ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਨਿਊਜਰਸੀ ਦੇ ਗਵਰਨਰ ਨੇ ਸਿੱਖਾਂ ਨੂੰ ਸਲਾਹਿਆ

ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਨਿਊਜਰਸੀ ਦੇ ਗਵਰਨਰ ਨੇ ਸਿੱਖਾਂ ਨੂੰ ਸਲਾਹਿਆ

ਵਾਸ਼ਿੰਗਟਨ, (ਰਾਜ ਗੋਗਨਾ): ਬੀਤੇਂ ਦਿਨ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਸਿਟੀ ਨਿਊਆਰਕ ਦੇ ਆਰਟਸ ਸੈਂਟਰ ਵਿਖੇ ਦੁਪਹਿਰ 3 ਵਜੇਂ ਤੋ ਰਾਤ 7 ਵਜੇ ਤੱਕ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਸੂਬੇ ਵਿੱਚ ਵਿਕਾਸ ਅਤੇ ਸੱਭਿਆਚਾਰਕ ਵਿਭਿੰਨਤਾ 'ਚ ਅਮਰੀਕੀ ਸਿੱਖਾਂ ਦੇ ਯੋਗਦਾਨ ਦੇ ਯੋਗਦਾਨ ਦੀ ਸਿਫਤ ਕੀਤੀ। ਇਸ ਮੌਕੇ 'ਤੇ ਉਹਨਾਂ  ਦਸਤਾਰ ਸਜਾਈ ਹੋਈ ਸੀ ਤੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। 

ਅਮਰੀਕਾ ਦੇ ਇਤਿਹਾਸ ਵਿੱਚ ਪਹਿਲੇ ਸਿੱਖ-ਅਮਰੀਕੀ ਅਟਾਰਨੀ ਜਨਰਲ ਸ: ਗੁਰਬੀਰ ਸਿੰਘ ਗਰੇਵਾਲ ਨੇ ਟੈਕਸਾਸ 'ਚ ਮਾਰੇ ਗਏ ਮਰਹੂਮ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦਾ ਹਵਾਲਾ ਦਿੰਦੇ ਹੋਏ ਸਿੱਖ ਭਾਈਚਾਰੇ ਦੀ ਸਿਫਤ ਕੀਤੀ। ਯਾਦ ਰਹੇ ਕਿ ਧਾਲੀਵਾਲ ਦਾ ਸਤੰਬਰ 'ਚ ਟੈਕਸਾਸ ਵਿਚ ਡਿਊਟੀ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

ਉਨ੍ਹਾਂ ਨੇ ਕਿਹਾ, ''ਧਾਲੀਵਾਲ ਨੇ ਆਪਣੇ ਭਾਈਚਾਰੇ ਦੀ ਰੱਖਿਆ ਕੀਤੀ ਅਤੇ ਦੂਜਿਆਂ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਇਸ ਤ੍ਰਾਸਦੀ ਵਿੱਚ ਪੂਰੀ ਦੁਨੀਆ ਨੇ ਦੇਖਿਆ ਕਿ ਅਸੀਂ ਬਤੌਰ ਸਿੱਖ ਜਾਣਦੇ ਹਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕੀ ਸਿਖਾਇਆ।'' 

ਇਸ ਸਮਾਗਮ ਵਿਚ ਪੰਜਾਬ ਮਿਲਕ ਫੂਡਜ਼ ਦੇ ਫਲੈਗਸ਼ਿਪ ਬ੍ਰਾਂਡ, ਨਾਨਕ ਫੂਡਜ਼ ਦੇ ਚੇਅਰਮੈਨ ਜਤਿੰਦਰ ਸਿੰਘ ਬਖਸ਼ੀ ਨੇ ਕਿਹਾ, ''ਅਮਰੀਕਾ ਵਿਚ ਪੂਰਾ ਸਿੱਖ ਭਾਈਚਾਰਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਇਕੱਠਾ ਹੋਇਆ ਹੈ। ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਇਹ ਮਹੱਤਵਪੂਰਨ ਤਿਉਹਾਰ ਮਨਾਇਆ ਹੈ।'' 
ਬਖਸ਼ੀ ਨੇ ਅੱਗੇ ਕਿਹਾ, ''ਉਹ ਇਸ ਸਾਲ ਬਹੁਤ ਖੁਸ਼ ਹਨ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਸਹਿਯੋਗ ਨਾਲ ਕਰਤਾਰਪੁਰ ਲਾਂਘਾ ਖੁੱਲ੍ਹਿਆ ਹੈ। ਇਸ ਲਈ ਅਸੀਂ ਦੋਹਾਂ ਸਰਕਾਰਾਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ। ਅਸੀਂ ਅੱਗੇ ਪੰਜਾ ਸਾਹਿਬ, ਨਨਕਾਣਾ ਸਾਹਿਬ ਤੱਕ ਪਹੁੰਚ ਬਣਾਉਣ ਦੀ ਅਪੀਲ ਕਰਦੇ ਹਾਂ।"