ਗਿਲਾਨੀ ਨੇ ਭਾਰਤ ਖਿਲਾਫ ਸੰਘਰਸ਼ ਜਾਰੀ ਰੱਖਣ ਲਈ ਕਸ਼ਮੀਰ ਦੇ ਲੋਕਾਂ ਨੂੰ 5-ਨੁਕਾਤੀ ਪ੍ਰੋਗਰਾਮ ਦਿੱਤਾ

ਗਿਲਾਨੀ ਨੇ ਭਾਰਤ ਖਿਲਾਫ ਸੰਘਰਸ਼ ਜਾਰੀ ਰੱਖਣ ਲਈ ਕਸ਼ਮੀਰ ਦੇ ਲੋਕਾਂ ਨੂੰ 5-ਨੁਕਾਤੀ ਪ੍ਰੋਗਰਾਮ ਦਿੱਤਾ
ਸਈਅਦ ਅਲੀ ਸ਼ਾਹ ਗਿਲਾਨੀ

ਚੰਡੀਗੜ੍ਹ: ਕਸ਼ਮੀਰ ਦੇ ਅਜ਼ਾਦੀ ਪਸੰਦ ਆਗੂ ਅਤੇ ਆਲ ਪਾਰਟੀ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਨੇ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਖਿਲਾਫ ਸੰਘਰਸ਼ ਲਈ ਪੰਜ-ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਹੈ। 23 ਅਗਸਤ ਨੂੰ ਕਸ਼ਮੀਰ ਦੇ ਲੋਕਾਂ ਦੇ ਨਾਂ ਲਿਖੀ ਗਈ ਖੁੱਲ੍ਹੀ ਚਿੱਠੀ ਵਿੱਚ ਗਿਲਾਨੀ ਨੇ ਮੋਜੂਦਾ ਹਾਲਾਤਾਂ ਨੂੰ ਬਿਆਨਦਿਆਂ ਭਾਰਤੀ ਜ਼ੁਲਮ ਦੀ ਨਿੰਦਾ ਕੀਤਾ ਹੈ। 

ਗਿਲਾਨੀ ਵੱਲੋਂ ਜਾਰੀ ਕੀਤਾ ਗਿਆ ਪ੍ਰੋਗਰਾਮ ਇਸ ਪ੍ਰਕਾਰ ਹੈ:

ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਲਈ ਅਪੀਲ
ਗਿਲਾਨੀ ਨੇ ਕਸ਼ਮੀਰ ਦੇ ਲੋਕਾਂ ਨੂੰ ਜਜ਼ਬਾਤੀ ਅਪੀਲ ਕਰਦਿਆਂ ਭਾਰਤ ਦੇ ਖਿਲਾਫ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਲਈ ਕਿਹਾ ਹੈ। ਗਿਲਾਨੀ ਨੇ ਕਸ਼ਮੀਰੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਇਲਾਕਿਆਂ ਵਿੱਚ ਭਾਰਤ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਤੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਪੂਰਾ ਜ਼ਾਬਤਾ ਰੱਖਿਆ ਜਾਵੇ ਤਾਂ ਕਿ ਕਸ਼ਮੀਰੀਆਂ ਦਾ ਕਤਲ ਕਰਨ ਲਈ ਹਥਿਆਰ ਚੁੱਕ ਕੇ ਖੜ੍ਹੇ ਦੁਸ਼ਮਣ ਨੂੰ ਕਤਲੋਗਾਰਤ ਦਾ ਮੌਕਾ ਨਾ ਮਿਲ ਸਕੇ। ਉਹਨਾਂ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਨੂੰ ਸ਼ਾਂਤਮਈ ਰੱਖਿਆ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕ ਇਹਨਾਂ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋ ਸਕਣ। ਉਹਨਾਂ ਕਿਹਾ ਕਿ ਜੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਵੀ ਭਾਰਤੀ ਫੌਜ ਇਕੱਠੇ ਹੋਏ ਲੋਕਾਂ ਨੂੰ ਮਾਰਦੀ ਹੈ ਤਾਂ ਇਸ ਜ਼ੁਲਮ ਨੂੰ ਸਾਰੀ ਦੁਨੀਆ ਦੇਖੇਗੀ।

