ਕੋਰੋਨਾਵਾਇਰਸ ਦੀਆਂ ਝੂਠੀਆਂ ਰਿਪੋਰਟਾਂ ਦੇਣ ਵਾਲੀ ਲੈਬ ਦੀ ਜਾਂਚ ਸਿੱਟ ਹਵਾਲੇ ਕੀਤੀ

ਕੋਰੋਨਾਵਾਇਰਸ ਦੀਆਂ ਝੂਠੀਆਂ ਰਿਪੋਰਟਾਂ ਦੇਣ ਵਾਲੀ ਲੈਬ ਦੀ ਜਾਂਚ ਸਿੱਟ ਹਵਾਲੇ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ ਸਥਿਤ ਨਿੱਜੀ ਡਾਇਗਨੌਸਟਿਕ ਸੈਂਟਰ, ਤੁਲੀ ਲੈਬ ਵੱਲੋਂ ਕਰੋਨਾ ਟੈਸਟ ਸਬੰਧੀ ਗਲਤ ਰਿਪੋਰਟ ਦੇਣ ਦੇ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ। 

ਬੀਤੀ ਸ਼ਾਮ ਫੇਸਬੁੱਕ ਲਾਈਵ ਪ੍ਰੋਗਰਾਮ ਵਿਚ ਅੰਮ੍ਰਿਤਸਰ ਵਾਸੀ ਸਾਹਿਲ ਧਵਨ ਵੱਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲਾਂ ਇਹ ਜਾਂਚ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਹੈ ਪਰ ਤੁਲੀ ਲੈਬ ਨੇ ਅਦਾਲਤ ’ਚ ਪਹੁੰਚ ਕਰਦਿਆਂ ਕਿਹਾ ਸੀ ਕਿ ਵਿਜੀਲੈਂਸ ਕੇਵਲ ਸਰਕਾਰੀ ਵਿਭਾਗਾਂ ਦੀ ਹੀ ਜਾਂਚ ਕਰ ਸਕਦੀ ਹੈ, ਇਸ ਨੂੰ ਨਿੱਜੀ ਕੇਸਾਂ ਵਿਚ ਜਾਂਚ ਕਰਨ ਦਾ ਹੱਕ ਨਹੀਂ ਹੈ। ਇਸ ਤੋਂ ਬਾਅਦ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਇਹ ਜਾਂਚ ਪੁਲੀਸ ਕਮਿਸ਼ਨਰ ਦੀ ਅਗਵਾਈ ਹੇਠ ਬਣਾਈ ਸਿੱਟ ਨੂੰ ਦੇ ਦਿੱਤੀ ਗਈ ਹੈ ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਸਿਵਲ ਸਰਜਨ ਵੀ ਸ਼ਾਮਿਲ ਹਨ। 

ਉਨਾਂ ਕਿਹਾ ਕਿ ਇਹ ਤਿੰਨ ਅਫਸਰਾਂ ਦੀ ਟੀਮ ਕੇਸ ਦੀ ਜਾਂਚ ਕਰਕੇ ਸੱਚ ਸਾਹਮਣੇ ਲਿਆਏਗੀ। ਇਸ ਮਗਰੋਂ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਉਹ ਖ਼ੁਦ ਇਸ ਕੇਸ ’ਤੇ ਨਜ਼ਰ ਰਖ ਰਹੇ ਹਨ ਅਤੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇਗਾ।