ਦਲਿਤਾਂ ਦੀ ਪਾਣੀ ਦੀ ਟੈਂਕੀ ਵਿਚ ਮਿਲਾ ਦਿਤਾ ਮਲ਼-ਮੂਤਰ, ਕਈ ਬੱਚੇ ਹੋ ਗਏ ਬਿਮਾਰ

ਦਲਿਤਾਂ ਦੀ ਪਾਣੀ ਦੀ ਟੈਂਕੀ ਵਿਚ ਮਿਲਾ ਦਿਤਾ ਮਲ਼-ਮੂਤਰ, ਕਈ ਬੱਚੇ ਹੋ ਗਏ ਬਿਮਾਰ

*ਇਰਾਈਯੂਰ ਕਸਬੇ ਵਿਚ ਉਚ ਜਾਤੀ ਹਿੰਦੂਆਂ ਵਲੋਂ ਦਲਿਤਾਂ ਨਾਲ ਕੀਤਾ ਜਾਂਦਾ ਏ ਛੂਤ-ਛਾਤ , ਜਾਤੀਵਾਦੀ

 ਵਿਤਕਰੇ ਤੇ ਦਲਿਤਾਂ ਦੇ ਮੰਦਰ ਵਿੱਚ ਦਾਖਲੇ ਦੀ ਮਨਾਹੀ 

* ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਅਨੁਸਾਰ ਸਾਲ 2020 ਵਿੱਚ ਪੀਸੀਆਰ ਐਕਟ ਤਹਿਤ 1274 ਕੇਸ ਦਰਜ

 ਹੋਏ ਸਨ 2021 ਵਿੱਚ 1377 ਹੋ ਗਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੁੱਡੂਕੋਟਈ -ਤਮਿਲਨਾਡੂ ਦੇ ਪੁੱਡੂਕੋਟਈ ਜ਼ਿਲ੍ਹੇ ਦੇ ਇਰਾਈਯੂਰ ਵਿੱਚ ਜਿੱਥੇ ਅਨੁਸੂਚਿਤ ਜਾਤੀਆਂ ਦੇ ਲੋਕ ਰਹਿੰਦੇ ਹਨ, ਉਸ ਖੇਤਰ ਵਿੱਚ ਪਾਣੀ ਦੀ ਟੈਂਕੀ ਵਿੱਚ ਮਲ ਮੂਤਰ ਮਿਲਾ ਦਿੱਤਾ ਗਿਆ,ਜਿਸ ਕਾਰਨ ਟੈਂਕੀ ਵਾਲਾ ਪਾਣੀ ਪੀ ਕੇ ਕਈ ਬੱਚੇ ਬਿਮਾਰ ਹੋ ਗਏ।  ਜਾਂਚ ਵਿੱਚ ਪਤਾ ਲੱਗਿਆ ਕਿ ਪਾਣੀ ਵਿੱਚ ਮਲ-ਮੂਤਰ ਮਿਲਾਇਆ ਗਿਆ ਹੈ। ਇਸ ਸਬੰਧੀ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਜਾਂਚ ਦੌਰਾਨ ਜ਼ਿਲ੍ਹਾ ਕੁਲੈਕਟਰ ਨੂੰ ਪਤਾ ਲੱਗਾ ਕਿ ਉਚ ਜਾਤੀ ਹਿੰਦੂਆਂ ਵਲੋਂ ਛੂਤ-ਛਾਤ ਜਾਤੀ ਵਾਦੀ ਵਿਤਕਰੇ ਆਮ ਕੀਤੇ ਜਾਂਦੇ ਹਨ ਤੇ ਦਲਿਤਾਂ ਦੇ ਮੰਦਰ ਵਿੱਚ ਦਾਖਲੇ ਦੀ ਮਨਾਹੀ ਹੈ।ਜ਼ਿਲ੍ਹਾ ਪ੍ਰਸ਼ਾਸਨ ਨੇ ਦਲਿਤਾਂ ਅਤੇ ਹੋਰ ਭਾਈਚਾਰਿਆਂ ਵਿਚਕਾਰ ਸਬੰਧਾਂ ਨੂੰ ਯਕੀਨੀ ਬਣਾਉਣ ਲਈ ਸ਼ਾਂਤੀ ਵਾਰਤਾ ਕੀਤੀ।

