ਪੰਜਾਬ ਵਿੱਚ ਝੋਨੇ ਦੀ ਅਗੇਤੀ ਲਵਾਈ ਦੀ ਸਰਕਾਰ ਨੇ ਪ੍ਰਵਾਨਗੀ ਦਿੱਤੀ

ਪੰਜਾਬ ਵਿੱਚ ਝੋਨੇ ਦੀ ਅਗੇਤੀ ਲਵਾਈ ਦੀ ਸਰਕਾਰ ਨੇ ਪ੍ਰਵਾਨਗੀ ਦਿੱਤੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਅਹਿਮ ਫੈਂਸਲਾ ਕਰਦਿਆਂ ਝੋਨੇ ਦੀ ਲਵਾਈ ਲਈ 20 ਜੂਨ ਦੀ ਨਿਰਧਾਰਤ ਤਾਰੀਕ ਤੋਂ ਇਕ ਹਫਤਾ ਪਹਿਲਾਂ ਝੋਨਾ ਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।  

ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ 13 ਜੂਨ ਤੋਂ ਝੋਨੇ ਦੀ ਲਵਾਈ ਦੀ ਆਗਿਆ ਦਿੱਤੀ ਜਾਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਦੌਰਾਨ ਇਹ ਐਲਾਨ ਵੀ ਕੀਤਾ ਕਿ ਹਾਲ ਹੀ ਦੇ ਬੇ-ਮੌਸਮੀ ਮੀਂਹ ਦੌਰਾਨ ਅਤੇ ਮੁੱਖ ਲਾਈਨਾਂ ਤੋਂ ਬਿਜਲੀ ਸਪਾਰਕ ਹੋਣ ਨਾਲ ਕਣਕ ਦੀ ਫਸਲ ਨੂੰ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਮੀਂਹ ਕਾਰਨ ਫਸਲਾਂ ਦੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅੱਗ ਜਾਂ ਹੋਰ ਕਾਰਨਾਂ ਨਾਲ ਹੋਏ ਨੁਕਸਾਨ ਦਾ ਉਨਾਂ ਦੇ ਰਾਹਤ ਫੰਡ ਵਿੱਚੋਂ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ ਵਾਅਦਾ ਕੀਤਾ ਕਿ ਉਹ ਹਰੇਕ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਣਗੇ।

ਸ਼ਹੀਦਾਂ ਦੀ ਧਰਤੀ ’ਤੇ ਸੂਬੇ ਤੋਂ ਲੋਕ ਸਭਾ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੁਹਰਾਇਆ ਕਿ ਉਨਾਂ ਦੀ ਸਰਕਾਰ ਉਨਾਂ ਸਾਰੀਆਂ ਪੰਜਾਬੀਆਂ ਦੀ ਯਾਦ ਵਿੱਚ ਇਕ ਯਾਦਗਾਰ ਦਾ ਨਿਰਮਾਣ ਕਰੇਗੀ ਜਿਨਾਂ ਨੇ ਆਜ਼ਾਦੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਹਨ। ਉਨਾਂ ਕਿਹਾ ਕਿ ਅਜੇ ਵੀ ਬਹੁਤ ਸਾਰੇ ਸ਼ਹੀਦ ਬੇਨਾਮ ਹਨ।

ਕਿਸਾਨਾਂ ਦੇ ਮੁੱਦਿਆ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ-ਘੱਟ ਸਮੱਰਥਨ ਮੁੱਲ ’ਤੇ ਕੀਮਤ ਕਟੌਤੀ ਦੀ ਆਗਿਆ ਨਹੀਂ ਦੇਵੇਗੀ। ਉਨਾਂ ਕਿਹਾ ਕਿ ਉਨਾਂ ਨੇ ਪਹਿਲਾਂ ਹੀ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਉਹ ਉਹ ਖੁਦ ਇਸ ਮੁੱਦੇ ਨੂੰ ਅੱਗੇ ਲਿਜਾਣਗੇ। 

ਕਰਜ਼ਾ ਰਾਹਤ ਸਕੀਮ ਵਿੱਚ ਸੂਬਾ ਸਰਕਾਰ ਨੂੰ ਕੋਈ ਵੀ ਸਹਾਇਤਾ ਨਾ ਦੇਣ ਲਈ ਕੇਂਦਰ ਸਰਕਾਰ ’ਤੇ ਵਰਦੇ ਹੋਏ ਮੁੱਖ ਮੰਤਰੀ ਨੇ 4 ਲੱਖ ਬੋਰੀਆਂ (16000 ਗੱਠਾਂ) ਹਰਿਆਣਾ ਵੱਲ ਨੂੰ ਤੋਰ ਕੇ ਪੰਜਾਬ ਲਈ ਸਮੱਸਿਆ ਖੜੀ ਕਰਨ ਲਈ ਮੋਦੀ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਮੋਦੀ ਨੇ ਆਪਣੇ ਸਿਆਸੀ ਫਾਇਦਿਆਂ ਲਈ ਪੰਜਾਬ ਦੇ ਗਰੀਬ ਕਿਸਾਨਾਂ ਨੂੰ ਸਜ਼ਾ ਦਿੱਤੀ ਹੈ।

ਸੂਬੇ ਵਿੱਚ ਅਕਾਲੀਆਂ ਦੇ ਸ਼ਾਸਨ ਮੌਕੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਆੜੇ ਹੱਥੀਂ ਲਿਆ। ਜਦੋਂ ਮੁੱਖ ਮੰਤਰੀ ਨੇ ਪ੍ਰਣ ਕੀਤਾ ਕਿ ਉਹ ਅਜਿਹੇ ਸ਼ਰਮਨਾਕ ਕਾਰਿਆਂ ਦੇ ਦੋਸ਼ੀਆਂ ਨੂੰ ਬਖ਼ਸ਼ਣਗੇ ਨਹੀਂ ਤਾਂ ਪੰਡਾਲ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ,“ਉਨਾਂ ਨੂੰ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ।’’

ਹਰ ਮੁਹਾਜ਼ ’ਤੇ ਫੇਲ ਸਾਬਤ ਹੋਣ ’ਤੇ ਅਕਾਲੀਆਂ ਦੀ ਸਖਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ 40,000 ਸਰਕਾਰੀ ਅਸਾਮੀਆਂ ’ਤੇ ਭਰਤੀ ਕੀਤੀ ਜਦਕਿ ਇਸ ਨੂੰ ਭਰਨ ਵਿੱਚ ਨਾਕਾਮ ਰਹੀ। ਉਨਾਂ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਉਨਾਂ ਦੀ ਸਰਕਾਰ ਨੇ 8.25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜੋ ਔਸਤਨ 1000 ਨੌਕਰੀ ਰੋਜ਼ਾਨਾ ਬਣਦੀ ਹੈ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਹਰੇਕ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਣੀ ਸੰਭਵ ਨਹੀਂ ਜਿਸ ਕਰਕੇ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰਾਈਵੇਟ ਸੈਕਟਰ ਵਿੱਚ ਰੋਜ਼ਗਾਰ ਦੇਣ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੇ ਅਜੇ ਤਿੰਨ ਸਾਲ ਹੋਰ ਪਏ ਹਨ ਅਤੇ ਉਨਾਂ ਅਤੇ ਪਾਰਟੀ ਵੱਲੋਂ ਲੋਕਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਪੂਰਾ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਮੁੜ ਮੁਲਕ ਦੇ ਸਿਖਰਲੇ ਸੂਬਿਆਂ ’ਚ ਸ਼ਾਮਲ ਕੀਤਾ ਜਾਵੇਗਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