ਮੁਸੀਬਤ ਦੇ ਮਾਰੇ ਕਸ਼ਮੀਰੀ ਵਿਦਿਆਰਥੀਆਂ ਨੂੰ ਭੋਜਨ ਵੰਡ ਰਹੀ ਖਾਲਸਾ ਏਡ 'ਤੇ ਹਮਲਾਵਰ ਹੋਈ ਭੀੜ

ਮੁਸੀਬਤ ਦੇ ਮਾਰੇ ਕਸ਼ਮੀਰੀ ਵਿਦਿਆਰਥੀਆਂ ਨੂੰ ਭੋਜਨ ਵੰਡ ਰਹੀ ਖਾਲਸਾ ਏਡ 'ਤੇ ਹਮਲਾਵਰ ਹੋਈ ਭੀੜ

ਦੇਹਰਾਦੂਨ: ਇੱਥੇ ਮੁਸੀਬਤ ਵਿੱਚ ਫਸੇ ਕਸ਼ਮੀਰੀ ਵਿਦਿਆਰਥੀਆਂ ਨੂੰ ਖਾਣ ਲਈ ਲੰਗਰ ਦੇ ਰਹੇ ਖਾਲਸਾ ਏਡ ਦੇ ਸੇਵਾਦਾਰਾਂ 'ਤੇ ਸਥਾਨਕ ਲੋਕਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇੱਥੋਂ ਦੀ ਐੱਮਡੀਡੀਏ ਕਲੋਨੀ ਵਿੱਚ ਰਹਿੰਦੇ ਜੰਮੂ ਕਸ਼ਮੀਰ ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਜਦੋਂ ਖਾਲਸਾ ਏਡ ਦੇ ਸੇਵਾਦਾਰ ਖਾਣ ਦੀਆਂ ਵਸਤਾਂ ਦੇ ਰਹੇ ਸਨ ਤਾਂ ਸਥਾਨਕ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਥਾਨਕ ਲੋਕਾਂ ਦੀ ਭੀੜ ਨੇ ਇਹ ਕਹਿ ਕੇ ਖਾਲਸਾ ਏਡ ਦੇ ਸੇਵਾਦਾਰਾਂ 'ਤੇ ਹਮਲਾ ਕੀਤਾ ਕਿ ਇਹ ਲੋਕ ਖਾਣ ਵਾਲੇ ਡੱਬਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਹਥਿਆਰ ਦੇ ਰਹੇ ਹਨ। ਇਸ ਤੋਂ ਇਲਾਵਾ ਇਸ ਹਜ਼ੂਮੀ ਭੀੜ ਨੇ ਇਸ ਸੇਵਾ ਵਿੱਚ ਰੋਕ ਲਾਉਣ ਲਈ ਦੂਜਾ ਬਹਾਨਾ ਇਹ ਲਾਇਆ ਕਿ ਲੰਗਰ ਦੀ ਸੇਵਾ ਨਾਲ ਇਲਾਕੇ ਵਿੱਚ ਗੰਦ ਪੈਂਦਾ ਹੈ ਅਤੇ ਕੁੱਝ ਵੀ ਕਰਨ ਤੋਂ ਪਹਿਲਾਂ ਖਾਲਸਾ ਏਡ 5000 ਰੁਪਏ ਜਮ੍ਹਾ ਕਰਵਾਏ।

ਮੌਕੇ 'ਤੇ ਮੋਜੂਦ ਰਹੇ ਜੰਮੂ ਕਸ਼ਮੀਰ ਸਟੂਡੈਂਟ ਐਸੋਸੀਏਸ਼ਨ ਦੇ ਬੁਲਾਰੇ ਨਾਸੀਰ ਖੂਏਹਾਮੀ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿੱਚ ਲੋਕਾਂ ਦੀ ਬੀਤੇ ਕਈ ਦਿਨਾਂ ਤੋਂ ਕੀਤੀ ਗਈ ਨਜ਼ਰਬੰਦੀ ਕਾਰਨ ਕਸ਼ਮੀਰੀ ਵਿਦਿਆਰਥੀਆਂ ਕੋਲ ਖਰਚੇ ਲਈ ਰਕਮ ਖਤਮ ਹੋ ਗਈ ਹੈ ਜਿਸ ਕਾਰਨ ਜ਼ਰੂਰਤਮੰਦ ਵਿਦਿਆਰਥੀਆਂ ਦੇ ਭੋਜਨ ਦਾ ਇੰਤਜ਼ਾਮ ਕਰਕੇ ਵਿਦਿਆਰਥੀਆਂ ਨੂੰ ਵੰਡਿਆ ਜਾ ਰਿਹਾ ਸੀ। ਇਸ ਲਈ 40-50 ਵਿਦਿਆਰਥੀ ਭੋਜਨ ਦੇ ਪੈਕੇਟ ਲੈਣ ਲਈ ਕਲੋਨੀ ਵਿੱਚ ਇਕੱਤਰ ਹੋਏ ਸਨ। ਉਹਨਾਂ ਕਿਹਾ ਕਿ ਇਸ ਦਾ ਕਲੋਨੀ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। 

ਵਿਦਿਆਰਥੀਆਂ ਨੇ ਸਥਾਨਕ ਲੋਕਾਂ ਨੂੰ ਆਪਣੇ ਭੋਜਨ ਦੇ ਪੈਕੇਟ ਖੋਲ੍ਹ ਕੇ ਵੀ ਵਖਾਏ ਪਰ ਨਫਰਤ ਦੀ ਭਰੀ ਹਜ਼ੂਮੀ ਭੀੜ ਆਪਣਾ ਕਾਰਾ ਕਰਨ ਤੋਂ ਨਾ ਟਲੀ।