਰ ਵਿਚ, ਜਿਥੇ-ਜਿਥੇ ਵੀ ਸਿੱਖ ਕੌਮ ਵਸਦੀ ਹੈ, ਇਸ ਪੁਰਬ ਨੂੰ ਜ਼ੋਰ-ਸ਼ੋਰ ਨਾਲ ਮਨਾਉਣ ਲਈ ਤਿਆਰੀਆਂ ਹੋ ਰਹੀਆਂ ਹਨ। ਬਿਨਾ ਸ਼ੱਕ ਇਹ ਸਿੱਖ ਕੌਮ ਲਈ ਇਕ ਮੁਬਾਰਕ ਤੇ ਵੱਡਾ ਮੌਕਾ ਹੈ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਸਿੱਖ ਕੌਣ ਹਨ ਤੇ ਸਿੱਖ ਗੁਰੂ ਸਾਹਿਬਾਨਾਂ ਦੀ ਘਾਲਣਾ ਬਾਰੇ ਦੁਨੀਆ ਨੂੰ ਦੱਸਣ ਲਈ ਇਸ ਮੌਕੇ ਦੀ ਬਿਹਤਰ ਵਰਤੋਂ ਕੀਤੀ ਜਾ ਸਕਦੀ ਹੈ। 
ਸਿੱਖ ਵਿਚਾਰਧਾਰਾ ਦਾ ਭਾਰਤ ਤੇ ਪੰਜਾਬ ਦੇ ਇਤਿਹਾਸ ਵਿਚ ਇਕ ਵੱਖਰਾ ਮੁਕਾਮ ਰਿਹਾ ਹੈ। ਸੰਸਾਰ ਪੱਧਰ ਦੇ ਬਹੁਤੇ ਵਿਦਵਾਨ ਇਸ ਮੱਤ ਨਾਲ ਸਹਿਮਤ ਹਨ ਕਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਪੂਰੇ ਸੰਸਾਰ ਦੀ ਅਮਨ ਸ਼ਾਂਤੀ ਅਤੇ ਸਮੁੱਚੀ ਮਨੁੱਖਤਾ ਲਈ ਰਾਹ ਦਸੇਰਾ ਬਣ ਸਕਦਾ ਹੈ। ਇਸ ਮੌਕੇ ਉਤੇ ਇਹ ਸੱਚ ਬਾਹਰਲੀ ਦੁਨੀਆ ਦੇ ਲੋਕਾਂ ਨੂੰ ਵੱਡੇ ਪੱਧਰ ਉਤੇ ਅਤੇ ਵਧੇਰੇ ਸੁਚੱਜਤਾ ਨਾਲ ਦੱਸਣ ਦਾ ਸਬੱਬ ਬੰਨ੍ਹਿਆ ਜਾ ਸਕਦਾ ਹੈ। 
ਅਜੋਕੇ ਸੰਸਾਰ ਨਾਲ ਪੈਰ ਮੇਲ ਕੇ ਚੱਲਣ ਲਈ ਸਿੱਖਾਂ ਸਮੇਤ ਸੰਸਾਰ ਦੀਆਂ ਤਮਾਮ ਕੌਮਾਂ ਨੂੰ ਨਵੀਆਂ ਚੁਣੌਤੀਆਂ ਨਾਲ ਸਿੱਝਣਾ ਪੈ ਰਿਹਾ ਹੈ। ਸਭ ਤੋਂ ਵੱਡਾ ਚੈਲਿੰਜ ਸੰਸਾਰ ਦੀ ਨਵੀਂ ਪੀੜ੍ਹੀ ਦਾ ਹੈ, ਜੋ ਸਿੱਖਿਆ ਪ੍ਰਣਾਲੀਆਂ ਦੇ ਕਿੱਤਾਮੁਖੀ ਸੁਭਾਅ ਦੀ ਪਿਊਂਦ ਨਾਲ ਪਰਵਾਨ ਚੜ੍ਹਦੀ ਹੋਈ, ਨੈਤਿਕ ਸਿੱਖਿਆ ਤੋਂ ਵਿਰਵੀ ਹੋ ਜਾਣ ਤਾ ਸੰਤਾਪ ਝੱਲ ਰਹੀ ਹੈ। ਸਿੱਖਾਂ ਕੋਲ ਆਪਣੀ ਨਵੀਂ ਪੀੜ੍ਹੀ ਨੂੰ ਸਿੱਖ ਸਿਧਾਂਤ ਦੀ ਸਰਬ ਵਿਆਪਕਤਾ ਦੇ ਸਦੀਵੀ ਗੁਣਾਂ ਦੀ ਬਦੌਲਤ , ਬਦਲਦੇ ਸੰਸਾਰ ਵਿਚ ਵੀ ਇਸ ਦੀ ਸਾਰਥਿਕਤਾ ਦੱਸਣ ਤੇ ਪ੍ਰਗਟਾਉਣ ਲਈ ਬਹੁਤ ਕੁਝ ਹੈ। ਸਿੱਖ ਕੌਮ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਤੇ ਦੁਖਾਂ ਦਾ ਵੱਡਾ ਕਾਰਨ ਵਕਤੀ ਗੁਲਾਮੀ ਦੇ ਪ੍ਰਭਾਵ ਵਿਚ ਖਾਲਸੇ ਦੀ ਆਜ਼ਾਦ ਤੇ ਨਿਆਰੀ ਹਸਤੀ ਦੇ ਸਿਧਾਂਤ ਨੂੰ ਸਮਝਣ ਤੇ ਮਹਿਸੂਸ ਕਰਨ ਦੀ ਕੁਤਾਹੀ ਬਣ ਰਿਹਾ ਹੈ। ਇਸ ਕਰ ਕੇ ਸਿੱਖ ਪ੍ਰਚਾਰਕਾਂ ਤੇ ਵਿਦਵਾਨਾਂ ਨੂੰ ਇਸ ਜਮੂਦ ਨੂੰ ਤੋੜਨ ਲਈ ਗੁਰੂ ਨਾਨਕ ਵਿਚਾਰਧਾਰਾ ਦੇ ਰਾਜਨੀਤਕ ਪੱਖ ਨੂੰ ਰੌਸ਼ਨ ਕਰਨ ਲਈ ਇਸ ਮੌਕੇ ਦਾ ਜ਼ਰੂਰ ਲਾਭ ਉਠਾਉਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਇਹ ਸਮਾਂ ਖੁਦ ਸਿੱਖਾਂ ਲਈ ਆਤਮ ਪੜਚੋਲ ਕਰਨ ਦਾ ਵੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਉਤੇ ਕਿਥੇ ਖੜ੍ਹੇ ਹਨ। ਸਿੱਖ ਤਰਜ਼-ਏ-ਜ਼ਿੰਦਗੀ ਦੀ ਪਹਿਲ ਤਾਜ਼ਗੀ ਨੂੰ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ। ਅੱਜ ਸਾਡੇ ਸਿੱਖ ਸਮਾਜ ਵਿਚ ਕੁਝ ਅਜਿਹੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ, ਜੋ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨਾਲ ਮੇਲ ਨਹੀਂ ਖਾਂਦੀਆਂ। ਇਹ ਘਨਟਾਵਾਂ ਸਾਡੇ ਸਮਾਜ ਦਾ ਕਰੂਪ ਚਿਹਰਾ ਵਿਖਾਉਣ ਵਾਲੀਆਂ ਤੇ ਗੰਭੀਰ ਚਿੰਤਾ ਵਾਲੀਆਂ ਹਨ। ਜਦੋਂ ਸਿੱਖ ਕੌਮ ਦੀ ਸਰਜ਼ਮੀਂ ਪੰਜਾਬ ਵਿਚੋਂ ਇਹ ਖਬਰ ਆਉਂਦੀ ਹੈ ਕਿ 10 ਸਾਲਾਂ 'ਚ ਤੇਰ੍ਹਾਂ ਲੱਖ ਮਾਵਾਂ ਦੀਆਂ ਕੁੱਖਾਂ 'ਚੋਂ ਬੱਚੇ ਹੀ ਗਾਇਬ ਹੋ ਗਏ ਹਨ, ਤਾਂ ਕਲੇਜਾ ਮੁੰਹ ਨੂੰ ਆ ਜਾਂਦਾ ਹੈ। ਇਕ ਹੋਰ ਖ਼ਬਰ ਮੁਤਾਬਿਕ ਪੰਜਾਬ ਦੇ ਜਿਹੜੇ 12516 ਵਿਅਕਤੀ ਪਿਛਲੇ ਇਕ ਵਰ੍ਹੇ ਵਿਚ ਲਾਪਤਾ ਹੋਏ, ਉਨ੍ਹਾਂ ਵਿਚ ਵੀ 8716 ਕੁੜੀਆਂ ਸਨ। ਸਿੱਖ ਬਹੁਗਿਣਤੀ ਪੰਜਾਬ 'ਤੇ 'ਕੁੜੀਮਾਰਾਂ' ਦਾ ਸੂਬਾ ਹੋਣ ਦਾ ਧੱਬਾ ਲੱਗ ਰਿਹਾ ਹੈ। ਸਿੱਖ ਸਭਿਆਚਾਰ, ਗੁਰੂ ਸਾਹਿਬਾਨ ਦੀ ਦੇਣ ਹੈ, ਇਸ ਲਈ ਇਸ ਦੀ ਰਾਖੀ ਤੋਂ ਕੁਤਾਹੀ ਨਹੀਂ ਹੋਣੀ ਚਾਹੀਦੀ। ਜਿਹੜੀ ਧਰਤੀ ਨੂੰ ਪੰਜਾਬੀ ਦੇ ਮਹਾਨ ਸ਼ਾਇਰ ਪ੍ਰੋ. ਪੂਰਨ ਸਿੰਘ ਨੇ ''ਗੁਰੂਆਂ ਦੇ ਨਾਂ 'ਤੇ ਵਸਦੀ” ਕਿਹਾ ਸੀ, ਉਥੇ ਹੀ ਗੁਰੂਆਂ ਦੇ ਸਿਧਾਂਤ ਖਿਲਾਫ ਅਜਿਹੀਆਂ ਬੱਜਰ ਕੁਰਹਿਤਾਂ ਦਾ ਇਸ ਕਦਰ ਬੋਲਬਾਲਾ ਸਰਾਪ ਵਰਗਾ ਹੈ। ਨਸ਼ਿਆਂ ਦੇ ਸੇਵਣ ਬਾਰੇ ਪੰਜਾਬ ਨੇ ਜਿਹੜੇ ਰਿਕਾਰਡ ਸਥਾਪਿਤ ਕਰ ਦਿੱਤੇ ਹਨ, ਉਹ ਵੀ ਕਿਸੇ ਤੋਂ ਗੁੱਝੇ ਨਹੀਂ ਹਨ।
ਕਿਰਤ ਦੇ ਸਿਧਾਂਤ ਨੂੰ ਵੀ ਅਸੀਂ ਕਿਸੇ ਨਾ ਕਿਸੇ ਰੂਪ ਵਿਚ ਤਿਲਾਂਜਲੀ ਦੇ ਰਹੇ ਹਾਂ। ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਅੱਜ ਧਰਮ ਤੇ ਤਹਿਜ਼ੀਬ ਦੋਵੇਂ ਹੀ ਭੁੱਲਣ ਲੱਗ ਪਏ ਹਾਂ। ਜਿਸ ਧਰਤੀ 'ਤੇ ਰਿਸ਼ਤਿਆਂ ਨੂੰ ਪੂਰਾ-ਪੂਰਾ ਮਾਣ, ਦਿਲ ਦੀਆਂ ਡੂੰਘਾਈਆਂ 'ਚੋਂ ਮਿਲਦਾ ਸੀ, ਉਸ ਧਰਤੀ 'ਤੇ ਰਿਸ਼ਤਿਆਂ ਦਾ ਕਤਲ ਹੋਣ ਲੱਗ ਪਿਆ ਹੈ। ਕਥਿਤ ਆਧੁਨਿਕਤਾ ਦੀ ਹਨੇਰੀ ਅਤੇ ਗਹਿਰੀ ਸਾਜਿਸ਼ ਨਾਲ ਤਬਾਹ ਕੀਤੀ ਜਾ ਚੁੱਕੀ ਆਰਥਿਕਤਾ ਨਾਲ ਜ਼ਮੀਰਾਂ ਵੀ ਮਰ ਰਹੀਆਂ ਹਨ। ਸਿੱਖਾਂ ਦੀ ਪੀੜ੍ਹੀ ਨੂੰ ਸਦਾਚਾਰਕ ਕੀਮਤਾਂ ਤੋਂ ਕਿਨਾਰਾ ਕਰ ਗਏ ਬਿਪਰ ਰਾਜ ਪ੍ਰਬੰਧ ਦੀ ਲਾਗ ਬੜੀ ਤੇਜ਼ੀ ਨਾਲ ਲਗਦੀ ਜਾ ਰਹੀ ਹੈ। ਬੇਲਗ਼ਾਮ ਹੋਈ ਨਵੀਂ ਪੀੜ੍ਹੀ ਜਾਂ ਤਾਂ ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਵਿਚ ਪਈ ਹੋਈ ਹੈ ਤੇ ਜਾਂ ਫਿਰ ਗੁਰਮਤਿ ਵਿਰੋਧੀ ਅਲਾਮਤਾਂ ਦਾ ਸ਼ਿਕਾਰ ਹੋ ਕੇ ਰਸਾਤਲ ਵੱਲ ਜਾ ਰਹੀ ਹੈ। ਇਸ ਕੌੜੀ ਸਚਾਈ ਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕਰ ਕੇ, ਇਸ ਦੇ ਹੱਲ ਲਈ ਗੰਭੀਰ ਹੋਣਾ ਪਵੇਗਾ। ਝੂਠੀ ਸ਼ੋਹਰਤ ਲਈ ਵਿਖਾਵੇ ਤੇ ਫਜ਼ੂਲ ਖਰਚੀ ਰੋਕ ਕੇ, ਸਬਰ ਤੇ ਸੰਤੋਖ ਵਾਲੀ ਗੁਰਮੁਖੀ ਭਾਵਨਾ ਨੂੰ ਮੁੜ ਜਗਾਉਣਾ ਹੋਵੇਗਾ। ਨਹੀਂ ਤਾਂ ਪਹਿਲਾਂ ਆਏ ਤੇ ਮਨਾਏ ਗਏ ਬਹੁਤ ਸਾਰੇ ਸ਼ਤਾਬਦੀ ਦਿਹਾੜਿਆਂ ਵਾਂਗ ਇਹ ਮੌਕਾ ਵੀ ਆਪਣੇ ਅਸਲ ਮਕਸਦ ਤੋਂ ਖੁੰਝ ਜਾਵੇਗਾ। ਅਜਿਹੇ ਹਾਲਾਤ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾ ਗੁਰਪਰਬ ਮਨਾਉਣ ਜਾ ਰਹੇ ਸਿੱਖਾਂ ਨੂੰ ਆਤਮ ਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੁਬਾਰਕ ਮੌਕੇ ਨੂੰ ਅਸੀਂ ਆਪਣੀ ਕੌਮ ਦੇ ਰੌਸ਼ਨ ਭਵਿੱਖ ਲਈ ਤਾਂ ਹੀ ਸਾਰਥਿਕ ਕਰ ਸਕਦੇ ਹਾਂ, ਜੇਕਰ ਸਾਡੀਆਂ ਭਾਵਨਾਵਾਂ ਨਿਰ-ਸਵਾਰਥ ਹੋ ਕੇ ਕੌਮ ਦੇ ਚੰਗੇਰੇ ਭਵਿੱਖ ਦੀਆਂ ਜ਼ਾਮਨ ਬਣਨ ਦੀ ਲੋਚਾ ਰੱਖਦੀਆਂ ਹੋਣਗੀਆਂ। ਇਹੋ ਹੀ ਗੁਰੂ ਨਾਨਕ ਸਾਹਿਬ ਦੇ ਜਨਮ ਦੇ ਪੰਜ ਸੌ ਪੰਜਾਹਵੇਂ ਵਰ੍ਹੇ ਦੇ ਜਸ਼ਨਾਂ ਦਾ ਅਸਲ ਤੇ ਇਕੋ ਇਕ ਮਕਸਦ ਹੋਣਾ ਚਾਹੀਦਾ ਹੈ।