ਸੀਸੁ ਦੀਆ ਪਰ ਸਿਰਰੁ ਨ ਦੀਆ

ਸੀਸੁ ਦੀਆ ਪਰ ਸਿਰਰੁ ਨ ਦੀਆ
ਗੁਰਦੁਆਰਾ ਸੀਸ ਗੰਜ ਸਾਹਿਬ

ਕੰਵਲਦੀਪ ਸਿੰਘ

ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈ. ਨੂੰ ਸ੍ਰੀ ਅੰਮ੍ਰਿਤਸਰ ਵਿਚ ਗੁਰੂ ਕੇ ਮਹਿਲ ਵਿਖੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ-ਜੋਤਿ ਸਮਾਉਣ ਵੇਲੇ ‘ਬਾਬਾ ਬਕਾਲੇ‘ ਸ਼ਬਦ ਕਹੇ ਜਿਸ ਤੋਂ ਉਹਨਾਂ ਦਾ ਇਸ਼ਾਰਾ ਗੁਰੂ ਤੇਗਬਹਾਦਰ ਜੀ ਵੱਲ ਸੀ ਜੋ ਉਸ ਸਮੇਂ ਬਾਬਾ ਬਕਾਲੇ ਵਿਖੇ ਰਹਿ ਰਹੇ ਸਨ ਪਰ ਬਾਬੇ ਬਕਾਲੇ ਧੀਰਮੱਲ ਵਰਗੇ ਹੋਰ ਕਈ ਗੱਦੀਆਂ ਲਗਾ ਕੇ ਗੁਰੂ ਬਣ ਬੈਠੇ ਸਨ। 

ਮਾਰਚ 1665 ਈ. ਦੀ ਵਿਸਾਖੀ ‘ਤੇ ਸੰਗਤਾਂ ਭਾਰੀ ਗਿਣਤੀ ਵਿਚ ਨੌਵੇਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ। ਉਸ ਸਮੇਂ ਸੰਗਤਾਂ ਨੇ ਭਾਈ ਮੱਖਣ ਸ਼ਾਹ ਲੁਬਾਣੇ ਦੀ ਅਗਵਾਈ ਹੇਠ ਅਸਲੀ ਗੁਰੂ ਦੀ ਪਹਿਚਾਣ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਹੋਣ ਦਾ ਐਲਾਨ ਕੀਤਾ। ਉਸ ਸਮੇਂ ਧੀਰਮੱਲ ਨੇ ਗੁਰੂ ਜੀ ‘ਤੇ ਗੋਲੀ ਵੀ ਚਲਵਾਈ ਤੇ ਸਮਾਨ ਵੀ ਲੁੱਟਿਆ ਪਰ ਗੁਰੂ ਜੀ ਨੇ ਕੋਈ ਗੁੱਸਾ ਨਾ ਕੀਤਾ। ਜਦ ਮੱਖਣ ਸ਼ਾਹ ਲੁਬਾਣੇ ਨੇ ਧੀਰਮੱਲ ਤੋਂ ਲੁੱਟਿਆ ਸਮਾਨ ਵਾਪਸ ਲਿਆਂਦਾ ਤਾਂ ਗੁਰੂ ਜੀ ਨੇ ਉਸ ਨੂੰ ਮਾਫ ਕਰ ਕੇ ਸਮਾਨ ਵੀ ਵਾਪਸ ਮੋੜ ਦਿੱਤਾ। ਗੁਰੂ ਜੀ ਨੂੰ ਧੀਰ ਮੱਲ ਤੇ ਹੋਰ ਮਸੰਦਾਂ ਵੱਲੋਂ ਕਾਫੀ ਈਰਖਾ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਣ ਉਹਨਾਂ ਨੇ ਕੀਰਤਪੁਰ ਦੇ ਉੱਤਰ ਪੱਛਮ ਵਿਚ ਪੰਜ ਮੀਲਾਂ ਦੀ ਵਿੱਥ ‘ਤੇ ਕਹਿਲੂਰ ਦੇ ਰਾਜੇ ਪਾਸੋਂ 500 ਰੁਪਏ ਵਿਚ ਜ਼ਮੀਨ ਖਰੀਦ ਕੇ ਇਕ ਨਗਰ ਵਸਾਇਆ ਜਿਸ ਦਾ ਨਾਮ ‘ਚੱਕ ਨਾਨਕੀ‘ (ਅਨੰਦਪੁਰ ਸਾਹਿਬ) ਰੱਖਿਆ। ਉਸ ਤੋਂ ਬਾਅਦ ਗੁਰੂ ਜੀ ਸਿੱਖੀ ਪ੍ਰਚਾਰ ਵਾਸਤੇ ਪਰਚਾਰਕ ਯਾਤਰਾਵਾਂ ‘ਤੇ ਨਿਕਲ ਤੁਰੇ। ਉਹ ਮਾਲਵਾ, ਬਾਂਗਰ ਹੁੰਦੇ ਹੋਏ ਆਗਰਾ, ਇਲਾਹਾਬਾਦ, ਬਨਾਰਸ,ਸਸਰਾਮ, ਗਯਾ ਅਤੇ ਪਟਨੇ ਗਏ। ਆਪਣੇ ਪਰਿਵਾਰ ਨੂੰ ਪਟਨੇ ਵਿਖੇ ਛੱਡ ਕੇ ਗੁਰੂ ਜੀ ਢਾਕੇ ਵੱਲ ਨੂੰ ਚੱਲ ਪਏ। ਢਾਕੇ ਵਿਖੇ ਹੀ ਗੁਰੂ ਜੀ ਨੂੰ ਦਸੰਬਰ 1666 ਈ. ਨੂੰ ਪਟਨਾ ਵਿਚ ਆਪਣੇ ਪੁੱਤਰ ਦੇ ਜਨਮ ਦੀ ਖਬਰ ਮਿਲੀ। ਗੁਰੂ ਜੀ ਨੇ ਪਟਨੇ ਦੀ ਸੰਗਤ ਨੂੰ ਹੁਕਮਨਾਮਾ ਭੇਜ ਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਬਾਲ ਗੋਬਿੰਦ ਰਾਇ ਦੀ ਦੇਖ ਭਾਲ ਕਰਨ ਲਈ ਕਿਹਾ।

ਉਸ ਤੋਂ ਬਾਅਦ ਗੁਰੂ ਜੀ ਢਾਕੇ ਤੋਂ ਆਸਾਮ ਵੱਲ ਗਏ ਜਿੱਥੇ ਆਸਾਮ ਦੇ ਰਾਜੇ ਅਤੇ ਰਾਜਾ ਰਾਮ ਸਿੰਘ ਦੀ ਸੁਲ੍ਹਾ ਕਰਵਾਈ। ਦੋ ਸਾਲ ਆਸਾਮ ਵਿਚ ਗੁਜ਼ਾਰ ਕੇ ਗੁਰੂ ਜੀ ਪੰਜਾਬ ਪਰਤੇ ਅਤੇ ਪਟਨੇ ਵਿਚ ਹੁਕਮਨਾਮਾ ਭੇਜ ਕੇ ਆਪਣੇ ਪਰਿਵਾਰ ਨੂੰ ਵੀ ਅਨੰਦਪੁਰ ਸਾਹਿਬ ਬੁਲਾ ਲਿਆ।

ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗਬਹਾਦਰ ਜੀ ਨੇ ਬਾਲ ਗੋਬਿੰਦ ਰਾਇ ਨੂੰ ਵੱਖ-ਵੱਖ ਕਿਸਮਾਂ ਦੀ ਸਿਖਲਾਈ ਦੇ ਕੇ ਗੁਰਗੱਦੀ ਦੇ ਸੁਯੋਗ ਬਣਾਇਆ। ਗੁਰੂ ਜੀ ਔਰੰਗਜ਼ੇਬ ਦੀ ਨੀਤੀ ਤੋਂ ਭਲੀ ਭਾਂਤ ਜਾਣੂ ਸਨ। ਇਸੇ ਕਰਕੇ ਗੁਰੂ ਸਾਹਿਬ 1673 ਈ. ਵਿਚ ਲੋਕਾਂ ਨੂੰ ਮਿਲਣ ਲਈ ਆਪਣੇ ਦੌਰੇ ‘ਤੇ ਨਿਕਲੇ ਤੇ ਹਰ ਥਾਂ ਲੋਕਾਂ