ਕੀ ਵਾਪਰੀ ਘਟਨਾ

ਇਰਾਈਯੂਰ ਪਿੰਡ ਪੁੱਡੂਕੋਟਈ ਪਿੰਡ ਵਿੱਚ ਮੁਥਰੈਯਾਰ ਅਤੇ ਅਗਾਮੁਦੈਯਾਰ ਭਾਈਚਾਰਿਆਂ ਨਾਲ ਸਬੰਧਿਤ ਲਗਭਗ 300 ਪਰਿਵਾਰ ਹਨ।ਇਰਾਈਯੂਰ ਦੇ ਦਲਿਤ ਖੇਤਰ ਵਿੱਚ 10,000 ਲੀਟਰ ਦੀ ਪਾਣੀ ਵਾਲੀ ਟੈਂਕੀ ਵਿੱਚੋਂ ਬਹੁਤ ਸਾਰੇ ਬੱਚਿਆਂ ਨੇ ਪਾਣੀ ਪੀਤਾ ਸੀ।  ਪ੍ਰਭਾਵਿਤ ਇੱਕ ਚਾਰ ਸਾਲ ਦੇ ਬੱਚੇ ਦੀ ਮਾਂ ਪੰਡੀਚੇਲਵੀ ਦਾ ਕਹਿਣਾ ਸੀ ਕਿ "ਅਸੀਂ ਸਰਕਾਰੀ ਹਸਪਤਾਲ ਗਏ ਕਿਉਂਕਿ ਬੁਖਾਰ 2 ਦਿਨਾਂ ਤੋਂ ਬਾਅਦ ਵੀ ਨਹੀਂ ਉਤਰਿਆ। ਮੇਰਾ ਬੇਟਾ ਲਗਾਤਾਰ ਉਲਟੀਆਂ ਅਤੇ ਦਸਤ ਕਰ ਰਿਹਾ ਸੀ। ਉਸ ਦਾ ਬੁਖਾਰ ਸੱਤ ਦਿਨ ਬਾਅਦ ਵੀ ਘੱਟ ਨਹੀਂ ਹੋਇਆ। 10 ਬੱਚਿਆਂ ਸਮੇਤ 30 ਲੋਕ ਪ੍ਰਭਾਵਿਤ ਹੋਏ ਸਨ, ਸਾਰਿਆਂ ਨੂੰ ਇੱਕ-ਇੱਕ ਕਰਕੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ।

ਡਾਕਟਰਾਂ ਨੇ ਸਾਡੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਜਾਂਚ ਕਰਨ ਲਈ ਕਿਹਾ।ਪੰਡੀਚੇਲਵੀ ਸਮੇਤ ਕਈ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਣੀ ਦੀ ਟੈਂਕੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਵਿੱਚ ਬਹੁਤ ਸਾਰਾ ਮਲ-ਮੂਤਰ ਮਿਲਿਆ ਹੋਇਆ ਸੀ।ਇਸ ਤੋਂ ਬਾਅਦ ਪਾਣੀ ਦੀ ਟੈਂਕੀ ਨੂੰ ਸਾਫ਼ ਕੀਤਾ ਗਿਆ "ਪੰਡੀਚੇਲਵੀ ਦਾ ਕਹਿਣਾ ਹੈ ਕਿ ਪਾਣੀ ਦੀ ਟੈਂਕੀ ਸਾਫ਼ ਕਰ ਦਿੱਤੀ ਹੈ। ਪਰ ਹੁਣ ਵੀ ਪਾਣੀ ਦੀ ਵਰਤੋਂ ਕਰਦੇ ਸਮੇਂ ਘਿਣ ਮਹਿਸੂਸ ਹੁੰਦੀ ਹੈ।ਕਈ ਲੋਕ ਸਾਡੀ ਇਸ ਗੱਲ ਤੋਂ ਪਛਾਣ ਕਰਦੇ ਹਨ ਕਿ ਇਹ ਪਿੰਡ ਉਹ ਥਾਂ ਹੈ ਜਿੱਥੇ ਲੋਕਾਂ ਨੇ ਮਲ-ਮੂਤਰ ਮਿਲਿਆ ਪਾਣੀ ਪੀਤਾ ਗਿਆ। ਇਹ ਕੋਈ ਅਜਿਹਾ ਮੁੱਦਾ ਨਹੀਂ ਹੈ ਜੋ ਸਾਡੀ ਪੀੜ੍ਹੀ ਨਾਲ ਖ਼ਤਮ ਹੋ ਜਾਵੇਗਾ, ਇਹ ਇੱਕ ਵੱਡਾ ਸਦਮਾ ਬਣ ਗਿਆ ਹੈ, ਅਸੀਂ ਚਿੰਤਤ ਅਤੇ ਡਰੇ ਹੋਏ ਹਾਂ ਕਿ ਇਹ ਇਸ ਤਰ੍ਹਾਂ ਹੀ ਜਾਤੀ ਵਿਤਕਰਾ ਜਾਰੀ ਰਹੇਗਾ।"

