ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ - ਜੱਜ ਜੈਫਰੀ ਬਰੈਂਡ

ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ - ਜੱਜ ਜੈਫਰੀ ਬਰੈਂਡ
ਕੋਰਟ ਵਿੱਚ ਖੱਜਲ ਖ਼ੁਆਰ ਕਰਣ ਵਾਲੇ ਚਿਹਰੇ

(ਬਾਸਾ-ਗੁਰਮੀਤ ਸਿੰਘ ਧੜੇ ਨੇ ਕੇਸ ਹਾਰਨ ਤੋਂ ਬਾਅਦ ਜੱਜ ਦੇ ਫ਼ੈਸਲੇ ਵਿਰੁੱਧ ਕੀਤੀ ਅਪੀਲ ਦਾਇਰ)

ਫਰੀਮਾਂਟ: ਪਿੱਛਲੇ ਸਾਲ 8 ਮਾਰਚ ਨੂੰ ਗੁਰਦੂਆਰਾ ਸਾਹਿਬ ਚੋਣਾਂ ਵਿੱਚ ਸਿੱਖ ਪੰਚਾਇਤ ਨੇ ਤਕਰੀਬਨ 1200 ਵੋਟਾਂ ਨਾਲ ਬਾਸਾ-ਗੁਰਮੀਤ ਸਿੰਘ ਧੜੇ ਵੱਲੋਂ ਬਣਾਈ ਸਿੱਖ ਸੰਗਤ ਬੇਏਰੀਆ ਸਲੇਟ ਨੂੰ ਬੁਰੀ ਤਰਾਂ ਹਰਾਇਆ ਸੀ। ਹਾਰੀ ਹੋਈ ਸਲੇਟ ਨੇ ਸੰਗਤ ਦੇ ਫ਼ਤਵੇ ਨੂੰ ਨਾਂ ਮੰਨਦੇ ਹੋਏ ਕਚਹਿਰੀ ਵਿੱਚ ਵੋਟਾਂ ਵਿੱਚ ਧਾਂਦਲੀਆਂ ਹੋਣ ਦਾ ਕੇਸ ਕਰ ਦਿੱਤਾ ਸੀ। ਕੁੱਲ 7600 ਵੋਟਾਂ ਪਈਆਂ ਸਨ ਅਤੇ ਇਸ ਧਿਰ ਨੇ ਕਿਹਾ ਸੀ ਉਹਨਾਂ ਵਿੱਚੋਂ 4400 ਜਾਅਲੀ ਹਨ। ਗੱਲ ਤਾਂ ਆਪਣੇ ਆਪ ਵਿੱਚ ਹੀ ਮੂਰਖਾਨਾ ਸੀ ਪਰ ਕਨੂੰਨ ਦੀ ਦੁਰਵਰਤੋਂ ਕਰਦੇ ਹੋਏ ਇਹ ਆਪਣਾ ਕਬਜ਼ਾ ਜਮਾਈ ਰੱਖਣਾ ਚਾਹੁੰਦੇ ਸਨ। ਇਹਨਾਂ ਦੇ ਕੇਸ ਵਿੱਚ ਕੋਈ ਵਜ਼ਨ ਨਹੀਂ ਸੀ ਕਿਉਂ ਕਿ ਇਹਨਾਂ ਨੇ ਸੰਗਤ ਨੂੰ ਗੁੰਮਰਾਹ ਕਰਨ ਲਈ ਜੋ ਕਹਾਣੀਆਂ ਘੜੀਆਂ ਸਨ ਉਹੀ ਜੱਜ ਸਾਹਮਣੇ ਰੱਖੀਆਂ। ਜੱਜ ਨੇ ਧਾਰਮਿਕ ਸੰਸਥਾ ਹੋਣ ਕਰਕੇ ਇਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਜ਼ਰੂਰਤ ਤੋਂ ਜ਼ਿਆਦਾ ਸਮਾਂ ਦਿੱਤਾ। ਇਹਨਾਂ ਨੇ ਇਸ ਗੱਲ ਦਾ ਫ਼ਾਇਦਾ ਲੈਂਦੇ ਹੋਏ ਕੇਸ ਲਮਕਾਇਆ ਅਤੇ ਅਖੀਰ ਇੱਕ ਸਾਲ ਬਾਅਦ ਜੱਜ ਨੇ ਫੈਸਲਾ ਸਿੱਖ ਪੰਚਾਇਤ ਦੇ ਹੱਕ ਵਿੱਚ ਕਰਕੇ ਨਵੀਂ ਸੁਪਰੀਮ ਕੌਂਸਲ ਨੂੰ 3 ਮਈ ਤੋਂ ਚਾਰਜ ਦੇ ਦਿੱਤਾ। ਯਾਦ ਰਹੇ, ਜੱਜ ਜੈਫਰੀ ਬਰਾਂਡ ਨੇ 31 ਸਫ਼ਿਆਂ ਦੇ ਫ਼ੈਸਲੇ ਵਿੱਚ ਇਹਨਾਂ ਵੱਲੋਂ ਸਿੱਖ ਪੰਚਾਇਤ ਤੇ ਲਾਏ ਹਰੇਕ ਦੋਸ਼ ਦਾ ਬਾਖੂਬੀ ਨਾਲ ਵਿਆਖਿਆ ਦੇ ਕੇ ਇਹਨਾਂ ਦਾ ਮੂੰਹ ਭੰਨਿਆ ਸੀ। ਇਹਨਾਂ ਦੇ ਸਟਾਰ ਗਵਾਹ ਦੀਆਂ ਚਲਾਕੀਆਂ ਧਰੀਆਂ-ਧਰਾਈਆਂ ਰਹਿ ਗਈਆਂ ਸਨ। ਉਸਨੇ ਪੰਜ ਪਿਆਰਿਆਂ ਦੇ ਸਿਧਾਂਤ ਤੇ ਕਿੰਤੂ ਕਰਨ ਤੋਂ ਵਗੈਰ ਰੱਜ ਕੇ ਝੂਠ ਬੋਲਿਆ ਸੀ। ਜੱਜ ਸਾਹਮਣੇ ਇਹ ਧੜਾ ਇੱਕ ਵੀ ਜਾਅਲੀ ਵੋਟ ਦਾ ਸਬੂਤ ਪੇਸ਼ ਨਹੀਂ ਕਰ ਸਕਿਆ।