ਸਰਕਾਰੀ ਅਫਸਰਾਂ, ਪੁਲਿਸ ਮੁਲਾਜ਼ਮਾਂ ਨੂੰ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮ ਖਿਲਾਫ ਵਿਰੋਧ ਕਰਨ ਦੀ ਅਪੀਲ
ਗਿਲਾਨੀ ਨੇ ਭਾਰਤੀ ਸਰਕਾਰ ਵਿੱਚ ਨੌਕਰੀਆਂ ਕਰਦੇ ਕਸ਼ਮੀਰ ਨਾਲ ਸਬੰਧਿਤ ਅਫਸਰਾਂ, ਪੁਲਿਸ ਮੁਲਾਜ਼ਮਾਂ ਆਦਿ ਨੂੰ ਕਿਹਾ ਹੈ ਕਿ ਉਹਨਾਂ ਨੂੰ ਹੁਣ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਭਾਵੇਂ ਉਹ ਭਾਰਤੀ ਸਟੇਟ ਵੱਲੋਂ ਕਸ਼ਮੀਰੀਆਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਵਿੱਚ ਭਾਈਵਾਲ ਸਨ ਪਰ ਫੇਰ ਵੀ ਭਾਰਤੀ ਸਟੇਟ ਉਹਨਾਂ 'ਤੇ ਭਰੋਸਾ ਨਹੀਂ ਕਰਦੀ। ਗਿਲਾਨੀ ਨੇ ਇਹਨਾਂ ਲੋਕਾਂ ਨੂੰ ਭਾਰਤ ਵੱਲੋਂ ਉਹਨਾਂ ਦੀ ਕੀਤੀ ਗਈ ਜ਼ਲਾਲਤ ਖਿਲਾਫ ਵਿਰੋਧ ਕਰਨ ਲਈ ਕਿਹਾ। 

ਗਿਲਾਨੀ ਨੇ ਕਿਹਾ ਕਿ ਸਾਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਪਿਛਲੇ ਦਿਨਾਂ ਦੌਰਾਨ ਜਦੋਂ ਭਾਰਤ ਨੇ ਕਸ਼ਮੀਰ 'ਤੇ ਸਿੱਧੇ ਕਬਜ਼ੇ ਦਾ ਐਲਾਨ ਕੀਤਾ ਤਾਂ ਕਸ਼ਮੀਰੀ ਪੁਲਿਸ ਤੋਂ ਹਥਿਆਰ ਜ਼ਬਤ ਕਰ ਲਏ ਗਏ ਅਤੇ ਸਾਰੀ ਕਮਾਂਡ ਫੌਜ ਨੂੰ ਦੇ ਦਿੱਤੀ ਗਈ। 

ਵਿਸ਼ਵ ਵਿੱਚ ਵਸਦੇ ਕਸ਼ਮੀਰੀਆਂ ਨੂੰ 'ਰਾਜਦੂਤਾਂ' ਦਾ ਕੰਮ ਕਰਨਾ ਚਾਹੀਦਾ ਹੈ
ਗਿਲਾਨੀ ਨੇ ਵਿਦੇਸ਼ਾਂ ਵਿੱਚ ਵਸਦੇ ਕਸ਼ਮੀਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਦੇ ਸੰਘਰਸ਼ ਦੇ ਰਾਜਦੂਤ ਬਣ ਕੇ ਦੁਨੀਆ ਵਿੱਚ ਇਸ ਸੰਘਰਸ਼ ਲਈ ਹਮਾਇਤ ਬਣਾਉਣ। ਗਿਲਾਨੀ ਨੇ ਕਿਹਾ ਕਿ ਕਸ਼ਮੀਰ ਤੋਂ ਬਾਹਰ ਰਹਿੰਦੇ ਕਸ਼ਮੀਰੀਆਂ ਨੂੰ ਹੋਰ ਦੱਬੇ-ਕੁਚਲੇ ਵਰਗਾਂ ਅਤੇ ਸੰਘਰਸ਼ਸ਼ੀਲ ਕੌਮਾਂ ਨਾਲ ਮਿਲ ਕੇ ਇੱਕ ਸਾਂਝਾ ਮੰਚ ਬਣਾਉਣਾ ਚਾਹੀਦਾ ਹੈ। 

ਪਾਕਿਸਤਾਨ ਦੇ ਆਗੂ ਅੱਗੇ ਆਉਣ
ਗਿਲਾਨੀ ਨੇ ਪਾਕਿਸਤਾਨ ਦੇ ਲੋਕਾਂ ਅਤੇ ਆਗੂਆਂ ਤੇ ਮੁਸਲਿਮ ਉਮਾਹ ਨੂੰ ਕਸ਼ਮੀਰੀ ਲੋਕਾਂ ਦੀ ਮਦਦ ਲਈ ਅੱਗੇ ਆਉਣ ਲਈ ਕਿਹਾ ਹੈ। ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਮਸਲੇ ਵਿੱਚ ਇੱਕ ਅਹਿਮ ਧਿਰ ਹੈ ਅਤੇ ਇਹ ਸਮਾਂ ਹੈ ਇੱਕਜੁੱਟ ਹੋ ਕੇ ਕਾਰਵਾਈ ਕਰਨ ਦਾ।

