ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ 'ਚ ਪੰਜਾਬ ਦੇ ਰੇਗਿਸਤਾਨ ਬਣਨ ਦਾ ਜ਼ਿਕਰ ਕੀਤਾ ਗਿਆ

ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ 'ਚ ਪੰਜਾਬ ਦੇ ਰੇਗਿਸਤਾਨ ਬਣਨ ਦਾ ਜ਼ਿਕਰ ਕੀਤਾ ਗਿਆ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਮੌਕੇ ਰਾਜਪਾਲ ਵੀਪੀ ਸਿੰਘ ਬਦਨੌਰ ਵਲੋਂ ਦਿੱਤੇ ਭਾਸ਼ਣ ਵਿਚ ਵੀ ਪੰਜਾਬ ਦੀ ਬਰਬਾਦੀ ਦੇ ਹਾਲਾਤਾਂ ਨੂੰ ਮੰਨ ਲਿਆ ਗਿਆ ਹੈ। ਆਪਣੇ ਭਾਸ਼ਣ ਵਿਚ ਬਦਨੌਰ ਨੇ ਕਿਹਾ ਕਿ ਪੰਜਾਬ ਵੱਡੇ ਜਲ ਸੰਕਟ ਵੱਲ ਵਧ ਰਿਹਾ ਹੈ ਤੇ ਉਨ੍ਹਾਂ ਇਸ ਸੰਕਟ ਦੇ ਹੱਲ ਲਈ ਭਾਰਤ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ। 

ਬਦਨੌਰ ਨੇ ਕਿਹਾ ਕਿ ਜੇ ਸਰਕਾਰ ਨੇ ਛੇਤੀ ਮਦਦ ਨਾ ਕੀਤੀ ਤਾਂ ਪੰਜਾਬ ਆਉਣ ਵਾਲੇ ਸਮੇਂ ਵਿਚ ਰੇਗਿਸਤਾਨ ਵਿਚ ਬਦਲ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਕੇਂਦਰੀ ਜ਼ਮੀਨੀ ਜ਼ਲ ਬੋਰਡ ਵਲੋਂ ਪੰਜਾਬ ਦੇ ਦੋ-ਤਿਹਾਈ ਇਲਾਕੇ ਨੂੰ "ਡਾਰਕ ਜ਼ੋਨ" ਐਲਾਨ ਦਿੱਤਾ ਗਿਆ ਹੈ ਜਿੱਥੇ ਜ਼ਮੀਨੀ ਪਾਣੀ ਖਤਰਨਾਕ ਹੱਕ ਤੋਂ ਥੱਲੇ ਪਹੁੰਚ ਗਿਆ ਹੈ ਤੇ ਕਦੇ ਵੀ ਖਤਮ ਹੋ ਸਕਦਾ ਹੈ। 

ਪਾਣੀ ਦੇ ਡੂੰਘੇ ਹੁੰਦੇ ਪੱਤਣਾਂ ਤੋਂ ਇਲਾਵਾ ਪੰਜਾਬ ਦੇ ਦੁੱਧ ਵਰਗੇ ਪਾਣੀ ਵਿਚ ਘੁਲ ਚੁੱਕੇ ਜ਼ਹਿਰਾਂ ਦਾ ਵੀ ਜ਼ਿਕਰ ਕੀਤਾ ਗਿਆ। ਬਦਨੌਰ ਨੇ ਕਿਹਾ ਕਿ ਪੰਜਾਬ ਪਾਣੀ ਵਿਚ ਫਲੋਰਾਇਡ ਅਤੇ ਆਰਸੈਨਿਕ ਵਰਗੇ ਖਤਰਨਾਕ ਕੈਮੀਕਲ ਮਿਲ ਚੁੱਕੇ ਹਨ। 

ਹੁਣ ਜਦੋਂ ਸਰਕਾਰ ਵਲੋਂ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਇਹਨਾਂ ਹਾਲਾਤਾਂ ਲਈ ਜਿੰਮੇਵਾਰ ਕੌਣ? ਸ਼ਾਇਦ ਪੰਜਾਬ ਦੀ ਵਿਧਾਨ ਸਭਾ ਅਤੇ ਭਾਰਤ ਦੀ ਕੇਂਦਰੀ ਹਕੂਮਤ ਹੀ ਇਸ ਹਾਲਾਤ ਲਈ ਜ਼ਿੰਮੇਵਾਰ ਹਨ ਕਿਉਂਕਿ ਭਾਰਤ ਸਰਕਾਰ ਵਲੋਂ ਪੰਜਾਬ ਵਿਚ ਸੁੱਟੀਆਂ ਗਈਆਂ ਖੇਤੀਬਾੜੀ ਨੀਤੀਆਂ ਖਾਸ ਕਰਕੇ ਹਰੀ ਕ੍ਰਾਂਤੀ ਨੇ ਪੰਜਾਬ ਨੂੰ ਅੱਜ ਬਰਬਾਦੀ ਦੇ ਇਸ ਮੋੜ 'ਤੇ ਲਿਆ ਖੜ੍ਹਾ ਕੀਤਾ ਹੈ।

ਹੁਣ ਜਦੋਂ ਇਸ ਸਮੱਸਿਆ ਦੇ ਹੱਲ ਲੱਭਣ ਦੀ ਗੱਲ ਹੋਵੇ ਤਾਂ ਫਿਲਹਾਲ ਕੋਈ ਸਾਰਥਕ ਕਦਮ ਨਹੀਂ ਚੁੱਕੇ ਜਾ ਰਹੇ। ਸਿਰਫ ਬਿਆਨਬਾਜ਼ੀ ਹੋ ਰਹੀ ਹੈ। ਪੰਜਾਬ ੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਪੰਜਾਬ ਦੇ ਲੋਕਾਂ ਨੂੰ ਹੀ ਕੋਈ ਵਿਉਂਤਬੰਦੀ ਕਰਨੀ ਪਵੇਗੀ।