ਬਾਸਾ-ਗੁਰਮੀਤ ਧੜੇ ਨੇ ਆਪਣੇ ਸੁਭਾਅ ਮੁਤਾਬਕ ਇੱਥੋਂ ਦੇ ਲੀਗਲ ਸਿਸਟਮ ਦੀ ਪੂਰਨ ਦੁਰਵਰਤੋਂ ਕਰਦੇ ਹੋਏ ਜੱਜ ਦੇ ਵਿਰੁੱਧ ਵੀ ਅਪੀਲ ਕਰ ਦਿੱਤੀ ਹਾਲਾਂ ਕਿ ਇਹਨਾਂ ਦਾ ਵਕੀਲ ਚੱਲਦੇ ਕੇਸ ਵੇਲੇ ਜੱਜ ਨੂੰ ਗੁੰਮਰਾਹ ਕਰਨ ਲਈ ਅਪੀਲ ਨਾਂ ਕਰਨ ਦੀ ਗੱਲ ਕਰਦਾ ਰਿਹਾ ਹੈ। ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ। ਵਕੀਲ ਵੀ ਇਹਨਾਂ ਵਰਗਾ ਧੋਖੇਬਾਜ਼ ਹੀ ਲੱਗਦਾ ਹੈ। ਅਪੀਲ ਦਾਇਰ ਕਰਦੇ ਹੋਏ ਇਹਨਾਂ ਦੇ ਵਕੀਲ ਨੇ ਸਿੱਖ ਪੰਚਾਇਤ ਨੂੰ ਫ਼ਰਮਾਨ ਜਾਰੀ ਕਰ ਦਿੱਤਾ ਕਿ ਜੱਜ ਦੇ ਫ਼ੈਸਲੇ ਤੇ ਰੋਕ ਲੱਗ ਗਈ ਹੈ ਇਸਲਈ ਇਹਨਾਂ ਦਾ ਧੜਾ ਹੀ ਪ੍ਰਬੰਧ ਤੇ ਪਹਿਲਾਂ ਵਾਂਗ ਕਾਬਜ਼ ਰਹੇਗਾ। ਸਿੱਖ ਪੰਚਾਇਤ ਦੇ ਵਕੀਲ ਟਰੈਵਰ ਜ਼ਿੰਕ ਨੇ ਕਿਹਾ ਕਿ ਜੱਜ ਨੇ ਨਵੀਂ ਸੁਪਰੀਮ ਕੌਂਸਲ ਨੂੰ ਚਾਰਜ ਦੇ ਦਿੱਤਾ ਹੈ ਇਸਲਈ ਹੁਣ ਉਹ ਚਾਰਜ ਨਹੀਂ ਛੱਡਣਗੇ ਅਤੇ ਨਵੀਂ ਸੁਪਰੀਮ ਕੌਂਸਲ ਹੀ ਗੁਰਦੂਆਰਾ ਸਾਹਿਬ ਦਾ ਪ੍ਰਬੰਧ ਚਲਾਏਗੀ। ਇਸ ਵੇਲੇ ਸਿੱਖ ਪੰਚਾਇਤ ਦੀ ਨਵੀਂ ਚੁਣੀ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾ ਰਹੀ ਹੈ। 

