ਵਰਵਰਾ ਰਾਓ ਦੀ ਜੇਲ੍ਹ ਵਿਚ ਸਿਹਤ ਵਿਗੜੀ; ਖੱਬੇਪੱਖੀ ਜਥੇਬੰਦੀਆਂ ਨੇ ਰਿਹਾਈ ਦੀ ਮੰਗ ਕੀਤੀ

ਵਰਵਰਾ ਰਾਓ ਦੀ ਜੇਲ੍ਹ ਵਿਚ ਸਿਹਤ ਵਿਗੜੀ; ਖੱਬੇਪੱਖੀ ਜਥੇਬੰਦੀਆਂ ਨੇ ਰਿਹਾਈ ਦੀ ਮੰਗ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਮਾਜਿਕ ਕਾਰਕੁਨ ਵਰਵਰਾ ਰਾਓ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਊਨ੍ਹਾਂ ਦੀ ਹਾਲਤ ਵਿਗੜ ਰਹੀ ਹੈ ਅਤੇ ਉਹ ਚਿੰਤਾਜਨਕ ਤੇ ਬੇਸੁਰਤੀ ਦੀ ਹਾਲਤ ’ਚ ਹਨ। ਪਰਿਵਾਰ ਨੇ ਪ੍ਰਸ਼ਾਸਨ ਤੋਂ ਰਾਓ ਨੂੰ ਵਧੀਆ ਮੈਡੀਕਲ ਸਹੂਲਤ ਮੁਹੱਈਆ ਕਰਾਉਣ ਦੀ ਮੰਗ ਕੀਤੀ। ਐਲਗਾਰ ਪਰਿਸ਼ਦ ਕੇਸ ’ਚ ਮੁਲਜ਼ਮ ਵਰਵਰਾ ਰਾਓ (81) ਇਸ ਸਮੇਂ ਨਵੀਂ ਮੁੰਬਈ ਟਾਊਨਸ਼ਿਪ (ਮਹਾਰਾਸ਼ਟਰ) ਦੀ ਤਾਲੋਜਾ ਜੇਲ੍ਹ ’ਚ ਹਨ। ਆਨਲਾਈਨ ਪ੍ਰੈੱਸ ਕਾਨਫਰੰਸ ’ਚ ਰਾਓ ਦੀ ਪਤਨੀ, ਧੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਉਹ ਫਿਕਰਮੰਦ ਹਨ। ਪਰਿਵਾਰ ਨੇ ਦਾਅਵਾ ਕੀਤਾ ਕਿ ਰਾਓ ਨੂੰ ਬੇਹੋਸ਼ੀ ਦੀ ਹਾਲਤ ’ਚ 28 ਮਈ ਨੂੰ ਮੁੰਬਈ ਦੇ ਜੇ.ਜੇ. ਹਸਪਤਾਲ ’ਚ ਲਿਜਾਏ ਜਾਣ ਦੇ ਸਮੇਂ ਤੋਂ ਉਨ੍ਹਾਂ ਦੀ ਹਾਲਤ ਵਿਗੜ ਰਹੀ ਹੈ। ਤਿੰਨ ਦਿਨ ਬਾਅਦ ਉਨ੍ਹਾਂ ਨੂੰ ਉਥੋਂ ਛੁੱਟੀ ਦੇ ਕੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਜਦਕਿ ਉਨ੍ਹਾਂ ਹਾਲਤ ’ਚ ਕੋਈ ਸੁਧਾਰ ਨਹੀਂ ਸੀ ਹੋਇਆ।

ਰਾਓ ਦੀ ਪਤਨੀ ਨੇ ਕਿਹਾ ਕਿ ਪੁਲੀਸ ਵੱਲੋਂ ਪਰਿਵਾਰ ਨੂੰ ਰੋਜ਼ਾਨਾ ਕਰਵਾਈ ਜਾਂਦੀ ਫੋਨ ਕਾਲ ਵਿੱਚ ਉਨ੍ਹਾਂ ਦੀ ਆਵਾਜ਼ ਕਾਫ਼ੀ ਕਮਜ਼ੋਰ ਤੇ ਅਸਪੱਸ਼ਟ ਸੀ ਅਤੇ ਉਨ੍ਹਾਂ ਤੋਂ ਠੀਕ ਤਰ੍ਹਾਂ ਬੋਲਿਆ ਵੀ ਨਹੀਂ ਜਾ ਰਿਹਾ ਸੀ, ਜਿਸ ਨੂੰ ਲੈ ਕੇ ਉਹ ਚਿੰਤਤ ਹਨ। ਉਹ ਬੇਸੁਰਤੀ ਦੀ ਹਾਲਤ ਵਿੱਚ ਹਨ ਅਤੇ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਸਿਹਤ ਸਬੰਧੀ ਪੁੱਛੇ ਕੁਝ ਸਵਾਲਾਂ ਦੇ ਵੀ ਜਵਾਬ ਨਹੀਂ ਦਿੱਤੇ। ਸਰੀਰ ’ਚ ਇਲੈਕਟ੍ਰੋਲਾਈਟ ਅਸੰਤੁਲਨ ਕਾਰਨ ਉਨ੍ਹਾਂ ਦੀ ਯਾਦਦਾਸ਼ਤ ਜਾਣ ਦਾ ਖ਼ਤਰਾ ਹੋ ਸਕਦਾ ਹੈ।