ਇਸ ਪਿੰਡ ਦੀ ਸਿੰਧੂਜਾ ਨਾਂ ਦੀ ਔਰਤ ਕਹਿੰਦੀ ਹੈ, "ਸਾਡੇ ਇਲਾਕੇ ਵਿੱਚ ਬਹੁਤ ਸਾਰੇ ਬੱਚੇ ਪ੍ਰਭਾਵਿਤ ਹੋਏ, ਇਹ ਬਹੁਤ ਮਾੜੀ ਗੱਲ ਹੈ। ਇਸ ਇਲਾਕੇ ਵਿੱਚ ਅਨੁਸੂਚਿਤ ਜਾਤੀਆਂ ਦੇ ਲੋਕ ਰਹਿੰਦੇ ਹਨ। ਉਨ੍ਹਾਂ ਨੂੰ ਅਯਾਨਾਰ ਮੰਦਰ ਵਿੱਚ ਜਾਣ ਦੀ ਆਗਿਆ ਨਹੀਂ ਹੈ।

ਸਾਡਾ ਪਿੰਡ ਲਗਾਤਾਰ ਜਾਤ ਆਧਾਰਿਤ ਅੱਤਿਆਚਾਰ ਦੀ ਇੱਕ ਬਹੁਤ ਵੱਡੀ ਮਿਸਾਲ ਹੈ। ਜੇਕਰ ਕਿਸੇ ਵੱਡੇ ਰਾਜਨੇਤਾ ਦੇ ਘਰ ਦੇ ਸਾਹਮਣੇ ਕਿਸੇ ਨੇ ਮਲ-ਮੂਤਰ ਕੀਤਾ ਹੁੰਦਾ ਤਾਂ ਉਹ ਤੁਰੰਤ ਉਸ ਨੂੰ ਪਛਾਣ ਲੈਂਦੇ, ਪਰ ਅਸੀਂ ਤਾਂ ਮਲ-ਮੂਤਰ ਵਾਲਾ ਪਾਣੀ ਪੀਤਾ ਹੈ।"

