"ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ"

 ਸਰਬਜੀਤ ਕੌਰ 'ਸਰਬ' 

ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਵਿਚ ਇਹ ਸ਼ਬਦ  "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ" ਕੁਦਰਤ ਦੇ  ਉਹ ਰੂਪ ਜਿਸ ਤੋਂ ਬਗੈਰ ਮਨੁੱਖ ਇਸ ਧਰਤੀ ਉੱਤੇ ਇੱਕ ਵੀ ਪਲ ਜਿਊਂਦਾ ਨਹੀਂ ਰਹਿ ਸਕਦਾ ,ਮਨੁੱਖ ਦੇ ਜੀਵਨ ਦੀ ਸ਼ੁਰੂਆਤ ,ਕਾਦਰ ਦੀ ਬਣਾਈ ਇਸ ਕੁਦਰਤ ਵਿੱਚ ਹੁੰਦੀ ਹੈ। ਜਿੱਥੇ ਰਹਿੰਦਾ ਹੋਇਆ ਮਨੁੱਖ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਤੈਅ ਕਰਦਾ ਹੈ ਅਤੇ ਆਖਰਕਾਰ ਓਹ ਇੱਕ ਦਿਨ ਆਪਣੇ ਸਵਾਸ ਪੂਰੇ ਕਰ ਕੇ ਇਸ ਧਰਤੀ ਤੋਂ ਚਲਿਆ ਜਾਂਦਾ ਹੈ ।ਉਸ ਦੇ ਇਸ ਪੂਰੇ ਜੀਵਨ ਕਾਲ ਵਿੱਚ ,ਕਾਦਰ ਦੀ ਬਣਾਈ ਇਸ ਕੁਦਰਤ ਨੇ ਰੱਬ ਵਾਂਗ ਸਾਥ ਦਿੱਤਾ ਪਰ ਅਜੋਕਾ ਸਮਾਂ ਇਹ ਹੈ ਕੀ ਮਨੁੱਖ ਕੇਵਲ ਆਪਣੀ ਲੋੜ ਦੀ ਪੂਰਤੀ ਲਈ ਇਸ ਕੁਦਰਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਵਾਤਾਵਰਨ ਨੂੰ ਦਿਨ ਪ੍ਰਤੀ ਦਿਨ ਗੰਧਲਾ ਕਰ ਰਿਹਾ ਹੈ। ਜਿਸ ਦੇ ਨਤੀਜੇ ਸਾਹਮਣੇ ਵੀ ਆ ਰਹੇ ਹਨ ਪਰ ਇਹ ਮਨੁੱਖ ਇਕ ਅਣਜਾਣ ਬਣ ਕੇ ਵਾਤਾਵਰਨ ਨੂੰ ਦੂਸ਼ਿਤ ਕਰਨ ਤੇ ਲੱਗਿਆ ਹੋਇਆ ਹੈ। ਉਹ ਇਸ ਗੱਲ ਤੋਂ ਅਣਜਾਣ ਹੈ ਕੀ ਉਸ ਦੀ ਇਸ ਗਲਤੀ ਦੇ ਕਾਰਨ ਆਪਣੀ ਹੀ ਆਉਣ ਵਾਲੀਆਂ ਪੀਡ਼੍ਹੀਆਂ ਲਈ ਇਸ ਧਰਤੀ ਉੱਤੇ ਜ਼ਹਿਰ ਫੈਲਾ ਰਿਹਾ ਹੈ ।ਸਮਾਂ ਆਪਣੀ ਚਾਲ ਚਲਦਾ ਰਹਿੰਦਾ ਹੈ ਤੇ ਮਨੁੱਖ ਦਾ ਇਸ ਧਰਤੀ ਉੱਤੇ ਆਉਣਾ ਜਾਣਾ ਵੀ ਲੱਗਿਆ ਰਹਿੰਦਾ ਹੈ , ਜੋ ਇੱਥੇ ਸਦੀਵੀ ਰਹਿੰਦਾ ਹੈ ਉਹ ਹੈ ਅਕਾਲ ਦਾ ਨਾਮ ,ਇਸ ਨਾਮ ਨੂੰ ਇਸ ਕੁਦਰਤ ਵਿੱਚ ਰਹਿ ਕੇ ਹੀ ਪਾਇਆ ਜਾਂਦਾ ਹੈ  ਜਿਸ ਨੂੰ ਅੱਜ ਅਸੀਂ ਦੂਸ਼ਿਤ ਕਰ ਰਹੇ ਹਾਂ । ਪਿੰਡਾਂ ਵਿੱਚ ਪਹਿਲਾਂ ਵਾਲੀ ਰੌਣਕ ਨਾ ਰਹੀ ਸ਼ਹਿਰੀ ਲਿਬਾਸ ਨੇ ਉਨ੍ਹਾਂ ਨੂੰ ਕੁਦਰਤੀ ਰੰਗਾਂ ਤੋਂ ਦੂਰ ਕਰ ਕੇ ਰੱਖ ਦਿੱਤਾ ਹੈ । ਸ਼ਹਿਰੀ ਲੋਕਾਂ ਨੂੰ ਪੈਸੇ ਦੀ ਦੌੜ ਨੇ ਅੱਖਾਂ ਉੱਤੇ ਪੱਟੀ ਪਾ ਦਿੱਤੀ ਹੈ, ਜਿਸ ਕਾਰਨ ਉਹ ਲਗਾਤਾਰ ਬਿਲਡਿੰਗਾਂ ਤੇ ਬਿਲਡਿੰਗਾਂ ਦੀ ਉਸਾਰੀ ਕਰ ਰਿਹਾ ਹੈ, ਜਿਸ ਕਰ ਕੇ ਦਰੱਖਤਾਂ ਦੀ ਕਟਾਈ ਲਗਾਤਾਰ ਕੀਤੀ ਜਾ ਰਹੀ ਹੈ। ਦਰੱਖਤਾਂ ਦੀ ਇਸ ਕਟਾਈ ਨਾਲ ਮਿੱਟੀ ਦੇ ਕਾਣ ਧੂੜ ਬਣ ਕੇ ਹਵਾ ਵਿੱਚ ਫੈਲ ਰਹੇ ਹਨ ਅਤੇ ਇਨ੍ਹਾਂ ਕਣਾਂ ਦਾ ਸਭ ਤੋਂ ਵੱਡਾ ਪ੍ਰਭਾਵ  ਮਨੁੱਖ ਦੀ  ਸਿਹਤ ਉੱਤੇ ਹੀ ਪੈ ਰਿਹਾ ਹੈ ।

 ਪੁਰਾਣੀ ਕਹਾਵਤ ਅਨੁਸਾਰ ,'ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਾਂਗੇ' ਅਜੋਕੇ ਸਮੇਂ ਵਿੱਚ  ਬਿਲਕੁਲ ਖਰੀ ਉਤਰਦੀ ਹੈ ਇਸ ਕਰ ਕੇ  ਸਾਨੂੰ ਅੱਜ ਉਹ ਹੀ ਚੰਗਾ ਬੀਜਣਾ ਚਾਹੀਦਾ ਹੈ  ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਚੰਗਾ ਵੱਢ ਵੀ ਸਕੀਏ  ਇਸ ਦੀ ਸ਼ੁਰੂਆਤ ਅੱਜ ਤੋਂ ਹੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਆਉਣ ਵਾਲਾ ਸਮਾਂ  ਸਭ ਲਈ ਚੰਗਾ ਹੋਵੇ । ਮਨੁੱਖ ਦਰੱਖਤਾਂ ਦੀ ਕਟਾਈ ਨਾ ਕਰੇ ਸਗੋਂ ਜੋ ਦਰੱਖਤ ਪੁਰਾਣੇ ਹੋ ਗਏ ਹਨ ਉਨ੍ਹਾਂ ਦੇ ਨਾਲ ਹੀ ਨਵੇਂ ਦਰੱਖਤਾਂ ਨੂੰ ਲਾਉਣ ਤਾਂ ਜੋ ਕੁਦਰਤ ਦਾ ਆਪਣਾ ਬੈਲੇਂਸ ਬਣਿਆ ਰਹੇ ।ਇਸ ਕੰਮ ਦੀ ਸ਼ੁਰੂਆਤ ਸਾਨੂੰ ਆਪਣੇ ਕੋਲੋਂ ਹੀ ਕਰਨੀ ਪੈਣੀ ਹੈ ਕਿਉਂ ਕਿ ਇਹ ਮਸਲਾ  ਕਿਸੇ ਪਾਰਟੀ ਜਾਂ ਦਾਇਰੇ ਨਾਲ ਸਬੰਧਿਤ ਨਹੀਂ ਹੈ  ਸਗੋ ਇਹ ਸਾਡੀ ਆਪਣੀ ਨਿੱਜੀ ਜ਼ਿੰਦਗੀ ਦਾ ਮਸਲਾ ਹੈ ।ਜੇਕਰ ਗੱਲ ਅਸੀਂ ਪਿਛਲੇ ਸਮੇਂ ਦੀ ਕਰੀਏ  ਤਦ ਉਸ ਸਮੇਂ ਮਨੁੱਖ ਦੀ  ਉਮਰ ਲੰਮੀ ਹੁੰਦੀ ਸੀ,ਖੁੱਲ੍ਹਾ ਖਾਣਾ ਪੀਣਾ ਉਸ ਦੇ ਸੁਭਾਅ ਵਿੱਚ ਸੀ ।