ਨੂੰ ਭੈ ਤਿਆਗ ਕੇ ਸਰਕਾਰ ਦੇ ਅੱਤਿਆਚਾਰਾਂ ਦਾ ਟਾਕਰਾ ਪੱਕੀ ਅਡੋਲਤਾ ਨਾਲ ਕਰਨ ਦਾ ਪਰਚਾਰ ਕੀਤਾ। ਇਫਤਖਾਰ ਖਾਂ ਕਸ਼ਮੀਰ ਦਾ ਗਵਰਨਰ ਸੀ। ਉਸ ਨੇ ਕਸ਼ਮੀਰ ਦੇ ਬ੍ਰਾਹਮਣਾਂ ਉੱਤੇ ਬਹੁਤ ਜ਼ੁਲਮ ਕੀਤੇ ਤੇ ਜੋਰੀਂ ਮੁਸਲਮਾਨ ਬਣਾਉਣ ਦਾ ਯਤਨ ਕੀਤਾ। ਤੰਗ ਆ ਕੇ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਵਫਦ ਮਟਨ ਨਿਵਾਸੀ ਕਿਰਪਾ ਰਾਮ ਦੱਤ ਦੀ ਅਗਵਾਈ ਵਿਚ ਅਨੰਦਪੁਰ ਸਾਹਿਬ ਪੁੱਜਾ ਤੇ 25 ਮਈ 1675 ਨੂੰ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ। ਜਿਸ ਬਾਰੇ ਭੱਟ ਵਹੀ ਵਿਚ ਇਉਂ ਲਿਖਿਆ ਹੈ: ਠਭਾਈ ਕ੍ਰਿਪਾ ਰਾਮ ਬੇਟਾ ਅੜੂ ਰਾਮ ਕਾ ਪੋਤਾ ਨਰੈਣ ਦਾਸ ਕਾ ਪੜਪੋਤਾ ਬ੍ਰਹਮ ਦਾਸ ਕਾ ਬੰਸ ਠਾਕਰ ਦਾਸ ਕੀ ਦੱਤ ਗੋਤਰਾ ਮੁਝਾਲ ਬ੍ਰਾਹਮਣ ਬਾਸੀ ਮਟਨ ਦੇਸ਼ ਕਸ਼ਮੀਰ ਸੰਮਤ ਸਤਰਾ ਸੈ ਬਤੀਸ ਜੇਠ ਮਾਸੇ ਸੁਦੀ ਇਕਾਦਸੀ ਕੇ ਦਿਹੁ ਖੋੜਸ ਬ੍ਰਾਹਮਨੋ ਗੈਲ਼ ਗ੍ਰਾਮ ਚੱਕ ਨਾਨਕੀ ਪ੍ਰਗਨਾ ਕਹਿਲੂਰ ਗੁਰੂ ਤੇਗ ਬਹਾਦਰ ਜੀ ਮਹਲਨਾਮਾ ਕੇ ਦਰਬਾਰ ਆਏ ਫਰਿਆਦੀ ਹੂਆ। ਗੁਰੂ ਜੀ ਨੇ ਇਸੇ ਧਰਿਜ ਦਈ, ਬਚਨ ਹੋਆ ਤੁਸਾਂ ਕੀ ਰਕਸ਼ਾ ਨਾਨਕ ਜੀ ਕਰੇਗਾ। (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬਲਉਤੋਂ ਕਾ) ਪੰਡਿਤ ਕਿਰਪਾ ਰਾਮ ਦੱਤ ਗੁਰੂ ਘਰ ਦੀ ਸੁਹਿਰਦਤਾ ਤੇ ਲੋਕ ਹਿਤਕਾਰੀ ਭਾਵਨਾ ਤੋਂ ਜਾਣੂ ਸੀ। ਇਸ ਤੋਂ ਇਲਾਵਾ ਕਸ਼ਮੀਰੀ ਪੰਡਿਤ ਸੋਚਦੇ ਸਨ ਕਿ ਗੁਰੂ ਸਾਹਿਬ ਬਿਨਾਂ ਕਿਸੇ ਸਰਕਾਰੀ ਰੁਕਾਵਟ ਦੇ ਤੇ ਬਿਨਾਂ ਇਤਰਾਜ ਦੇ ਬੰਗਾਲ ਅਤੇ ਆਸਾਮ ਵਿਚ ਸਿੱਖੀ ਪਰਚਾਰ ਕਰਕੇ ਕਈ ਲੋਕਾਂ ਨੂੰ ਸਿੱਖ ਬਣਾ ਕੇ ਆਏ ਸਨ। ਦੂਸਰਾ, ਜੈਪੁਰ ਵਾਲੇ ਰਾਜਾ ਰਾਮ ਸਿੰਘ ਨਾਲ ਔਰੰਗਜ਼ੇਬ ਦੇ ਸੰਬੰਧ ਬਹੁਤ ਵਧੀਆ ਸਨ ਤੇ ਰਾਜਾ ਰਾਮ ਸਿੰਘ ਗੁਰੂ ਜੀ ਦਾ ਬੜਾ ਆਦਰ ਕਰਦਾ ਸੀ। ਤੀਸਰਾ, ਗੁਰੂ ਸਾਹਿਬ ਜੀ ਦੀ ਇਕ ਉੱਚੇ ਰੱਬੀ ਪੁਰਸ਼ ਹੋਣ ਦੀ ਸ਼ੁਹਰਤ ਦੂਰ-ਦੂਰ ਤੱਕ ਫੈਲੀ ਹੋਈ ਸੀ। ਇਹਨਾਂ ਗੱਲਾਂ ਨੂੰ ਸਾਹਮਣੇ ਰੱਖ ਕੇ ਹੀ ਪੰਡਿਤ ਗੁਰੂ ਤੇਗਬਹਾਦਰ ਜੀ ਦੇ ਸਾਹਮਣੇ ਫਰਿਆਦ ਲੈ ਕੇ ਆਏ ਸਨ। ਗੁਰੂ ਜੀ ਨੇ ਪੰਡਿਤਾਂ ਨੂੰ ਧਰਵਾਸਾ ਦਿੱਤਾ। ਗੁਰੂ ਜੀ ਤੇ ਪੰਡਿਤਾਂ ਦੀ ਇਸ ਮੁਲਾਕਾਤ ਦੀ ਖਬਰ ਔਰੰਗਜ਼ੇਬ ਤੱਕ ਵੀ ਪੁੱਜ ਗਈ। ਧਾਰਮਿਕ ਕੱਟੜ ਨੀਤੀ ਦਾ ਹੋਣ ਕਰਕੇ ਉਸ ਨੇ ਗੁਰੂ ਜੀ ਦੀ ਪੰਡਿਤਾਂ ਨਾਲ ਹਮਦਰਦੀ ਨੂੰ ਆਪਣੀ ਧਾਰਮਿਕ ਨੀਤੀ ਦੇ ਰਾਹ ਵਿਚ ਰੁਕਾਵਟ ਸਮਝਿਆ ਅਤੇ ਹਸਨ ਅਬਦਾਲ ਤੋਂ ਗੁਰੂ ਜੀ ਨੂੰ ਕੈਦ ਕਰਨ ਦਾ ਹੁਕਮ ਦਿੱਤਾ। ਔਰੰਗਜ਼ੇਬ ਨੇ ਲਾਹੌਰ ਦੇ ਗਵਰਨਰ ਨੂੰ ਇਹ ਹੁਕਮ ਭੇਜਿਆ, ਉਸ ਨੇ ਇਹ ਹੁਕਮ ਸਰਹਿੰਦ ਦੇ ਫੌਜਦਾਰ ਦਿਲਾਵਰ ਖਾਂ ਨੂੰ ਦਿੱਤਾ, ਜਿਸ ਨੇ ਰੋਪੜ ਦੇ ਕੋਤਵਾਲ ਮਿਰਜਾ ਨੂਰ ਮੁਹੰਮਦ ਖਾਂ ਤੱਕ ਪਹੁੰਚਾਇਆ। ਪਰ ਇਹ ਗੱਲ ਆਮ ਲੋਕਾਂ ਤੋਂ ਖੂਫੀਆ ਰੱਖੀ ਗਈ ਤਾਂ ਕਿ ਕੋਈ ਰੁਕਾਵਟ ਨਾ ਪਵੇ। ਗੁਰੂ ਜੀ ਅਨੰਦਪੁਰ ਤੋਂ ਬਾਹਰ ਪਰਚਾਰ ਕਰਦੇ ਜਦ ਰੋਪੜ ਲਾਗੇ ਪਿੰਡ ਮਲਕਪੁਰ ਰੰਘੜਾਂ ਵਿਚ ਠਹਿਰੇ ਤਾਂ ਉੱਥੇ ਕੋਤਵਾਲ ਨੂੰ ਸੂਹੀਆਂ ਰਾਹੀਂ ਪਤਾ ਲੱਗਣ ‘ਤੇ ਉਸ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ।ਇਸ ਗੱਲ ਦੀ ਗਵਾਹੀ ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬਲਉਤੋਂ ਕਾ ਤੋਂ ਮਿਲਦੀ ਹੈ। ਉਸ ਵਿਚ ਤਾਰੀਖ 12 ਸਾਵਣ, ਸੰਮਤ 1732 ਬਿਕਰਮੀ ਜਾਂ 12 ਜੁਲਾਈ ਸੰਨ 1675 ਈ. ਮਿਲਦੀ ਹੈ, ਜੋ ਗੁਰੂ ਜੀ ਦੀ ਸ਼ਹੀਦੀ ਤੋਂ ਠੀਕ ਚਾਰ ਮਹੀਨੇ ਪਹਿਲਾਂ ਬਣਦੀ ਹੈ।ਆਮ ਪ੍ਰਚਲਤ ਵਿਚਾਰ ਹੈ ਕਿ ਗੁਰੂ ਸਾਹਿਬ ਜੀ ਨੂੰ ਆਗਰੇ ਤੋਂ ਗ੍ਰਿਫਤਾਰ ਕੀਤਾ ਗਿਆ ਪਰ ਉੱਪਰਲੀ ਲਿਖਤ ਤੋਂ ਇਲਾਵਾ ਕੋਇਰ ਸਿੰਘ ਆਪਣੀ ਪੁਸਤਕ ‘ਗੁਰਬਿਲਾਸ ਪਾਤਸ਼ਾਹੀ ਦਸਵੀਂ‘ ਵਿਚ, ਸਰੂਪ ਦਾਸ ਭੱਲਾ ‘ਮਹਿਮਾ ਪ੍ਰਕਾਸ਼‘ ਵਿਚ, ਬੀਰ ਸਿੰਘ ਬੱਲ ‘ਸਿੰਘ ਸਾਗਰ‘ ਵਿਚ ਅਤੇ ਰਤਨ ਸਿੰਘ ਭੰਗੂ ‘ਪ੍ਰਾਚੀਨ ਪੰਥ ਪ੍ਰਕਾਸ਼‘ ਵਿਚ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਆਗਰੇ ਨਹੀਂ ਬਲਕਿ ਸਿੱਧੇ ਦਿੱਲੀ ਹੀ ਲਿਜਾਏ ਗਏ।