ਇਹ ਸਿਰਫ਼ ਇਸ ਲਈ ਕਿਉਂਕਿ ਅਸੀਂ ਦਬੇ ਕੁਚਲੇ ਲੋਕ ਹਾਂ, ਇਸ ਲਈ ਉਹ ਜਾਂਚ ਲਈ ਗੰਭੀਰ ਨਹੀਂ ਹਨ।ਇਸ ਘਟਨਾ ਤੋਂ ਬਾਅਦ ਜਦੋਂ ਜ਼ਿਲ੍ਹਾ ਕੁਲੈਕਟਰ ਕਵਿਤਾ ਰਾਮੂ ਇਰਾਈਯੂਰ ਪਿੰਡ ਆਈ ਸੀ ਤਾਂ ਉਨ੍ਹਾਂ ਨੂੰ ਦਸਿਆ ਗਿਆ ਸੀ ਕਿ ਉੱਚ ਜਾਤੀ ਦੇ ਵਿਅਕਤੀ ਮੁਕੱਈਆ ਵੱਲੋਂ ਕੀਤੀ ਜਾ ਰਹੀ ਚਾਹ ਦੀ ਦੁਕਾਨ ਵਿੱਚ ਦਲਿਤਾਂ ਲਈ ਅਲੱਗ ਕੱਪ ਵਰਤੇ ਜਾਂਦੇ ਹਨ।ਉਨ੍ਹਾਂ ਨੂੰ ਅਯਾਨਾਰ ਮੰਦਰ ਵਿੱਚ ਜਾਣ ਦੀ ਆਗਿਆ ਨਹੀਂ ਹੈ। ਇਸ ਲਈ ਉਸ ਨੇ ਸਾਨੂੰ ਮੰਦਰ ਦੇ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ।ਉਸ ਸਮੇਂ ਉੱਚ ਜਾਤੀ ਦਾ ਇੱਕ ਵਿਅਕਤੀ ਸਿੰਗਾਮਮੱਲ ਤੈਸ਼ ਵਿੱਚ ਆ ਗਿਆ ਅਤੇ ਦਲਿਤਾਂ ਨੂੰ ਮੰਦਰ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ।ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕੁਲੈਕਟਰ ਦਲਿਤਾਂ ਨੂੰ ਮੰਦਰ ਦੇ ਅੰਦਰ ਲੈ ਗਈ।

ਘਟਨਾਵਾਂ ਦੀ ਇਸ ਲੜੀ ਵਿੱਚ ਚਾਹ ਦੀ ਦੁਕਾਨ ਦੇ ਮਾਲਕ ਮੁਕੱਈਆ, ਉਸ ਦੀ ਪਤਨੀ ਮੀਨਾਚੀ ਨੂੰ ਦਲਿਤਾਂ ਲਈ ਅਲੱਗ ਕੱਪ ਰੱਖਣ ਲਈ ਅਤੇ ਸਿੰਗਾਮਮੱਲ ਨੂੰ ਦਲਿਤਾਂ ਨੂੰ ਮੰਦਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਗ੍ਰਿਫ਼ਤਾਰ ਕੀਤਾ ਗਿਆ।ਉਨ੍ਹਾਂ 'ਤੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 59 ਸਾਲਾ ਸਦਾਸ਼ਿਵਮ  ਦਾ ਕਹਿਣਾ ਹੈ ਕਿ ਇਸ ਪਿੰਡ ਵਿੱਚ ਛੂਤ-ਛਾਤ ਘੱਟ ਨਹੀਂ ਹੋਇਆ ਹੈ।ਜਦੋਂ ਮੈਂ ਛੋਟਾ ਸੀ ਤਾਂ ਹੋਰ ਜਾਤਾਂ ਦੇ ਨੌਜਵਾਨ ਮੇਰੇ ਪਿਤਾ ਨੂੰ ਨਾਮ ਲੈ ਕੇ ਬੁਲਾਉਂਦੇ ਸਨ, ਉਹ ਸਾਡੇ ਨਾਲ ਬਰਾਬਰ ਦਾ ਵਿਵਹਾਰ ਨਹੀਂ ਕਰਦੇ ਸਨ। ਅਸੀਂ ਮੰਦਰ ਨਹੀਂ ਗਏ ਸੀ। ਹੁਣ ਅਸੀਂ ਮੰਦਰ ਗਏ ਕਿਉਂਕਿ ਕੁਲੈਕਟਰ ਸਾਨੂੰ ਲੈ ਕੇ ਗਈ ਸੀ, ਪਰ ਸਾਨੂੰ ਪਤਾ ਨਹੀਂ ਹੈ ਕਿ ਸਾਨੂੰ ਮੰਦਰ ਵਿੱਚ ਲਗਾਤਾਰ ਜਾਣ ਦਿੱਤਾ ਜਾਵੇਗਾ।ਸਾਡੀ ਪੀੜ੍ਹੀ ਨੇ ਅੱਤਿਆਚਾਰਾਂ ਦਾ ਸਾਹਮਣਾ ਕੀਤਾ, ਸਾਨੂੰ ਵਿਸ਼ਵਾਸ ਹੈ ਕਿ ਘੱਟੋ-ਘੱਟ ਅਗਲੀ ਪੀੜ੍ਹੀ ਵਿੱਚ ਤਬਦੀਲੀ ਆਵੇਗੀ, ਪਰ ਭਿਆਨਕ ਛੂਤ-ਛਾਤ ਦੀ ਪ੍ਰਕਿਰਿਆ ਜਾਰੀ ਹੈ।"