ਸਾਡੇ ਬਜ਼ੁਰਗਾਂ ਨੇ ਕਦੀ ਵੀ ਜਿੰਮ ਵਗੈਰਾ ਜੁਆਇਨ ਨਹੀਂ ਕੀਤੇ ਸਨ ਸਗੋਂ ਉਹ ਤਾਂ  ਆਪਣੀ ਕਿਰਤ ਕਰਦੇ ਹੋਏ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਦੇ ਹੋਏ ਜੀਵਨ ਬਤੀਤ ਕਰਦੇ ਸਨ  ਜਿਸ ਦਾ ਫਲ ਉਨ੍ਹਾਂ ਨੂੰ ਕੁਦਰਤ ਵੱਲੋਂ ਇਹ ਦਿੱਤਾ ਜਾਂਦਾ ਸੀ ਕਿ ਉਨ੍ਹਾਂ ਦੀ ਉਮਰ ਲੰਮੀ ਹੁੰਦੀ ਸੀ ਪਰ ਅੱਜ ਦੇ ਮਨੁੱਖ ਦੀ ਉਮਰ 75ਦੇ ਦਾਇਰੇ ਵਿੱਚ ਹੀ ਰਹਿ ਗਈ ਹੈ। ਜਿਸ ਹਿਸਾਬ ਨਾਲ ਮਨੁੱਖ ਨੇ ਤਰੱਕੀ ਕਰ ਲਈ ਅਤੇ ਸਾਰੇ ਸੰਸਾਰ ਨੂੰ ਆਪਣੀ ਮੁੱਠੀ ਵਿੱਚ ਕੈਦ ਕਰ ਲਿਆ ਹੈ ਜਿਸ ਕਾਰਨ ਉਸ ਦੀ ਉਮਰ  ਇਸ ਤੋਂ ਵੀ ਘਟ ਗਈ ਹੈ । 

 ਅਜੋਕੇ ਸਮੇਂ ਵਿੱਚ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਇਸੇ ਹੱਦੋਂ ਵੱਧ ਲੰਘਣ ਦੀ ਸੋਚ ਨੇ ਸੰਸਾਰ ਭਰ ਨੂੰ ਇੱਕ ਛੋਟੇ ਜਿਹੇ  ਆਣ ਦਿੱਖ ਵਿਸ਼ਾਣੂੰ ਨੇ  ਘੁੰਮਣ ਘੇਰੀ ਵਿਚ ਪਾਇਆ ਹੋਇਆ ਹੈ  ਜਿਸ ਨੂੰ ਕਰੋਨਾ ਦਾ ਨਾਮ ਦਿੱਤਾ ਗਿਆ ਹੈ ।ਜੇਕਰ ਅਸੀਂ ਇਸ  ਬਿਮਾਰੀ ਦੀ ਸ਼ੁਰੂਆਤ ਦੀ ਗੱਲ ਕਰੀਏ  ਤਾਂ ਸਾਡੇ ਸਾਹਮਣੇ ਜੋ ਵੀ ਤੱਥ  ਆਏ ਹਨ  ਉਨ੍ਹਾਂ ਤੱਥਾਂ ਵਿੱਚ  ਮਨੁੱਖ ਖ਼ੁਦ ਹੀ ਜ਼ਿੰਮੇਵਾਰ ਹੈ ,ਜਿਸ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ  ਜੋ ਮਨੁੱਖ ਦਾ  ਨਾਸ਼  ਕਰ ਰਹੇ ਹਨ । ਜਦੋਂ ਮਨੁੱਖ ਇਸ ਧਰਤੀ ਉੱਤੇ  ਆਇਆ  ਉਸ ਨੂੰ ਕਿਸੇ ਵੀ ਚੀਜ਼ ਦੀ ਸਮਝ ਨਹੀਂ ਸੀ  ਉਹ ਕੇਵਲ ਕੁਦਰਤੀ ਰੰਗਾਂ ਵਿਚ ਰਹਿ ਕੇ ਆਪਣੇ ਆਪ ਨੂੰ  ਮਹਿਫੂਜ਼ ਸਮਝਦਾ ਸੀ ਤੇ ਨਾ ਹੀ  ਸਾਡੀ ਧਰਤੀ ਉੱਤੇ ਅਜਿਹੀਆਂ ਬਿਮਾਰੀਆਂ ਸਨ ਸੋ ਇਨ੍ਹਾਂ ਸਭ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ  ਆਖਰਕਾਰ ਇਹ ਹੀ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ  ਅਤੇ ਆਉਣ ਵਾਲੀਆਂ ਪੀਡ਼੍ਹੀਆਂ ਨੂੰ  ਸਹੀ ਵਾਤਾਵਰਣ ਦੇ ਸਕਦੇ ਹਾਂ  ਜਿਸ ਵਿਚ ਅਕਾਲ ਦਾ ਨਾਦ ਗੂੰਜਦਾ ਹੋਵੇ ਤਾਂ ਹੀ ਸਾਡਾ ਇਸ ਧਰਤੀ ਉੱਤੇ ਆਉਣਾ ਸਫ਼ਲ ਹੋਵੇਗਾ ਅਤੇ ਜਾਣ ਵੇਲੇ ਅਸੀਂ ਆਪਣੇ ਸਮਾਜ ਨੂੰ ਇੱਕ ਸਹੀ ਸੋਚ ਅਤੇ ਖੁੱਲ੍ਹਾ ਵਾਤਾਵਰਣ  ਦੇ ਨਾਲ ਇਕ ਸ਼ੁੱਧ ਹਵਾ ਦੇ ਕੇ ਜਾ ਸਕਦੇ ਹਾਂ  ।