ਸਿਆਸੀ ਚੌਧਰੀਆਂ ਦੇ ਮੂੰਹ 'ਤੇ ਚਪੇੜ ਮਾਰਨ ਲਈ 'ਚਿੱਟੀਆਂ ਚੁੰਨੀਆਂ' ਚੋਣ ਮੈਦਾਨ ਵਿੱਚ ਆਈਆਂ

ਸਿਆਸੀ ਚੌਧਰੀਆਂ ਦੇ ਮੂੰਹ 'ਤੇ ਚਪੇੜ ਮਾਰਨ ਲਈ 'ਚਿੱਟੀਆਂ ਚੁੰਨੀਆਂ' ਚੋਣ ਮੈਦਾਨ ਵਿੱਚ ਆਈਆਂ
ਕਾਗ਼ਜ਼ ਦਾਖਲ ਕਰਨ ਮਗਰੋਂ ਪੱਲਾ ਅੱਡ ਕੇ ਤਿੱਲ ਫੁੱਲ ਇਕੱਠਾ ਕਰਦੀਆਂ ਹੋਈਆਂ ਬੀਬੀਆਂ

ਚੰਡੀਗੜ੍ਹ: ਚੋਣਾਂ ਦੇ ਦੌਰ ਆਉਂਦੇ ਜਾਂਦੇ ਰਹਿੰਦੇ ਨੇ ਪਰ ਚਾਰ ਦਿਨਾਂ ਦੇ ਰੌਲੇ ਗੌਲੇ ਮਗਰੋਂ ਪੰਜਾਬ ਦੇ ਦਰਦ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਇਸ ਚੋਣ ਪ੍ਰਣਾਲੀ ਵਾਲੇ ਰਾਜ ਪ੍ਰਬੰਧ ਦੇ ਝੂਠੇ ਵਾਅਦਿਆਂ ਤੋਂ ਤੰਗ ਪੰਜਾਬ ਦੀ ਕਿਸਾਨੀ ਨਾਲ ਸਬੰਧਿਤ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਦੋ ਵਿਧਵਾਵਾਂ ਵੀਰਪਾਲ ਕੌਰ ਅਤੇ ਮਨਜੀਤ ਕੌਰ ਨੇ ਬਠਿੰਡਾ ਸੰਸਦੀ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਕੇ ਅਨੋਖੇ ਰੂਪ ਵਿੱਚ ਆਪਣੇ ਦਰਦ ਨੂੰ ਸੱਥਾਂ ਵਿੱਚ ਲਜਾਉਣ, ਲੋਕਾਂ ਨੂੰ ਜਾਗਰੁੱਕ ਕਰਨ ਅਤੇ ਸਿਆਸੀ ਚੌਧਰੀਆਂ ਦੇ ਮੂੰਹ 'ਤੇ ਚਪੇੜ ਮਾਰਨ ਦਾ ਫੈਂਸਲਾ ਕੀਤਾ ਹੈ। 

ਉਨ੍ਹਾਂ ਦੇ ਸਿਰਾਂ ਦੀਆਂ ਚਿੱਟੀਆਂ ਚੁੰਨੀਆਂ ਤੇ ਚਿਹਰੇ ’ਤੇ ਛਾਈ ਉਦਾਸੀ ਇਹ ਦੱਸਣ ਲਈ ਕਾਫ਼ੀ ਸੀ ਕਿ ਉਹ ਇਸ ਰਾਹ ’ਤੇ ਕਿਉਂ ਤੁਰੀਆਂ ਨੇ। ਚਿੱਟੀਆਂ ਚੁੰਨੀਆਂ ਵਾਲਾ ਰੋਡ ਸ਼ੋਅ ਉਸ ਸਿਆਸੀ ਤਮਾਸ਼ੇ ’ਤੇ ਚਪੇੜ ਸੀ, ਜੋ ਕਿਸਾਨਾਂ ਨੂੰ ਮਹਿਜ਼ ਵੋਟ ਬੈਂਕ ਸਮਝਦੇ ਹਨ। ਵੀਰਪਾਲ ਕੌਰ ਤੇ ਮਨਜੀਤ ਕੌਰ ਨੇ ਚੋਣ ਪ੍ਰਚਾਰ ਖਾਤਰ ਚਿੱਟੀਆਂ ਚੁੰਨੀਆਂ ਦਾ ਪੱਲਾ ਅੱਡਿਆ ਤਾਂ ਕਿਸੇ ਦੀ ਜੇਬ੍ਹ ’ਚੋਂ ਪੰਜ ਰੁਪਏ ਤੇ ਕਿਸੇ ’ਚੋਂ ਦਸ ਰੁਪਏ ਨਿਕਲੇ। ਜਿਹੜੇ ਰਾਹਗੀਰ ਇਸ ਚਿੱਟੇ ਪੱਲੇ ਦੇ ਮਾਇਨੇ ਤੋਂ ਵਾਕਫ਼ ਸਨ, ਉਨ੍ਹਾਂ ਨੇ ਵੀ ਆਪਣੀਆਂ ਜੇਬ੍ਹਾਂ ਨੂੰ ਹੱਥ ਪਾਇਆ।