ਦੂਸਰੇ ਪਾਸੇ ਉੱਚ ਜਾਤਾਂ ਦੇ ਮੈਂਬਰ ਕਹਿੰਦੇ ਹਨ ਕਿ ਹੁਣ ਤੱਕ ਅਸੀਂ ਆਪਸੀ ਭਾਈਚਾਰਕ ਸਾਂਝ ਰੱਖਦੇ ਆ ਰਹੇ ਹਾਂ।ਮੰਦਿਰ ਦੇ ਅੰਦਰ ਜਾਣ ਵਿੱਚ ਕੋਈ ਦਿੱਕਤ ਨਹੀਂ ਹੈ, ਸਾਲਾਂ ਤੋਂ ਉਹ ਸਿਰਫ਼ ਪ੍ਰਵੇਸ਼ ਦੁਆਰ ਤੱਕ ਹੀ ਆਉਂਦੇ ਹਨ, ਇਹੀ ਪ੍ਰਥਾ ਚੱਲਦੀ ਰਹੀ ਹੈ।"ਉਨ੍ਹਾਂ ਇਹ ਵੀ ਕਿਹਾ ਕਿ  ਛੂਤ-ਛਾਤ ਨਾਂ ਦੀ ਇਸ ਪਿੰਡ ਵਿਚ ਕੋਈ ਚੀਜ਼ ਨਹੀਂ ਹੈ।ਉੱਚ ਜਾਤ ਤੋਂ ਮਹੇਸ਼ਵਰੀ ਨਾਂ ਦੀ ਔਰਤ  ਕਹਿੰਦੀ ਹੋ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਨੀਵੀਂ ਜਾਤ ਦਾ ਹੈ। ਉਹ ਆਪਣੇ ਆਪ ਨੂੰ ਨੀਵੀਂ ਜਾਤ ਦਾ ਕਹਿੰਦੇ ਹਨ। ਇੱਥੇ ਨਾਲ ਹੀ ਸਥਿਤ ਆਂਗਣਵਾੜੀ ਵਿੱਚ ਸਾਰੀਆਂ ਜਾਤਾਂ ਦੇ ਬੱਚੇ ਇਕੱਠੇ ਖੇਡਦੇ ਹਨ। ਅਸੀਂ ਸਾਰੇ ਇੱਕੋ ਸੜਕ ਦੀ ਵਰਤੋਂ ਕਰਦੇ ਹਾਂ।ਉਹ ਅੱਗੇ ਕਹਿੰਦੀ ਹੈ ਕਿ ਅਸੀਂ ਨਿਸ਼ਚਤ ਤੌਰ ’ਤੇ ਖੁਸ਼ ਹੋਵਾਂਗੇ ਜੇ ਸਾਨੂੰ ਪਤਾ ਲੱਗੇਗਾ ਕਿ ਮਲ-ਮੂਤਰ ਕਿਸ ਨੇ ਮਿਲਾਇਆ ਹੈ। ਸਾਡਾ ਮੰਨਣਾ ਹੈ ਕਿ ਸਾਡੀ ਜਾਤ ਦੇ ਲੋਕਾਂ ਨੇ ਅਜਿਹਾ ਨਹੀਂ ਕੀਤਾ।ਇੰਨੇ ਸਾਲਾਂ ਤੋਂ ਕੋਈ ਸ਼ਿਕਾਇਤ ਨਹੀਂ ਸੀ। ਅਚਾਨਕ ਬਹੁਤ ਸਾਰੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਪੁਲਿਸ ਵਾਲੇ ਅਤੇ ਅਧਿਕਾਰੀ ਪਿੰਡ ਆ ਰਹੇ ਹਨ, ਅਸੀਂ ਬੁਰਾ ਮਹਿਸੂਸ ਕਰ ਰਹੇ ਹਾਂ।"

ਤ੍ਰਿਚੀ ਦੇ ਡੀਆਈਜੀ ਸਰਵਣਸੁੰਦਰ ਨੇ ਕਿਹਾ ਸੀ ਕਿ ਦੋਸ਼ੀਆਂ ਦੀ ਪਛਾਣ ਕਰਨ ਲਈ 11 ਮੈਂਬਰੀ ਵਿਸ਼ੇਸ਼ ਕਮੇਟੀ ਬਣਾਈ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਰਾਈਯੂਰ ਖੇਤਰ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।ਇਥੇ ਜ਼ਿਕਰਯੋਗ ਹੈ ਕਿ ਆਮ ਤੌਰ 'ਤੇ ਦਲਿਤਾਂ ’ਤੇ ਅੱਤਿਆਚਾਰ ਦੇ ਮਾਮਲੇ ’ਵਿਚ ਸ਼ਿਕਾਇਤ ਦਰਜ ਹੋਣ ’ਤੇ ਵੀ ਸਜ਼ਾ ਬਹੁਤ ਘੱਟ ਮਿਲਦੀ ਹੈ। ਪੂਰੇ ਤਾਮਿਲਨਾਡੂ ਵਿੱਚ ਅਜਿਹੇ ਮਾਮਲਿਆਂ ਵਿੱਚ ਪਿਛਲੇ 7 ਸਾਲਾਂ ਵਿੱਚ ਸਿਰਫ਼ 5 ਤੋਂ 7 ਫੀਸਦੀ ਮਾਮਲਿਆਂ ਵਿਚ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ।ਇਹ ਜਾਣਕਾਰੀ ਇੱਕ ਆਰਟੀਆਈ ਦਸਤਾਵੇਜ਼ ਰਾਹੀਂ ਸਾਹਮਣੇ ਆਈ ਹੈ। 

