ਮੁਹੱਬਤ ਦੀ ਐਨਕ "ਸਿੱਖ  ਮੁਸਲਿਮ ਸੰਬੰਧ"

 ਮੁਹੱਬਤ ਦੀ ਐਨਕ

ਸੂਫ਼ੀ ਅਮਨ ਦਾ ਪ੍ਰਚਾਰਕ ਹੁੰਦਾ ਏ।

" ਸਿੱਖ  ਮੁਸਲਿਮ ਸੰਬੰਧਾਂ ਨੂੰ ਮੁੱਖ ਰੱਖਦਿਆਂ ਅਸੀਂ ਇਤਿਹਾਸ ਦੀਆਂ ਪੰਨਿਆਂ ਨੂੰ ਜਦੋਂ ਵੀ ਫਰੋਲਦੇ ਹਾਂ ਤਾਂ ਸਾਨੂੰ  ਇਸਰਾਂ ਕਿਉਂ ਹਰ ਸ਼ੈ ਵੱਖਰੀ ਵੱਖਰੀ ਅਤੇ ਹੋਰੀਂ ਜਾਪਦੀ ਹੈ ? " ਜਸਵੰਤ ਸਿੰਘ ਨੇ ਸਵਾਲ ਕੀਤਾ।

" ਵੇਖੋ ਇਸਰਾਂ ਨਹੀਂ ਹੈ  ਜਦੋਂ ਅਸੀਂ ਇਤਿਹਾਸ ਦੇ ਪੜ੍ਹਿਆਰ ਬਣ ਕੇ ਕੁਝ ਗੌਰ  ਕਰਨੇ ਹਾਂ ਤੇ ਸਾਨੂੰ ਇਹ ਗੱਲ ਸਭ ਤੋਂ ਪਹਿਲਾਂ ਸਮਝਣੀ ਚਾਹੀਦੀ ਹੈ ਪਈ ਇਤਿਹਾਸ ਨੂੰ ਇਕ ਖ਼ਾਸ ਨਜ਼ਰ ਦੀ ਐਨਕ ਨਾਲ਼ ਵੇਖਣ ਵਾਲੇ ਇਸਰਾਂ ਸਮਝਦੇ ਨੇ ਪਈ ਕੁੱਝ ਵੀ ਚੰਗਾ ਨਹੀਂ ਸੀ। ਸਾਨੂੰ  ਐਨਕ  ਲਾਣੀ ਜ਼ਰੂਰ ਚਾਹੀਦੀ ਹੈ ਪਰ ਮੁਹੱਬਤ ਦੀ ਐਨਕ  ਲਾਣੀ ਚਾਹੀਦੀ ਹੈ।  ਜਿਸ ਕਰਕੇ  ਇਤਿਹਾਸ ਦੀਆਂ ਪੰਨਿਆਂ ਉਪਰ ਜੰਮੀ ਨਫ਼ਰਤ ਦੀ ਧੂੜ ਖ਼ਤਮ ਹੋ ਜਾਂਦੀ ਹੈ ", ਪ੍ਰੋਫ਼ੈਸਰ ਜਤਿੰਦਰ ਸਿੰਘ ਹੋਰਾਂ ਨੇ ਕਿਹਾ । ਪੰਜਾਬੀ ਯੂਨੀਵਰਸਿਟੀ ਦੀ ਇਤਿਹਾਸ ਦੀ ਕਲਾਸ ਵਿਚ ਅੱਜ ਵੀ ਹਮੇਸ਼ ਵਾਕਣ ਬਹਿਸ ਜਾਰੀ ਸੀ।

" ਅਸੀਂ ਸਿੱਖ ਮੁਸਲਿਮ ਸੰਬੰਧਾਂ ਬਾਰੇ ਹਨੇਰਿਆਂ ਵਿਚ ਹਾਂ। ਹੱਕੀ ਗੱਲ ਤੇ ਇਹ ਪਈ ਸਿੱਖ ਮੁਸਲਿਮ ਸੰਬੰਧ ਹਮੇਸ਼ ਤੋਂ ਬਹੁਤ ਚੰਗੇ ਰਹੇ ਨੇ " , ਪ੍ਰੋਫ਼ੈਸਰ ਜਤਿੰਦਰ ਸਿੰਘ ਬੋਲਦਾ ਪਿਆ ਸੀ। " ਪਰ ਸਰ ਅਸੀਂ ਆਪਣੇ  ਪੁਰਖਿਆਂ ਕੋਲ਼ੋਂ ਹਮੇਸ਼ਾ ਤੋਂ ਇਹ ਹੀ ਸੁਣਦੇ ਆ ਰਹੇ  ਹਾਂ ਪਈ ਮੁਸਲਮਾਨਾਂ ਨਾਲ਼ ਸਾਡਾ ਸੰਬੰਧ ਕੋਈ ਇੰਨਾਂ ਵਧੀਆ ਨਹੀਂ ਰਿਹਾ " , ਸਤਵੰਤ ਕੌਰ ਨੇ ਸਵਾਲ ਕੀਤਾ।

" ਤੁਸੀ ਆਪਣੀ ਜਗ੍ਹਾ ਉੱਤੇ  ਠੀਕ ਆਖ ਰਹੇ ਓ। ਪਰ ਹੱਕੀ ਗੱਲ ਤੇ ਇਹ ਵੀ ਸਾਡੇ ਵਾਕਣ ਸਾਡੇ ਪੁਰਖੇ ਵੀ ਇਤਿਹਾਸ ਨੂੰ ਇੱਕ ਖ਼ਾਸ ਨਜ਼ਰ ਦੀ ਐਨਕ ਨਾਲ਼ ਵੇਖਦੇ ਰਹੇ ਨੇ। ਪਰ ਦੁੱਖ ਵਾਲ਼ੀ ਗੱਲ ਇਹ ਹੈ ਪਈ ਉਨ੍ਹਾਂ ਵਿਚੋਂ ਘੱਟ ਲੋਕਾਂ ਨੇ ਮੁਹੱਬਤ ਦੀ ਐਨਕ ਵਰਤੀ। ਮੈਂ ਸਿੱਖੀ ਇਤਿਹਾਸ ਨੂੰ ਮੁੱਖ ਰੱਖਦਿਆਂ ਕੁੱਝ ਵੰਨਗੀਆਂ ਤੁਹਾਡੇ ਸਾਮ੍ਹਣੇ ਰੱਖਣਾਂ ਤਾਂ ਜੋ ਤੁਹਾਡੇ ਸਾਮ੍ਹਣੇ ਸਾਰੀ ਗੱਲ ਨਿੱਤਰ ਕੇ ਆ ਜਾਵੇ " , ਪ੍ਰੋਫ਼ੈਸਰ ਜਤਿੰਦਰ ਸਿੰਘ ਨੇ ਕਿਹਾ।

" ਸਿੱਖੀ ਦੇ ਮੋਢੀ ਸ੍ਰੀ ਬਾਬਾ ਗੁਰ ਨਾਨਕ ਜੀ ਮਹਾਰਾਜ ਦੀ ਜਨਮ ਭੂਮੀ ਦਾ ਨਾਂ ਰਾਏ ਭੋਇ ਦੀ ਤਲਵੰਡੀ ਸੀ। ਤੁਹਾਨੂੰ ਪਤਾ ਹੈ ਪਈ ਸਰਦਾਰ ਮਾਣਕ ਰਾਏ ਬੁਲਾਰ ਮੁਹੰਮਦ ਭੱਟੀ ਮੁਸਲਮਾਨ ਸੀ। ਸਿੱਖ  ਇਤਿਹਾਸ ਦੱਸਦਾ ਹੈ ਪਈ ਨਾਨਕ ਪਿਆਰ ਅੰਦਰ ਰਾਏ ਬੁਲਾਰ ਮੁਹੰਮਦ ਭੱਟੀ ਨੇ ਰਾਏ ਭੋਇ ਦੀ ਤਲਵੰਡੀ ਦਾ ਨਾਂ ਨਨਕਾਣਾ ਸਾਹਿਬ ਰੱਖ ਦਿੱਤਾ। ਅੱਛਾ, ਗੱਲ ਨਿਰੀ ਉਥੇ ਨਹੀਂ ਮੁੱਕਦੀ ਰਾਏ ਬੁਲਾਰ ਮੁਹੰਮਦ ਭੱਟੀ ਪੰਦਰਾਂ ਸੌ ਮੁਰੱਬਿਆਂ ਦਾ ਮਾਲਕ ਸੀ। ਉਹਨੇ ਅਠਾਰਾਂ ਸੌ ਪੀਲੀ ( ?) ਜ਼ਮੀਨ ਸ੍ਰੀ ਗੁਰ ਨਾਨਕ ਸਾਹਿਬ ਦੇ ਨਾਂ ਅਰਪਣ ਕਰ ਦਿੱਤੀ। ਜਿਨ੍ਹਾਂ ਉੱਪਰ ਹੁਣ ਨਨਕਾਣਾ ਸਾਹਿਬ ਆਬਾਦ ਹੈ " , ਪ੍ਰੋਫ਼ੈਸਰ ਜਤਿੰਦਰ ਸਿੰਘ ਬੋਲ ਰਿਹਾ ਸੀ।