ਗੁਰੂ ਜੀ ਨੂੰ ਕੈਦ ਕਰ ਕੇ ਸਰਹਿੰਦ ਵਿਚ ਰੱਖਿਆ ਗਿਆ। ਓਥੇ ਹੀ ਔਰੰਗਜ਼ੇਬ ਦੀ ਚਿੱਠੀ ਆਈ ਜਿਸ ਵਿਚ ਕਰਾਮਾਤ ਕਰਨ, ਧਰਮ ਬਦਲਣ ਤੇ ਮੌਤ ਵਿਚੋਂ ਇਕ ਨੂੰ ਚੁਣਨ ਲਈ ਕਿਹਾ ਗਿਆ। ਬਾਦਸ਼ਾਹ ਦੇ ਹੁਕਮ  ਅਨੁਸਾਰ5 ਜਾਂ 6ਨਵੰਬਰ 1675 ਈ ਨੂੰ ਗੁਰੂ ਸਾਹਿਬ ਜੀ ਨੂੰ ਦਿੱਲੀ ਲਿਜਾਇਆ ਗਿਆ। ਦਿੱਲੀ ਦੇ ਸੂਬੇਦਾਰ ਅਤੇ ਸ਼ਾਹੀ ਕਾਜੀ ਨੇ ਗੁਰੂ ਜੀ ਨੂੰ ਮੁਸਲਮਾਨ ਬਣ ਜਾਣ ਦੀ ਪ੍ਰੇਰਣਾ ਦੇਣ ਵਿਚ ਆਪਣੀ ਪੂਰੀ ਵਾਹ ਲਾਈ ਪਰ ਗੁਰੂ ਜੀ ਅਡੋਲ ਰਹੇ। ਅਨੇਕਾਂ ਤਸੀਹੇ ਵੀ ਦਿੱਤੇ ਗਏ। 11 ਨਵੰਬਰ 1675 ਨੂੰ ਗੁਰੂ ਜੀ ਦੇ ਸਾਥੀਆਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ, ਭਾਈ ਦਿਆਲਾ ਜੀ ਨੂੰ ਦੇਗ ਵਿਚ ਉਬਾਲ ਕੇ, ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਲਾ ਕੇ ਗੁਰੂ ਜੀ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਇਹਨਾਂ ਗੁਰਸਿੱਖਾਂ ਨੇ ਵੀ ਮੂੰਹ ਤੋਂ ਵਾਹਿਗੁਰੂ ਦਾ ਨਾਮ ਉਚਾਰਦਿਆਂ-ਉਚਾਰਦਿਆਂ ਆਪਣੇ ਸਵਾਸ ਤਿਆਗ ਦਿੱਤੇ ਅਤੇ ਸ਼ਹਾਦਤ ਪ੍ਰਾਪਤ ਕੀਤੀ।

ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅੱਗੇ ਫਿਰ ਉਹੋ ਸ਼ਰਤਾਂ ਰੱਖੀਆਂ ਗਈਆਂ ਪਰ ਗੁਰੂ ਜੀ ਨੇ ਆਪਣੇ ਧਰਮ ਦੀ ਖਾਤਰ ਅਤੇ ਜਬਰ ਦੇ ਸਾਹਮਣੇ ਨਾ ਝੁਕਦਿਆਂ ਹੋਇਆਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਵਿਚ:-

ਠੀਕਰਿ ਫੋਰਿ ਦਿਲ਼ੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ॥
ਤੇਗਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥
ਤੇਗਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥

ਇਸ ਕਾਰਜ ਵਾਸਤੇ ਜਲਾਦ ਜਲਾਲਉਦੀਨ ਨੂੰ ਸੱਦਿਆ ਗਿਆ ਅਤੇ ਚਾਂਦਨੀ ਚੌਂਕ ਵਿਚ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਦਾ ਸੀਸ ਭਾਈ ਜੈਤਾ ਜੀ ਅਨੰਦਪੁਰ ਲੈ ਆਏ ਤੇ ਗੁਰਦੁਆਰਾ ਸੀਸ ਗੰਜ ਵਾਲੇ ਅਸਥਾਨ ਤੇ ਸਸਕਾਰ ਕੀਤਾ ਗਿਆ। ਗੁਰੂ ਜੀ ਦੇ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਗੱਡੇ ਵਿਚ ਰੱਖ ਕੇ ਆਪਣੇ ਘਰ ਲੈ ਗਿਆ ਤੇ ਘਰ ਵਿਚ ਚਿਖਾ ਬਣਾ ਕੇ ਉਸ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਸਰੀਰ ਦਾ ਸਸਕਾਰ ਕੀਤਾ। ਉਸੇ ਸਥਨ ‘ਤੇ ਗੁਰਦੁਆਰਾ ਰਕਾਬਗੰਜ ਸਾਹਿਬ ਸ਼ੁਸ਼ੋਭਿਤ ਹੈ। ਭਾਵੇਂ ਕਿ ਔਰੰਗਜ਼ੇਬ ਉਸ ਸਮੇਂ ਦਿੱਲੀ ਵਿਚ ਨਹੀਂ ਸੀ ਪਰ ਸਾਰਾ ਕਾਰਜ ਉਸ ਦੇ ਹੁਕਮ ਦੇ ਰਾਹੀਂ ਹੀ ਹੋਇਆ ਸੀ।