 ਜ਼ਿਲ੍ਹਾ ਕੁਲੈਕਟਰ ਕਵਿਤਾ ਰਾਮੂ  ਨੇ ਕਿਹਾ, "ਇਰਾਈਯੂਰ ਘਟਨਾ ਤੋਂ ਬਾਅਦ, ਅਸੀਂ ਕਿਸੇ ਵੀ ਛੂਤ-ਛਾਤ ਦੇ ਮੁੱਦੇ ’ਤੇ ਸ਼ਿਕਾਇਤ ਦਰਜ ਕਰਾਉਣ ਲਈ ਲੋਕਾਂ ਲਈ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੈ।ਅਸੀਂ ਇਰਾਈਯੂਰ ਵਿੱਚ ਦੋ ਧਿਰਾਂ ਨਾਲ ਸ਼ਾਂਤੀ ਵਾਰਤਾ ਕੀਤੀ। ਅਸੀਂ ਜਾਂਚ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਹੈ, ਇੱਕ ਵੱਖਰੀ ਕਮੇਟੀ ਬਣਾਈ ਗਈ ਹੈ।ਮਦਰਾਸ ਇੰਸਟੀਚਿਊਟ ਆਫ਼ ਡਿਵੈਲਪਮੈਂਟ ਸਟੱਡੀਜ਼ ਦੇ ਲਕਸ਼ਮਣਨ ਦਾ ਕਹਿਣਾ ਹੈ ਕਿ ਤਾਮਿਲਨਾਡੂ ਵਿੱਚ ਇਹ ਵੱਖ-ਵੱਖ ਰੂਪਾਂ ਵਿੱਚ ਜਾਰੀ ਹੈ, ਪਰ ਇਸ ਨੂੰ ਰੋਕਣ ਲਈ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਹ ਛੂਤ-ਛਾਤ ’ਤੇ ਖੋਜ ਕਾਰਜ ਕਰ ਰਿਹਾ ਹੈ।ਸਿਹਤ-ਸੰਭਾਲ, ਪਾਣੀ, ਸਿੱਖਿਆ ਅਤੇ ਸੜਕਾਂ ਦੀਆਂ ਸਹੂਲਤਾਂ ਦੇ ਮਾਮਲੇ ਵਿੱਚ ਤਾਮਿਲਨਾਡੂ ਬਹੁਤ ਪ੍ਰਗਤੀਸ਼ੀਲ ਹੈ। ਪਰ ਜਦੋਂ ਸਮਾਜਿਕ ਤਬਦੀਲੀ ਦੀ ਗੱਲ ਆਉਂਦੀ ਹੈ, ਤਾਂ ਅਸੀਂ ਬਹੁਤ ਸਭਿਅਕ ਸਮਾਜ ਨਹੀਂ ਹਾਂ, ਇਰਾਈਯੂਰ ਦੀ ਘਟਨਾ ਇਹੀ ਸੰਕੇਤ ਦੇ ਰਹੀ ਹੈ।ਇਹ ਤਬਦੀਲੀ ਲੋਕਾਂ ਦੇ ਮਨਾਂ ਅੰਦਰ ਹੋਣੀ ਚਾਹੀਦੀ ਹੈ। ਇਹ ਕਹਿਣਾ ਕਿ ਅਸੀਂ ਪੇਰੀਆਰ ਦੀ ਧਰਤੀ ਤੋਂ ਹਾਂ, ਇਹ ਸਿਰਫ਼ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਹੈ।ਹਾਲ ਹੀ ਵਿੱਚ, ਉਨ੍ਹਾਂ ਨੂੰ ਵੇਲੋਰ ਜ਼ਿਲ੍ਹੇ ਵਿੱਚ ਇੱਕ ਰੱਸੀ ਦੀ ਵਰਤੋਂ ਕਰਕੇ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਹੇਠਾਂ ਕਰਨਾ ਪਿਆ ਕਿਉਂਕਿ ਉਹ ਦਲਿਤ ਲੋਕਾਂ ਨੂੰ ਆਮ ਰਸਤੇ ਤੋਂ ਸ਼ਮਸ਼ਾਨਘਾਟ ਵਿੱਚ ਨਹੀਂ ਜਾਣ ਦਿੰਦੇ ਸਨ।ਕਈ ਜ਼ਿਲ੍ਹਿਆਂ ਵਿੱਚ ਦਲਿਤ ਬੱਚੇ ਪਖਾਨੇ ਸਾਫ਼ ਕਰਨ ਲਈ ਮਜਬੂਰ ਹਨ। ਇਹ ਬਹੁਤ ਹੀ ਦੁਖਦਾਈ ਸਥਿਤੀ ਹੈ ਕਿ ਤਾਮਿਲਨਾਡੂ ਵਿੱਚ ਇਹ ਚੀਜ਼ਾਂ ਅਜੇ ਵੀ ਜਾਰੀ ਹਨ।"

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਕਹਿਣਾ ਹੈ ਕਿ ਕੋਰੋਨਾ ਲੌਕਡਾਊਨ ਪੀਰੀਅਡ ਵਿੱਚ ਦਲਿਤਾਂ ’ਤੇ ਅਜਿਹੇ ਅੱਤਿਆਚਾਰ ਵਧੇ ਹਨ। ਸਾਲ 2020 ਵਿੱਚ ਪੀਸੀਆਰ ਐਕਟ ਤਹਿਤ 1274 ਕੇਸ ਦਰਜ ਹੋਏ ਸਨ, ਜੋ 2021 ਵਿੱਚ 1377 ਹੋ ਗਏ। ਇਸ ਲਈ ਜਦੋਂ ਤੱਕ ਲੋਕਾਂ ਦਾ ਦਿਲ ਨਹੀਂ ਬਦਲਦਾ, ਸਮਾਜਿਕ ਤਬਦੀਲੀ ਸੰਭਵ ਨਹੀਂ ਹੈ।"