" ਸਰ ਜੀ ਇਹ ਤੇ ਬੜੀ ਹੈਰਾਨੀ ਵਾਲ਼ੀ ਗੱਲ ਹੈ । " ਇਕ ਸ਼ਾਗਿਰਦ ਬੋਲਿਆ।

" ਹੈਰਾਨੀ ਵਾਲ਼ੀ ਗੱਲ ਤੇ ਆਪੇ ਲੱਗਣੀ ਹੈ ਜਦੋਂ ਅਸੀਂ ਮੁਹੱਬਤ ਦੀ ਐਨਕ ਲਗਾਣ ਦੀ ਤਕਲੀਫ਼ ਹੀ ਨਹੀਂ ਕੀਤੀ। ਇਕ ਹੋਰ ਵੰਨਗੀ ਦੇਖੋ ", ਪ੍ਰੋਫ਼ੈਸਰ ਜਤਿੰਦਰ ਸਿੰਘ ਨੇ ਕਿਹਾ।

" ਤੁਸੀ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰ ਗ੍ਰੰਥ ਸਾਹਿਬ ਦੇ ਵਿਚ ਮੁਸਲਮਾਨ ਬਜ਼ੁਰਗਾਂ ਦੀ ਬਾਣੀ ਦਰਜ ਕਰਨਾ ਤੇ ਸਿੱਖ  ਸੰਗਤਾਂ ਦਾ ਇਸ ਬਾਣੀ ਨੂੰ ਬੜੇ ਅਦਬ ਨਾਲ਼ ਪੜ੍ਹਨਾ, ਸਿੱਖ ਮੁਸਲਿਮ ਏਕਤਾ ਦੀ ਬੜੀ  ਅਣਮਿਟ ਯਾਦਗਾਰ ਹੈ। ਸਿੱਖ ਇਤਿਹਾਸ ਦੱਸਦਾ ਹੈ ਜਦੋਂ ਗੁਰੂ ਅਰਜਨ ਦੇਵ ਜੀ ਸ੍ਰੀ ਹਰਮਿੰਦਰ ਸਾਹਿਬ ਦੀ ਬੁਨਿਆਦ ਰੱਖਣ ਲੱਗੇ ਤਾਂ ਉਸ ਸਮੇ ਉਨ੍ਹਾਂ ਨੇ ਕਈ ਸਾਧੂਆਂ, ਸੰਗਤਾਂ, ਪੀਰਾਂ ਫ਼ਕੀਰਾਂ ਨੂੰ ਸੱਦਾ ਦਿੱਤਾ ਸੀ। ਇਸ ਇਕੱਠ ਵਿਚ ਗੁਰੂ ਸਾਹਿਬ ਨੇ ਸ੍ਰੀ ਹਰਮਿੰਦਰ ਸਾਹਿਬ ਦੀ ਬੁਨਿਆਦ ਰੱਖਣ ਯੋਗ ਕਿਸੇ ਨੂੰ ਸਮਝਿਆ ਤੇ ਉਹ ਸਾਈਂ ਮੀਆਂ ਮੀਰ ਜੀ ਸਨ।" ਪ੍ਰੋਫ਼ੈਸਰ ਜਤਿੰਦਰ ਸਿੰਘ ਦੀ ਆਵਾਜ਼ ਕਲਾਸ ਰੂਮ ਵਿਚ ਗੂੰਜ ਰਹੀ ਸੀ।