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਇਸ ਮਹਾਨ ਸਾਕੇ ਪਿੱਛੇ ਕੋਈ ਰਾਜਸੀ ਕਾਰਣ ਨਹੀ ਸੀ ਸਗੋਂ ਬਾਦਸ਼ਾਹ ਔਰੰਗਜ਼ੇਬ ਦੀ ਉਹ ਕੱਟੜ ਧਾਰਮਿਕ ਨੀਤੀ ਸੀ ਜਿਸ ਦੁਆਰਾ ਉਹ ਇਸ ‘ਦਰਾਉਲ ਹਰਬ‘ (ਕਾਫਰਾਂ ਦੀ ਧਰਤੀ) ਨੂੰ ‘ਦਰਾਉਲ ਇਸਲਾਮ‘ (ਮੋਮਨਾਂ ਦੀ ਧਰਤੀ) ਵਿਚ ਬਦਲਣ ਦੇ ਸੁਪਨੇ ਲੈ ਰਿਹਾ ਸੀ। ਇਸ ਕਰਕੇ ਉਹ ਮੰਦਿਰਾਂ ਨੂੰ ਢਾਹ ਕੇ ਮਸਜਿਦਾਂ ਬਣਾ ਰਿਹਾ ਸੀ। ਗੁਰੂ ਤੇਗ ਬਹਾਦਰ ਜੀ ਤਾਂ ਧਾਰਮਿਕ ਸੁਤੰਤਰਤਾ ਦਾ ਸੁਨੇਹਾ ਦਿੰਦੇ ਸਨ। ਉਹ ਸਦਾ ਇਨਸਾਫ, ਸੱਚਾਈ, ਦਲੇਰੀ ਤੇ ਦਿਆਨਤਦਾਰੀ ਵਾਲਾ ਜੀਵਨ ਜੀਊਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਦੇ ਸਨ।

ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸ਼ਹੀਦੀ ਪ੍ਰਤੀ ਆਪਣੇ ਵਿਚਾਰ ‘ਬੱਚਿਤ੍ਰ ਨਾਟਕ‘ ਵਿਚ ਪੇਸ਼ ਕਰਕੇ ਗਵਾਹੀ ਭਰੀ ਹੈ ਕਿ ਗੁਰੂ ਤੇਗਬਹਾਦਰ ਜੀ ਨੇ ਤਿਲਕ ਜੰਞੂ ਦੀ ਰੱਖਿਆ ਲਈ ਅਲੌਕਿਕ ਸਾਕਾ ਕਰ ਵਿਖਾਇਆ ਤੇ ਧਰਮ ਦੀ ਖਾਤਰ ਆਪਣੀ ਸ਼ਹੀਦੀ ਦਿੱਤੀ। ਉਹਨਾਂ ਸੀਸ ਦੇ ਦਿੱਤਾ ਪਰ ਅਸੂਲ ਨਹੀਂ ਤਿਆਗੇ।

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥ਕੀਨੋ ਬਡੋ ਕਲੂ ਮਹਿ ਸਾਕਾ॥
ਧਰਮ ਹੇਤਿ ਸਾਕਾ ਜਿਨਿ ਕੀਆ॥ਸੀਸੁ ਦੀਆ ਪਰ ਸਿਰਰੁ ਨ ਦੀਆ॥

*ਕੰਵਲਦੀਪ ਸਿੰਘ
(ਵਿਦਿਆਰਥੀ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ)