ਜਗਤਾਰ ਸਿੰਘ ਜੱਗੀ ਜੌਹਲ ਨੂੰ ਇਕ ਕੇਸ ਵਿਚੋਂ ਜ਼ਮਾਨਤ ਮਿਲੀ, ਪਰ ਨਹੀਂ ਹੋਵੇਗੀ ਰਿਹਾਈ

ਜਗਤਾਰ ਸਿੰਘ ਜੱਗੀ ਜੌਹਲ ਨੂੰ ਇਕ ਕੇਸ ਵਿਚੋਂ ਜ਼ਮਾਨਤ ਮਿਲੀ, ਪਰ ਨਹੀਂ ਹੋਵੇਗੀ ਰਿਹਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਵਿਚ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਸਿੱਖ ਨੌਜਵਾਨ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਇੱਕ ਕੇਸ ’ਚ ਹਾਈ ਕੋਰਟ ’ਚੋਂ ਜ਼ਮਾਨਤ ਮਿਲ ਗਈ ਹੈ, ਪਰ ਹੋਰ ਕੇਸਾਂ ’ਚ ਨਾਮਜ਼ਦ ਹੋਣ ਕਾਰਨ ਉਨ੍ਹਾਂ ਦੀ ਰਿਹਾਈ ਨਹੀਂ ਹੋਵੇਗੀ। ਪੰਜਾਬ ‘ਚ ਕਰੀਬ ਚਾਰ ਸਾਲ ਪਹਿਲਾਂ ਹਿੰਦੂ ਲੀਡਰਾਂ ਦੇ ਕਤਲ ਦੇ ਮਾਮਲਿਆਂ ‘ਚ ਜੱਗੀ ਜੌਹਲ ਨੂੰ ਨਾਮਜ਼ਦ ਕੀਤਾ ਗਿਆ ਸੀ। 

ਜਗਤਾਰ ਸਿੰਘ ਜੱਗੀ ਜੌਹਲ ਬਰਤਾਨੀਆ ਰਹਿੰਦਿਆਂ ਇਕ ਵੈੱਬਸਾਈਟ ਚਲਾਉਂਦਾ ਸੀ ਜਿਸ ਉੱਤੇ ਸਿੱਖ ਸੰਘਰਸ਼ ਨਾਲ ਜੁੜੇ ਸ਼ਹੀਦਾਂ ਦੀ ਜਾਣਕਾਰੀ ਨੂੰ ਇਕੱਤਰ ਕਰਕੇ ਦੁਨੀਆ ਦੇ ਪੜ੍ਹਨ ਲਈ ਸਾਂਝਾ ਕੀਤਾ ਜਾਂਦਾ ਸੀ। 

ਜਗਤਾਰ ਸਿੰਘ ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜੱਗੀ ਜੌਹਲ ਨੂੰ ਥਾਣਾ ਬਾਘਾਪੁਰਾਣਾ ਵਿਖੇ 17 ਦਸੰਬਰ 2016 ਨੂੰ ਆਰਮਜ਼ ਅਤੇ ਯੂਏਪੀ ਐਕਟ ਤਹਿਤ ਦਰਜ ਕੇਸ ’ਚ ਹਾਈ ਕੋਰਟ ’ਚੋਂ ਜ਼ਮਾਨਤ ਮਿਲ ਗਈ ਹੈ। ਉਹ ਨਿਆਂਇਕ ਹਿਰਾਸਤ ਤਹਿਤ ਕੇਂਦਰੀ ਜੇਲ ਨੰਬਰ 1, ਤਿਹਾੜ ਨਵੀਂ ਦਿੱਲੀ ਵਿੱਚ ਬੰਦ ਹੈ। ਵਕੀਲ ਨੇ ਦੱਸਿਆ ਕਿ 8 ਹੋਰ ਕੇਸ ਪੈਂਡਿੰਗ ਹਨ ਅਤੇ ਇਨ੍ਹਾਂ ਕੇਸਾਂ ’ਚ ਵੀ ਜ਼ਮਾਨਤ ਲਈ ਹਾਈ ਕੋਰਟ ’ਚ ਅਰਜ਼ੀ ਦਾਇਰ ਕੀਤੀ ਜਾਵੇਗੀ।

ਥਾਣਾ ਬਾਜਾਖਾਨਾ (ਫ਼ਰੀਦਕੋਟ) ਵਿੱਚ 26 ਜੂਨ 2017 ਨੂੰ ਦਰਜ ਕੇਸ ’ਚ ਕਰੀਬ ਡੇਢ ਵਰ੍ਹਾ ਪਹਿਲਾਂ ਜੁਲਾਈ, 2019 ਵਿੱਚ ਫ਼ਰੀਦਕੋਟ ਦੀ ਅਦਾਲਤ ਨੇ ਜੱਗੀ ਜੌਹਲ ਤੇ ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਜੱਗੀ ਜੌਹਲ ਮੂਲ ਰੂਪ ਵਿੱਚ ਪਿੰਡ ਗੱਗੜ ਪੱਤੀ, ਜੰਡਿਆਲਾ (ਜਲੰਧਰ) ਦਾ ਰਹਿਣ ਵਾਲਾ ਹੈ। ਉਹ ਸਾਲ 2017 ਵਿੱਚ ਵਿਆਹ ਕਰਵਾਉਣ ਪੰਜਾਬ ਆਇਆ ਸੀ। ਉਨ੍ਹਾਂ ਦਾ ਵਿਆਹ 18 ਅਕਤੂਬਰ 2017 ਨੂੰ ਮਹਿਤਪੁਰ ਨੇੜਲੇ ਪਿੰਡ ਸੋਹਲ ਜਗੀਰ ਦੀ ਬੀਬੀ ਨਾਲ ਹੋਇਆ ਸੀ। ਪਰ ਕੁੱਝ ਦਿਨ ਬਾਅਦ ਹੀ 4 ਨਵੰਬਰ 2017 ਨੂੰ ਪੁਲਿਸ ਨੇ ਉਸ ਨੂੰ ਆਪਣੀ ਪਤਨੀ ਨਾਲ ਬਜ਼ਾਰ ਵਿਚੋਂ ਖਰੀਦਦਾਰੀ ਕਰਦਿਆਂ ਚੁੱਕ ਲਿਆ ਸੀ। ਹੁਣ ਉਸਨੂੰ ਭਾਰਤ ਦੀ ਹਿਰਾਸਤ  ਵਿਚ ਤਿੰਨ ਸਾਲ ਹੋ ਗਏ ਹਨ।