ਹਾਲ-ਏ-ਭਾਰਤ: ਬਦਨਾਮੀ ਵਿਚ ਸਿਖਰਾਂ ਵੱਲ, ਆਰਥਿਕਤਾ ਵਿਚ ਡੂੰਘੇ ਗੋਤੇ

ਹਾਲ-ਏ-ਭਾਰਤ: ਬਦਨਾਮੀ ਵਿਚ ਸਿਖਰਾਂ ਵੱਲ, ਆਰਥਿਕਤਾ ਵਿਚ ਡੂੰਘੇ ਗੋਤੇ

ਨਵੀਂ ਦਿੱਲੀ: ਭਾਰਤ ਜਿੱਥੇ ਦੁਨੀਆ ਵਿਚ ਨੈਤਿਕਤਾ ਪੱਖੋਂ ਬਦਨਾਮੀ ਦੇ ਸਿਖਰਾਂ 'ਤੇ ਪਹੁੰਚ ਰਿਹਾ ਹੈ ਉੱਥੇ ਹੀ ਭਾਰਤ ਦੀ ਵਿਕਾਸ ਦਰ ਲਗਾਤਾਰ ਡੂੰਘੇ ਗੋਤੇ ਲਾ ਰਹੀ ਹੈ। ਸਾਲ 2019 ਦੀ ਆਖਰੀ ਤਿਮਾਹੀ (ਅਕਤੂਬਰ ਤੋਂ ਦਸੰਬਰ) ਦੀ ਜੀਡੀਪੀ ਵਿਕਾਸ ਦਰ 4.7 ਫੀਸਦੀ ਦਰਜ ਕੀਤੀ ਗਈ ਹੈ। ਇਹ ਪਹਿਲਾਂ ਤੋਂ ਅੰਦਾਜ਼ਨ ਤੈਅ ਕੀਤੀ 5 ਫੀਸਦੀ ਨਾਲੋਂ ਵੀ ਘਟ ਗਈ ਹੈ। 

2019-20 ਦੀਆਂ ਅਗਲੀਆਂ ਦੋ ਆਖਰੀ ਤਿਮਾਹੀਆਂ ਵਿਚ ਵੀ ਇਹ ਵਿਕਾਸ ਦਰ ਵਧਣ ਦੇ ਕੋਈ ਅਸਾਰ ਨਹੀਂ ਹਨ। ਭਾਰਤ ਦਾ ਰਿਜ਼ਰਵ ਬੈਂਕ ਪਹਿਲਾਂ ਹੀ ਇਸ ਸਮੇਂ ਵਿਚ ਵਿਕਾਸ ਦਰ ਘੱਟ ਰਹਿਣ ਬਾਰੇ ਕਹਿ ਚੁੱਕਿਆ ਹੈ ਜਿਸ ਦਾ ਮੁੱਖ ਕਾਰਨ ਕੋਰੋਨਾਵਾਇਰਸ ਨਾਲ ਵਪਾਰ 'ਤੇ ਪਏ ਮਾੜੇ ਅਸਰ ਨੂੰ ਦੱਸਿਆ ਜਾ ਰਿਹਾ ਹੈ। 

2019-20 ਵਰ੍ਹੇ ਦੇ ਪਹਿਲੇ 9 ਮਹੀਨਿਆਂ ਲਈ ਭਾਰਤ ਦੀ ਜੀਡੀਪੀ ਵਿਕਾਸ ਦਰ 5.1 ਫੀਸਦੀ ਦਰਜ ਕੀਤੀ ਗਈ ਹੈ ਜਦਕਿ ਸਾਲ 2018-19 ਵਿਚ ਇਸ ਸਮੇਂ ਲਈ ਇਹ ਦਰ 6.3 ਫੀਸਦੀ ਦਰਜ ਕੀਤੀ ਗਈ ਸੀ। 

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਦਿੱਲੀ ਵਿਚ ਘੱਟਗਿਣਤੀ ਮੁਸਲਿਮ ਭਾਈਚਾਰੇ ਵੱਲੋਂ ਵਿਵਾਦਤ ਨਾਗਰਿਕਤਾ ਸੋਧ ਕਾਨੂੰਨ ਸੀਏਏ ਖਿਲਾਫ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ 'ਤੇ ਹੋਏ ਹਮਲਿਆਂ, ਕਸ਼ਮੀਰ ਵਿਚ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਸਮੇਤ ਘੱਟਗਿਣਤੀਆਂ 'ਤੇ ਹੁੰਦੇ ਜ਼ੁਲਮਾਂ ਕਾਰਨ ਭਾਰਤ ਦੀ ਦੁਨੀਆ ਭਰ ਵਿਚ ਬਦਨਾਮੀ ਹੋ ਰਹੀ ਹੈ।