ਬਾਸਾ-ਗੁਰਮੀਤ ਸਿੰਘ ਧੜੇ ਨੇ ਰੋਕ ਲੁਆਉਣ ਲਈ ਜੱਜ ਕੋਲ ਅੱਜ ਐਮਰਜੈਂਸੀ ਅਪੀਲ ਦਾਇਰ ਕਰ ਦਿੱਤੀ ਸੀ ਅਤੇ ਧਮਕੀ ਦਿੱਤੀ ਸੀ ਕਿ ਐਤਵਾਰ ਨੂੰ ਮਹੌਲ ਖ਼ਰਾਬ ਹੋ ਸਕਦਾ ਹੈ ਇਸਲਈ ਫੈਸਲਾ ਅੱਜ ਹੀ ਦਿੱਤਾ ਜਾਵੇ। ਪਰ ਜੱਜ ਨੇ ਅੱਜ ਇਸ ਐਮਰਜੈਂਸੀ ਅਰਜ਼ੀ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਕਿਹਾ ਕਿ ਨਵੀਂ ਸੁਪਰੀਮ ਕੌਂਸਲ ਹੀ ਅਗਲੇ ਫ਼ੈਸਲੇ ਤੱਕ ਪ੍ਰਬੰਧ ਚਲਾਏਗੀ। ਜੱਜ ਨੇ ਇਸ ਕੇਸ ਦੀ ਸੁਣਵਾਈ ਦੀ ਤਰੀਕ 15 ਮਈ ਰੱਖੀ ਹੈ

ਉਪਰਲੀ ਕਚਹਿਰੀ ਜਿਸਨੂੰ ਅਪੈਲਟ ਕੋਰਟ ਕਿਹਾ ਜਾਂਦਾ ਹੈ ਉਸ ਵਿੱਚ ਕਈ ਵਾਰੀ ਫੈਸਲਾ ਕਰਨ ਵਿੱਚ 2-3 ਸਾਲ ਵੀ ਲੱਗ ਜਾਂਦੇ ਹਨ। ਵਿਰੋਧੀ ਧਿਰ ਉੰਨਾ ਸਮਾਂ ਗੁਰਦੂਆਰਾ ਸਾਹਿਬ ਤੇ ਹੋਰ ਕਾਬਜ਼ ਰਹਿਣਾ ਚਾਹੁੰਦੀ ਹੈ। ਇਸਦੇ ਪ੍ਰਤੀਕਰਮ ਵਜੋਂ ਸਿੱਖ ਪੰਚਾਇਤ ਨੇ ਕਿਹਾ ਕਿ ਇਹ ਲੋਕਾਂ ਨੇ ਮਾੜੀ ਰੀਤ ਤੌਰ ਦਿੱਤੀ ਹੈ ਜਿਸਨਾਲ ਗੁਰਦੂਆਰਾ ਸਾਹਿਬ ਚੋਣਾਂ ਖਤਮ ਹੋ ਜਾਣਗੀਆਂ। ਜੇ ਪ੍ਰਬੰਧ ਵਿੱਚਲੇ ਬੰਦੇ ਚੋਣਾਂ ਹਾਰ ਜਾਣਗੇ ਤਾਂ ਉਹ ਕਨੂੰਨ ਦਾ ਸਹਾਰਾ ਲੈ ਕੇ ਜਿੱਤੀ ਪਾਰਟੀ ਨੂੰ ਦੋ ਤਿੰਨ ਸਾਲ ਅਦਾਲਤਾਂ ਵਿੱਚ ਘੁੰਮਾਈ ਫਿਰਣਗੇ। ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਇਸਤਰਾਂ ਗੁਰਦੂਆਰਾ ਸਾਹਿਬ ਅਤੇ ਸੰਗਤ ਨੂੰ ਖ਼ੁਆਰ ਕਰਦੇ ਹਨ ਉਹਨਾਂ ਬਾਰੇ ਸਾਨੂੰ ਠੋਸ ਫ਼ੈਸਲੇ ਲੈਣੇ ਪੈਣਗੇ ਨਹੀਂ ਤਾਂ 4-5 ਬੰਦੇ ਜਦੋਂ ਮਰਜ਼ੀ ਗੁਰਦੂਆਰਾ ਸਾਹਿਬ ਨੂੰ ਕੋਰਟਾਂ ਵਿੱਚ ਘਸੀਟ ਕੇ ਮਹੌਲ ਖ਼ਰਾਬ ਕਰਦੇ ਰਹਿਣਗੇ।