ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਚੁੱਪ-ਚੁਪੀਤੇ ਪੈਰੋਲ ਦਿੱਤੀ

ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਚੁੱਪ-ਚੁਪੀਤੇ ਪੈਰੋਲ ਦਿੱਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਹਰਿਆਣਾ ਦੀ ਭਾਜਪਾ ਸਰਕਾਰ ਨੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਚੁੱਪ ਚੁਪੀਤੇ ਇਕ ਦਿਨ ਦੀ ਪੈਰੋਲ ਦੇ ਦਿੱਤੀ ਸੀ। ਇਸ ਪੈਰੋਲ ਦੀਆਂ ਖਬਰਾਂ ਹੁਣ ਬਾਹਰ ਆਈਆਂ ਹਨ ਜਦਕਿ ਇਹ ਪੈਰੋਲ ਅਕਤੂਬਰ ਮਹੀਨੇ ਵਿਚ ਦਿੱਤੀ ਗਈ ਸੀ।

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜੋ ਇਸ ਸਮੇਂ ਰੋਹਤਕ ਜੇਲ੍ਹ ਵਿਚ ਬੰਦ ਹੈ ਉਸਨੂੰ ਹਰਿਆਣਾ ਸਰਕਾਰ ਨੇ ਉਸਦੀ ਮਾਂ ਨੂੰ ਮਿਲਣ ਦੇ ਅਧਾਰ 'ਤੇ ਇਕ ਦਿਨ ਦੀ ਪੈਰੋਲ ਦਿੱਤੀ ਸੀ। 24 ਅਕਤੂਬਰ ਦੀ ਸਵੇਰ ਗੁਰਮੀਤ ਰਾਮ ਰਹੀਮ ਨੂੰ ਵੱਡੇ ਸੁਰੱਖਿਆ ਪਹਿਰੇ ਹੇਠ ਸੁਨਾਰੀਆ ਜੇਲ੍ਹ ਤੋਂ ਗੁੜਗਾਂਓਂ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਸ਼ਾਮ ਤਕ ਆਪਣੀ ਮਾਂ ਨਾਲ ਰਿਹਾ।

ਸੂਤਰਾਂ ਮੁਤਾਬਕ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਲਈ ਹਰਿਆਣਾ ਪੁਲਸ ਦੀਆਂ ਤਿੰਨ ਕੰਪਨੀਆਂ ਨੂੰ ਤੈਨਾਤ ਕੀਤਾ ਗਿਆ ਸੀ। ਇਕ ਕੰਪਨੀ ਵਿਚ 100 ਦੇ ਕਰੀਬ ਮੁਲਾਜ਼ਮ ਹੁੰਦੇ ਹਨ। ਗੁਰਮੀਤ ਰਾਮ ਰਹੀਮ ਨੂੰ ਪਰਦਿਆਂ ਵਾਲੀ ਪੁਲਸ ਗੱਡੀ ਵਿਚ ਲਿਜਾਇਆ ਗਿਆ ਤੇ ਵਾਪਸ ਲਿਆਂਦਾ ਗਿਆ। ਗੁੜਗਾਂਓਂ ਦੇ ਹਸਪਤਾਲ ਦੀ ਬੇਸਮੈਂਟ ਪਾਰਕਿੰਗ ਵਿਚ ਇਹ ਗੱਡੀਆਂ ਖੜ੍ਹੀਆਂ ਕੀਤੀਆਂ ਗਈਆਂ ਤੇ ਉਸ ਸਾਰੇ ਫਲੋਰ ਨੂੰ ਖਾਲੀ ਕਰਵਾਇਆ ਗਿਆ ਜਿੱਥੇ ਗੁਰਮੀਤ ਦੀ ਮਾਂ ਦਾ ਇਲਾਜ ਚੱਲ ਰਿਹਾ ਹੈ। 

ਰੋਹਤਕ ਦੇ ਐਸਪੀ ਰਾਹੁਲ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਰੋਹਤਕ ਜੇਲ੍ਹ ਪ੍ਰਸ਼ਾਸਨ ਵੱਲੋਂ 24 ਅਕਤੂਬਰ ਨੂੰ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਲਿਜਾਣ ਲਈ ਸੁਰੱਖਿਆ ਮੰਗੀ ਗਈ ਸੀ। 

ਹਰਿਆਣਾ ਸਰਕਾਰ ਨੇ ਇਸ ਸਭ ਇਸ ਪੱਧਰ 'ਤੇ ਚੋਰੀ ਕੀਤਾ ਕਿ ਇਸ ਕਾਰਵਾਈ ਦੀ ਖਬਰ ਸਿਰਫ ਮੁੱਖ ਮੰਤਰੀ ਅਤੇ ਹਰਿਆਣਾ ਸਰਕਾਰ ਦੇ ਕੁਝ ਉੱਚ ਅਫਸਰਾਂ ਨੂੰ ਹੀ ਸੀ, ਜਿਹਨਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਭਾਜਪਾ ਦੇ ਉੱਚ ਆਗੂਆਂ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਵਿਚ ਤੈਨਾਤ ਜਵਾਨਾਂ ਨੂੰ ਵੀ ਨਹੀਂ ਪਤਾ ਸੀ ਕਿ ਉਹ ਕਿਸ ਦੀ ਸੁਰੱਖਿਆ ਕਰ ਰਹੇ ਹਨ। 

ਮਾਹਿਰਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਦੀ ਇਸ ਚੋਰੀ ਦੀ ਕਾਰਵਾਈ ਨੇ ਹੁਣ ਗੁਰਮੀਤ ਰਾਮ ਰਹੀਮ ਦੀ ਪੱਕੀ ਜ਼ਮਾਨਤ ਲਈ ਰਾਹ ਪੱਧਰਾ ਕਰ ਦਿੱਤਾ ਹੈ।