ਜੰਮੂ, ਲੱਦਾਖ ਦੇ ਵਸਨੀਕ ਆਪਣੀ ਪਛਾਣ ਬਚਾਉਣ ਲਈ ਸੰਘਰਸ਼ ਕਰਨ
ਗਿਲਾਨੀ ਨੇ ਕਿਹਾ ਕਿ ਭਾਰਤੀ ਸਟੇਟ ਦੇ ਕਬਜ਼ੇ ਦਾ ਖਤਰਾ ਸਿਰਫ ਕਸ਼ਮੀਰੀਆਂ ਨੂੰ ਹੀ ਨਹੀਂ ਬਲਕਿ ਜੰਮੂ ਦੇ ਡੋਗਰਿਆਂ, ਲੱਦਾਖ ਦੇ ਬੋਧੀਆਂ ਤੇ ਪੀਰ ਪੰਜਾਲ ਅਤੇ ਕਾਰਗਿਲ ਦੇ ਮੁਸਲਮਾਨਾਂ ਨੂੰ ਵੀ ਹੈ। ਗਿਲਾਨੀ ਨੇ ਕਿਹਾ ਕਿ ਭਾਰਤੀ ਸਟੇਟ ਸਿਰਫ ਸਾਡੀ ਜ਼ਮੀਨ 'ਤੇ ਹੀ ਕਬਜ਼ਾ ਨਹੀਂ ਕਰਨਾ ਚਾਹੁੰਦੀ ਪਰ ਉਹ ਸਾਡੀ ਸਮੂਹਿਕ ਪਛਾਣ ਅਤੇ ਭਾਈਚਾਰੇ ਨੂੰ ਵੀ ਖਤਮ ਕਰਨਾ ਚਾਹੁੰਦੀ ਹੈ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਭਾਰਤੀ ਸਟੇਟ ਖਿਲਾਫ ਸੰਘਰਸ਼ ਕਰਨਾ ਚਾਹੀਦਾ ਹੈ।

ਗਿਲਾਨੀ ਨੇ ਕਿਹਾ, "ਭਾਰਤ ਨੂੰ ਪਤਾ ਹੈ ਕਿ ਜੇ ਉਹ ਆਪਣੀ ਸਾਰੀ ਫੌਜ ਨੂੰ ਵੀ ਸਾਡੀ ਧਰਤੀ 'ਤੇ ਚੜ੍ਹਾ ਦਵੇ ਤਾਂ ਵੀ ਜੰਮੂ ਅਤੇ ਕਸ਼ਮੀਰ ਦੇ ਲੋਕ ਆਪਣੇ ਹੱਕਾਂ ਅਤੇ ਅਜ਼ਾਦੀ ਦੇ ਸੰਘਰਸ਼ ਨੂੰ ਨਹੀਂ ਛੱਡਣਗੇ।"

ਗਿਲਾਨੀ ਨੇ ਕਿਹਾ ਕਿ ਭਾਰਤ ਸਰਕਾਰ ਦੀ ਇਸ ਕਾਰਵਾਈ ਨੇ ਭਾਰਤੀ ਸਟੇਟ ਦੇ ਜ਼ਾਲਮ ਚਿਹਰੇ ਨੂੰ ਨੰਗਾ ਕੀਤਾ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਹਾਕਮ ਤਾਕਤ ਦੇ ਨਸ਼ੇ ਅਤੇ ਬਹੁਗਿਣਤੀ ਦੇ ਹੰਕਾਰ ਵਿੱਚ ਅੰਨ੍ਹੇ ਹੋ ਗਏ ਹਨ। 

ਗਿਲਾਨੀ ਨੇ ਕਿਹਾ ਕਿ ਭਾਰਤ ਦੀਆਂ ਲੱਖ ਕੋਸ਼ਿਸ਼ ਦੇ ਬਾਵਜੂਦ ਕਸ਼ਮੀਰ ਦਾ ਮਸਲਾ ਇਸ ਵਾਰ ਦੁਨੀਆ ਪੱਧਰ 'ਤੇ ਸਭ ਤੋਂ ਵੱਧ ਚੁੱਕਿਆ ਗਿਆ ਹੈ। ਇਸ ਲਈ ਉਹਨਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਕਸ਼ਮੀਰ ਸਬੰਧੀ ਹੋਈ ਬੈਠਕ ਅਤੇ ਕੌਮਾਂਤਰੀ ਮੀਡੀਆ ਵਿੱਚ ਹੋਈ ਘਟਨਾਵਾਂ ਦੀ ਰਿਪੋਰਟਿੰਗ ਦਾ ਹਵਾਲਾ ਦਿੱਤਾ।