ਉਹਨਾਂ ਕਿਹਾ, "ਰਾਓ ਦੇ ਨਾਲ ਸਹਿ-ਮੁਲਜ਼ਮ ਇੱਕ ਕਾਰਕੁਨ ਨੇ ਦੱਸਿਆ ਹੈ ਕਿ ਉਹ ਖ਼ੁਦ ਚੱਲਣ ਫਿਰਨ ਤੋਂ ਅਸਮਰੱਥ ਹੈ।" ਰਾਓ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਹਸਪਤਾਲ ’ਚ ਵਧੀਆ ਇਲਾਜ ਦੀ ਸਖ਼ਤ ਲੋੜ ਹੈ।  ਪਰਿਵਾਰ ਨੇ ਕਿਹਾ ਕਿ ਮੌਜੂਦਾ ਹਾਲਤ ਮੁਤਾਬਕ ਰਾਓ ਖ਼ਿਲਾਫ਼ ਦਰਜ ਕੇਸ ’ਚ ਸਾਰੇ ਤੱਥਾਂ ਨੂੰ ਪਾਸੇ ਰੱਖਿਆ ਜਾਵੇ।

ਖੱਬੇਪੱਖੀ ਜਥੇਬੰਦੀਆਂ ਵੱਲੋਂ ਰਾਓ ਦੀ ਰਿਹਾਈ ਦੀ ਮੰਗ
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ. ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਅਤੇ ਪ੍ਰਗਤੀਸ਼ੀਲ ਲੇਖਕ ਸਭਾ ਦੇ ਆਗੂਆਂ ਡਾ. ਤੇਜਵੰਤ ਸਿੰਘ ਗਿੱਲ, ਪ੍ਰੋ. ਸੁਰਜੀਤ ਜੱਜ, ਡਾ. ਗੁਰਮੇਲ ਸਿੰਘ ਅਤੇ ਡਾ. ਸਰਬਜੀਤ ਸਿੰਘ  ਨੇ ਜੇਲ੍ਹ ਵਿੱਚ ਬੰਦ ਇਨਕਲਾਬੀ ਕਵੀ ਪ੍ਰੋ. ਵਰਵਰਾ ਰਾਓ ਦੀ ਵਿਗੜ ਰਹੀ ਸਿਹਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਤੁਰੰਤ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਇੱਕ ਬਿਆਨ ਰਾਹੀਂ ਸਭਾ ਦੇ ਆਗੂਆਂ ਨੇ ਕਿਹਾ ਕਿ ਜੇ ਜੇਲ੍ਹ ਵਿਚ ਇਨਕਲਾਬੀ ਕਵੀ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਿੱਧੇ ਤੌਰ ’ਤੇ ਹੁਕਮਰਾਨ ਜ਼ਿੰਮੇਵਾਰ ਹੋਣਗੇ। ਸਭਾ ਦੇ ਆਗੂਆਂ ਨੇ ਕਿਹਾ ਕਿ 28 ਮਈ ਨੂੰ ਵੀ ਪ੍ਰੋ. ਰਾਓ ਜੇਲ੍ਹ ਵਿਚ ਬੇਹੋਸ਼ ਹੋ ਗਏ ਸਨ। ਇਸ ਦਾ ਭੇਤ ਖੁੱਲ੍ਹ ਜਾਣ ’ਤੇ ਜੇਲ੍ਹ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਉਣਾ ਪਿਆ ਸੀ। ਫਿਰ ਵੀ ਨਾ ਇਲਾਜ ਲਈ ਜ਼ਮਾਨਤ ਦਿੱਤੀ ਗਈ ਅਤੇ ਨਾ ਹੀ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਖ਼ਤਰੇ ਕਾਰਨ ਪ੍ਰੋ. ਰਾਓ ਅਤੇ ਨਾਲ ਜੇਲ੍ਹ ’ਚ ਬੰਦ 11 ਲੋਕ-ਪੱਖੀ ਬੁੱਧੀਜੀਵੀਆਂ ਅਤੇ ਕਾਰਕੁਨਾਂ ਨੂੰ ਵਧੇਰੇ ਉਮਰ ਅਤੇ ਗੰਭੀਰ ਬਿਮਾਰੀਆਂ ਦੇ ਮੱਦੇਨਜ਼ਰ ਤੁਰੰਤ ਜ਼ਮਾਨਤ ’ਤੇ ਰਿਹਾਅ ਕਰਨ ਦੀ ਜ਼ਰੂਰਤ ਹੈ। ਆਗੂਆਂ ਨੇ ਮੰਗ ਕੀਤੀ ਕਿ ਪ੍ਰੋ. ਵਰਵਰਾ ਰਾਓ, ਪ੍ਰੋ. ਸਾਈਬਾਬਾ ਸਣੇ ਸਾਰੇ ਰਾਜਨੀਤਕ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜ਼ੁਬਾਨਬੰਦੀ ਦੇ ਫਾਸ਼ੀਵਾਦੀ ਮਨੋਰਥ ਨਾਲ ਦਰਜ ਭੀਮਾ-ਕੋਰੇਗਾਓਂ ਅਤੇ ਹੋਰ ਝੂਠੇ ਮੁਕੱਦਮੇ ਤੁਰੰਤ ਵਾਪਸ ਲਏ ਜਾਣ ਅਤੇ ਅਣਐਲਾਨੀ ਐਮਰਜੈਂਸੀ ਬੰਦ ਕੀਤੀ ਜਾਵੇ।