ਮੈਂ ਇਕ ਹੋਰ ਵੰਨਗੀ ਤੁਹਾਡੇ ਸਾਮ੍ਹਣੇ ਪੇਸ਼ ਕਰਨਾਂ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮੁਸਲਮਾਨ ਸੱਯਦ ਪੀਰ ਮੁਹੰਮਦ ਤੋਂ ਅਰਬੀ, ਫ਼ਾਰਸੀ ਅਤੇ ਉਰਦੂ ਦੀਆਂ ਜ਼ਬਾਨਾਂ ਪੜ੍ਹੀਆਂ। ਏਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਸੱਯਦ ਪੀਰ ਮੁਹੰਮਦ ਹੋਰਾਂ ਦਾ ਅੰਤਾਂ ਦਾ ਇਹਤਰਾਮ ਕਰਦੇ ਸਨ। ਉਨ੍ਹਾਂ ਨੂੰ ਆਪਣਾ ਉਸਤਾਦ ਸਮਝਦੇ ਸਨ। ਇਥੇ ਮੈਂ ਇਕ ਗੱਲ ਹੋਰ ਦੱਸ ਦੇਵਾਂ ਕਿ ਜਦੋਂ ਘੇਰਾ  ਪੈ ਗਿਆ, ਇਹ ਗੱਲ ਬਾਦਸ਼ਾਹ ਨੇ ਆਖ ਦਿੱਤੀ ਪਈ  ਗੁਰੂ ਗੋਬਿੰਦ ਸਿੰਘ ਹੋਰੀਂ ਜਿਸ ਘਰੋਂ ਮਿਲਣਗੇ ਉਸ ਘਰ ਵਾਲ਼ਿਆਂ ਨੂੰ ਵੀ ਮਾਰ ਦਿੱਤਾ ਜਾਏਗਾ। ਉਸ ਸਮੇਂ ਪੰਜਾਬਾ ਸਿੰਘ ਅਤੇ ਹੁਕਮ ਸਿੰਘ ਗੁਰੂ  ਗੋਬਿੰਦ ਸਿੰਘ ਜੀ ਹੋਰਾਂ ਅੱਗੇ ਹੱਥ ਬੰਨ੍ਹ ਖਲੋਤੇ। ਉਸ ਵਕਤ ਭਾਈ ਗ਼ਨੀ ਖ਼ਾਨ ਤੇ ਨਬੀ ਖ਼ਾਨ ਅੱਗੇ ਵਧੇ ਤੇ ਉਨ੍ਹਾਂ ਨੇ ਗੁਰੂ ਹੋਰਾਂ ਨੂੰ ਪਾਲਕੀ ਵਿਚ ਬਿਠਾ ਕੇ ਓਥੋਂ ਕੱਢਿਆ। ਜਦੋਂ ਸੰਤਰੀਆਂ ਨੇ ਪੁੱਛਿਆ ਇਹ ਪਾਲਕੀ ਵਿਚ ਕੌਣ ਨੇ ? ਭਾਈ ਨਬੀ ਖ਼ਾਨ ਅਤੇ ਗ਼ਨੀ ਖ਼ਾਨ ਹੋਰਾਂ ਨੇ ਕਿਹਾ ਪਈ ਇਹ ਉੱਚੇ ਪੀਰ ਨੇ। ਸੰਤਰੀਆਂ ਕੋਲ਼ ਗੁਰੂ  ਗੋਬਿੰਦ ਸਿੰਘ ਸਾਹਿਬ ਹੋਰਾਂ ਦੀ ਤਸਵੀਰ ਤੇ ਹੈ ਕੋਈ ਨਹੀਂ ਸੀ। ਉਨ੍ਹਾਂ ਨੂੰ ਸ਼ੱਕ ਗੁਜ਼ਰਿਆ ਤੇ ਉਹ ਤਸਦੀਕ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਸਤਾਦ ਪੀਰ ਸੱਯਦ ਮੁਹੰਮਦ ਸ਼ਾਹ ਹੋਰਾਂ ਨੂੰ ਲੈ ਆਏ ਤਾਂ ਜੋ ਉਨ੍ਹਾਂ ਨੂੰ ਪੁੱਛਿਆ ਜਾਏ ਪਈ ਇਹ ਕੌਣ ਨੇਂ। ਪੀਰ ਸੱਯਦ ਮੁਹੰਮਦ ਸ਼ਾਹ ਹੋਰਾਂ ਦੀ ਉਮਰ ਬਹੁਤ ਹੋ ਚੁੱਕੀ ਸੀ, ਉਹ ਚੋਖੇ ਬੁੱਢੇ ਹੋ ਚੁੱਕੇ ਸਨ। ਉਸਤਾਦ ਆਪਣੇ ਸ਼ਾਗਿਰਦ ਨੂੰ ਇਕ ਮਿੰਟ ਤੋਂ ਪਹਿਲਾਂ ਪਛਾਣ  ਲੈਂਦਾ ਹੈ। ਉਨ੍ਹਾਂ ਨੇ ਜਦੋਂ ਵੇਖਿਆ ਤਾਂ ਉਨ੍ਹਾਂ ਨੇ ਵੀ ਪਛਾਣ  ਲਿਆ। ਪਰ ਉਹ ਕਿਉਂ ਜੋ ਸੱਯਦ ਸਨ ਅਤੇ ਆਲਮਦੀਨ ਸਨ। ਉਨ੍ਹਾਂ ਨੇ ਝੂਠ ਬੋਲਣਾ ਚੰਗਾ ਨਾ ਸਮਝਿਆ। ਉਨ੍ਹਾਂ ਨੇ ਸੰਤਰੀਆਂ ਨੂੰ ਪੁੱਛਿਆ ਪਈ ਇਹ ਕੀ ਆਖਦੇ ਨੇ ਪਈ ਇਹ ਕੌਣ ਨੇ। ਸੰਤਰੀਆਂ ਆਖਿਆ ਜੀ ਇਹ ਆਖਦੇ ਨੇ ਪਈ ਇਹ ਉੱਚੇ ਪੀਰ ਨੇ।ਸੱਯਦ ਪੀਰ ਮੁਹੰਮਦ ਸ਼ਾਹ ਹੋਰਾਂ ਨੇ ਆਖਿਆ ਪਈ ਹਾਂ ਇਹ ਮੈਨੂੰ ਵੀ ਕੋਈ ਉੱਚੇ ਪੀਰ ਈ ਲਗਦੇ ਨੇ। ਇਸਰਾਂ ਗੁਰੂ  ਗੋਬਿੰਦ ਸਿੰਘ ਜੀ ਨੂੰ ਨਬੀ ਖ਼ਾਨ ਅਤੇ ਗ਼ਨੀ ਖ਼ਾਨ ਤੇ ਉਸਤਾਦ ਪੀਰ ਮੁਹੰਮਦ ਸ਼ਾਹ ਹੋਰਾਂ ਨੇ ਓਥੋਂ ਵਕਤ ਦੇ ਜ਼ਾਲਮ ਬਾਦਸ਼ਾਹ ਦੀ ਫ਼ੌਜ ਕੋਲ਼ੋਂ ਕੱਢ ਲਿਆਂਦਾ।ਇਸਰਾਂ ਈ ਬਾਜ਼ਾਂ ਵਾਲ਼ੇ ਗੁਰੂ ਜੀ ਦੇ ਨਾਂ ਨਾਲ਼ ਮਸ਼ਹੂਰ ਹੋਣ ਵਾਲ਼ੇੇ ਗੁਰੂ ਜੀ ਨੂੰ ਬਾਜ਼ ਤੁਹਾਨੂੰ ਪਤਾ ਕਿਸ ਨੇ ਦਿੱਤੇ ਸਨ ?" ਜਤਿੰਦਰ ਸਿੰਘ ਨੇ ਪੁੱਛਿਆ ਸਭੇ ਪੜ੍ਹਿਆਰ ਚੁੱਪ ਕਰ ਗਏ।