ਦੋਵੇਂ ਵਿਧਵਾਵਾਂ ਕਿਸਾਨਾਂ ਦੇ ਦੁੱਖਾਂ ਦੀ ਪੰਡ ਚੁੱਕ ਕੇ ਬਠਿੰਡਾ ਹਲਕੇ ਦੇ ਸਿਆਸੀ ਮੁਹਾਜ਼ ’ਤੇ ਉੱਤਰੀਆਂ ਹਨ। ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਕਨਵੀਨਰ ਕਿਰਨਜੀਤ ਕੌਰ ਨੇ ਕਿਹਾ ਕਿ ਹੁਣ ਵਿਧਵਾਵਾਂ ਦਾ ਇਕੱਠ ਹੋਵੇਗਾ, ਜੋ ਫੈਸਲਾ ਕਰੇਗਾ ਕਿ ਚੋਣ ਵੀਰਪਾਲ ਲੜੇਗੀ ਜਾਂ ਮਨਜੀਤ। ਇਨ੍ਹਾਂ ਵਿਧਵਾਵਾਂ ਕੋਲ ਕਾਗ਼ਜ਼ ਦਾਖਲ ਕਰਨ ਮੌਕੇ ਦਿੱਤੀ ਜਾਣ ਵਾਲੀ ਜ਼ਮਾਨਤ ਰਾਸ਼ੀ ਵੀ ਨਹੀਂ ਸੀ। ਪੰਜ ਪੰਜ ਰੁਪਏ ਪੀੜਤ ਪਰਿਵਾਰਾਂ ਨੇ ਇਕੱਠੇ ਕੀਤੇ, ਤਾਂ ਜੋ ਜ਼ਮਾਨਤ ਰਾਸ਼ੀ ਜੁੜ ਸਕੇ।

ਨਾਮਜ਼ਦਗੀਆਂ ਦਾਖ਼ਲ ਕਰਨ ਮੌਕੇ ਆਈ.ਡੀ.ਪੀ ਦੇ ਕਰਨੈਲ ਜਖੇਪਲ ਇਨ੍ਹਾਂ ਔਰਤਾਂ ਨਾਲ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜਦੋਂ ਵਿਧਵਾਵਾਂ ਨੂੰ ਸਿਆਸੀ ਮੁਹਾਜ਼ ਤੇ ਅਜਿਹੇ ਹਾਲਾਤ ਵਿੱਚ ਨਿੱਤਰਨਾ ਪਏ ਤਾਂ ਸਮਝ ਲਓ ਕਿ ਪੰਜਾਬ ਵਿਚ ਹੁਣ ਸੁੱਖ ਨਹੀਂ। ਪਿੰਡ ਰੱਲਾ ਦੀ ਵੀਰਪਾਲ ਕੌਰ ਆਪਣੇ ਘਰ ਦੇ ਤਿੰਨ ਕਮਾਊ ਜੀਅ ਖੇਤੀ ਸੰਕਟਾਂ ਵਿੱਚ ਗੁਆ ਚੁੱਕੀ ਹੈ ਜਦੋਂ ਕਿ ਖਿਆਲਾ ਕਲਾਂ ਦੀ ਮਨਜੀਤ ਕੌਰ ਦਾ ਪਤੀ ਸੁਖਦੇਵ ਸਿੰਘ ਕਰਜ਼ੇ ਦੀ ਭੇਟ ਚੜ ਚੁੱਕਾ ਹੈ। ਇਨ੍ਹਾਂ ਵਿਧਵਾਵਾਂ ਨੂੰ ਕਿਧਰੋਂ ਕੋਈ ਇਮਦਾਦ ਨਹੀਂ ਮਿਲੀ। ਵੀਰਪਾਲ ਦੇ ਬੱਚਿਆਂ ਨੂੰ ਕੋਈ ਐਨਆਰਆਈ ਪੜਾ ਰਿਹਾ ਹੈ।

ਬਠਿੰਡਾ ਹਲਕੇ ਵਿਚ ਕੈਪਟਨ ਦੇ ਰਾਜ ਦੌਰਾਨ ਕਰੀਬ 210 ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਕਰ ਚੁੱਕੇ ਹਨ। ਬਠਿੰਡਾ ਸ਼ਹਿਰ ਵਿੱਚ ਚਿੱਟੇ ਦਿਨ ਰੋਡ ਸ਼ੋਅ ਨਾਲ ਕਾਗ਼ਜ਼ ਦਾਖਲ ਕਰਨ ਪੁੱਜੀਆਂ ਵਿਧਵਾਵਾਂ ਦੇ ਹੱਥਾਂ ਵਿੱਚ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ। ਤਖ਼ਤੀਆਂ ਵੀ ਚਿੱਟੀਆਂ ਸਨ ਜਿਨ੍ਹਾਂ ’ਤੇ ਲਿਖੇ ਕਾਲੇ ਅੱਖਰ ਉਨ੍ਹਾਂ ਦੇ ਲੇਖਾਂ ਦਾ ਬਿਰਤਾਂਤ ਪੇਸ਼ ਕਰਦੇ ਸਨ। ‘ਵੱਡਿਆਂ ਘਰਾਂ ਨੂੰ ਚੁਣੌਤੀ, ਖੇਤੀ ਨੀਤੀ ਕਿਉਂ ਨਹੀਂ, ਖੁਦਕੁਸ਼ੀ ਦਾ ਰਾਹ ਛੱਡ ਸੰਘਰਸ਼ ਦਾ ਪੱਲਾ ਫੜ’ ਆਦਿ ਨਾਅਰੇ ਇਨ੍ਹਾਂ ਤਖਤੀਆਂ ’ਤੇ ਉੱਕਰੇ ਹੋਏ ਸਨ।

ਬਠਿੰਡਾ ਤੇ ਮਾਨਸਾ ਜ਼ਿਲ੍ਹੇ ਨੂੰ ਸਭ ਤੋਂ ਵੱਡਾ ਸੇਕ ਖੇਤੀ ਸੰਕਟ ਦਾ ਲੱਗਾ ਹੈ। ਕੋਈ ਪਿੰਡ ਖੁਦਕੁਸ਼ੀ ਵਾਲੇ ਸੱਥਰਾਂ ਤੋਂ ਨਹੀਂ ਬਚਿਆ। ਚਿੱਟੀ ਚੁੰਨੀ ਤਾਂ ਪ੍ਰਤੀਕ ਹੀ ਬਣ ਗਈ ਹੈ। ਜਿਸ ਘਰ ਵਿਚ ਜਿੰਨੀਆਂ ਚਿੱਟੀਆਂ ਚੁੰਨੀਆਂ, ਉਨ੍ਹਾਂ ਤੋਂ ਅੰਦਾਜ਼ੇ ਲਗਾ ਲਓ ਕਿ ਕਰਜ਼ ਦਾ ਫਾਹਾ ਕਿੰਨੇ ਜੀਆਂ ਦੇ ਗਲਾਂ ਵਿਚ ਪਿਆ। ਹੁਣ ਇਨ੍ਹਾਂ ਵਿਧਵਾਵਾਂ ਵਲੋਂ ਪਿੰਡ ਪਿੰਡ ਉਨ੍ਹਾਂ ਔਰਤਾਂ ਦੇ ਇਕੱਠ ਕੀਤੇ ਜਾਣਗੇ ਜਿਨ੍ਹਾਂ ਦੇ ਜੀਅ ਖੇਤੀ ਕਰਜ਼ ਦੇ ਬੋਝ ਹੇਠ ਦਬ ਕੇ ਖੁਦਕੁਸ਼ੀ ਦੇ ਰਾਹ ਚਲੇ ਗਏ। ਇਨ੍ਹਾਂ ਵਿਧਵਾਵਾਂ ਨੇ ਹੁਣ ਨਵਾਂ ਰਾਹ ਕੱਢਣ ਦਾ ਬੀੜਾ ਚੁੱਕਿਆ ਹੈ।

ਵੀਰਪਾਲ ਕੌਰ ਦੀ ਪੌਣੇ ਤਿੰਨ ਲੱਖ ਰੁਪਏ ਦੀ ਜਾਇਦਾਦ ਹੈ ਜਦੋਂ ਕਿ ਉਸਦੇ ਸਿਰ 5.90 ਲੱਖ ਰੁਪਏ ਦਾ ਕਰਜ਼ਾ ਹੈ। ਹਲਫ਼ਨਾਮੇ ਅਨੁਸਾਰ ਇਸ ਵਿਧਵਾ ਕੋਲ ਕੋਈ ਘਰ ਨਹੀਂ ਅਤੇ ਸਿਰਫ਼ ਦੋ ਲੱਖ ਰੁਪਏ ਦੀ ਕੀਮਤ ਵਾਲੀ ਜ਼ਮੀਨ ਹੈ। ਇਸ ਵਿਧਵਾ ਨੇ ਦੋ ਜਣਿਆਂ ਦਾ 5.90 ਲੱਖ ਰੁਪਏ ਦਾ ਕਰਜ਼ਾ ਦੇਣਾ ਹੈ। ਉਧਰ ਮਨਜੀਤ ਕੌਰ ਕੋਲ ਕੋਈ ਜ਼ਮੀਨ ਹੀ ਨਹੀਂ। ਸਿਰਫ਼ ਪੰਜ ਲੱਖ ਦੀ ਕੀਮਤ ਵਾਲਾ ਘਰ ਹੈ ਜਦੋਂ ਕਿ ਉਹਦੇ ਸਿਰ ਵੀ ਪੰਜ ਲੱਖ ਰੁਪਏ ਦਾ ਕਰਜ਼ਾ ਹੈ। ਦੂਜੇ ਪਾਸੇ ਉਸੇ ਸਮੇਂ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਦਾਖਲ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ 13.82 ਕਰੋੜ ਦੀ ਜਾਇਦਾਦ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