" ਉਨ੍ਹਾਂ ਨੂੰ ਬਾਜ਼ ਪਟਨਾ  ਦੇ ਰਹੀਮ ਬਖ਼ਸ਼ ਅਤੇ ਕਰੀਮ ਬਖ਼ਸ਼ ਹੋਰਾਂ ਨੇ ਦਿੱਤੇ ਸਨ।ਵਿਚਾਰਨ ਵਾਲ਼ੀ ਗੱਲ ਇਹ ਪਈ ਗਿਫ਼ਟ ਤਾਂ ਉਨ੍ਹਾਂ ਦਾ ਕਬੂਲਿਆ ਜਾਂਦਾ ਹੈ ਜਿਨ੍ਹਾਂ ਨਾਲ਼ ਡੂੰਘਾ ਅੰਗ ਸਾਕ ਹੋਵੇ। ਇਸਰਾਂ ਹੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੇ ਹਜ਼ਰਤ ਅਲੀ ਪਾਕ  ਯਾਂ ਹਜ਼ਰਤ ਇਮਾਮ ਹੁਸੈਨ  ਪਾਕ ਦੀ ਤਲਵਾਰ ਗੁਰੂ ਸਾਹਿਬ ਨੂੰ ਦਿੱਤੀ ਜਿਹੜੀ ਅੱਜ ਵੀ ਸ੍ਰੀ ਆਨੰਦਪੁਰ ਸਾਹਿਬ ਵਿਚ ਮੌਜੂਦ ਹੈ।" ਪ੍ਰੋਫ਼ੈਸਰ ਜਤਿੰਦਰ ਸਿੰਘ ਹੋਰੀਂ ਸਵਾਹਰੇ ਬੋਲਦੇ ਪਏ ਸਨ ਤੇ ਸ਼ਾਗਿਰਦ  ਉਨ੍ਹਾਂ ਦੇ  ਸ਼ਬਦਾਂ ਨੂੰ ਅੱਖਰਾਂ ਦਾ ਬਾਣਾ ਪਵਾ ਰਹੇ ਸਨ। ਸਭੇ ਸ਼ਾਗਿਰਦ ਹੈਰਾਨੀ ਦੇ ਸਮੁੰਦਰ ਵਿਚ ਡੁੱਬੇ ਸਨ।

" ਜ਼ੁਲਮ ਬੜਾ ਹੋਇਆ ਛੋਟੇ  ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜ਼ਾਲਮਾਂ ਨੇ ਜ਼ੁਲਮ ਦੀ ਹੱਦ ਮੁਕਾ ਛੱਡੀ। ਇਸ ਤੋਂ ਅੱਡ ਹੋਰ ਵੀ ਗੁਰੂ ਸਾਹਿਬਾਂ ਨੂੰ ਬਹੁਤ ਤਕਲੀਫਾਂ ਦਿੱਤੀਆਂ ਗਈਆਂ। ਪਰ ਅੱਜ ਵਕਤ ਦੀ ਲੋੜ ਹੈ ਮੁਹੱਬਤ ਦੀ ਐਨਕ  ਪਾਈ ਜਾਵੇ ਤੇ ਭਾਈਚਾਰੇ ਦਾ ਪ੍ਰਚਾਰ ਕੀਤਾ ਜਾਵੇ। ਜਿਨ੍ਹਾਂ ਜ਼ੁਲਮ ਕੀਤਾ ਉਹ ਮੁਸਲਮਾਨ ਨਹੀਂ ਸਨ, ਮੁਸਲਮਾਨਾਂ ਦੇ ਨਾਂ ਤੇ ਇੱਕ ਧੱਬਾ ਸਨ। ਬਾਬਾ ਫ਼ਰੀਦ,  ਸ੍ਰੀ ਗੁਰੂ ਨਾਨਕ ਮਹਾਰਾਜ,  ਬੁੱਲ੍ਹਾ, ਵਾਰਸ ਮੁਹੱਬਤ ਦੇ ਪ੍ਰਚਾਰ ਕਰਨ ਵਾਲ਼ੇ ਸਨ। ਸੂਫ਼ੀ ਅਮਨ ਦਾ ਪ੍ਰਚਾਰਕ ਹੁੰਦਾ ਏ। ਮੁਹੱਬਤ ਦਾ ਪੈਗ਼ਾਮ ਦੇਣ ਵਾਲਾ ਹੁੰਦਾ ਹੈ।" ਪ੍ਰੋਫ਼ੈਸਰ ਆਪਣੀ ਕਲਾਸ ਨੂੰ ਖ਼ਬਰੇ ਕਿੰਨਾ ਕੁੱਝ  ਝੱਟ ਵਿੱਚ ਦੱਸ ਗਿਆ।

ਪ੍ਰੋਫ਼ੈਸਰ ਜਤਿੰਦਰ ਸਿੰਘ ਦੀ ਕਲਾਸ ਮੁੱਕਣ ਤਾਈਂ ਸਭੇ ਸ਼ਾਗਿਰਦਾਂ ਨੂੰ ਮੁਹੱਬਤ ਦੀ ਐਨਕ ਪਵਾ ਚੁੱਕਾ ਸੀ।

 ਡਾ ਗ਼ਜ਼ਨਫ਼ਰ

 (ਲਹਿੰਦਾ ਪੰਜਾਬ)