ਭਰੂਣ ਨੂੰ ਹਿਚਕੀ ਲੱਗਣੀ

ਭਰੂਣ ਨੂੰ ਹਿਚਕੀ ਲੱਗਣੀ

ਜਿਸ ਔਰਤ ਨੂੰ ਵੀ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੋਵੇ, ਉਹ ਸਮਝ ਸਕਦੀ ਹੈ ਕਿ ਢਿੱਡ ਅੰਦਰ ਕਦੇ ਕਦਾਈਂ ਅਜੀਬ ਜਿਹੇ ਪੌਪਕੌਰਨ ਭੁੰਨੇ ਜਾਣ ਵਰਗਾ ਹਲਕਾ ਭੁੜਕਣ ਦਾ ਇਹਸਾਸ ਕਿੰਨਾ ਮਜ਼ੇਦਾਰ ਹੁੰਦਾ ਹੈ। ਇਸ ਦੇ ਨਾਲ ਹੀ ਕਦੇ ਕਦਾਈਂ ਭਰੂਣ ਵੱਲੋਂ ਹਲਕਾ ਮੁੱਕਾ ਜਾਂ ਪਾਸਾ ਬਦਲਣਾ ਜਾਂ ਠੁੱਡਾ ਵੱਜਣਾ ਕਿੰਨਾ ਮਜ਼ੇਦਾਰ ਜਾਪਦਾ ਹੈ।   

ਹਲਕਾ ਭੁੜਕਣਾ ਦਰਅਸਲ ਭਰੂਣ ਦੀ ਹਿਚਕੀ ਹੁੰਦੀ ਹੈ ਜੋ ਚੌਥੇ ਮਹੀਨੇ ਤੋਂ ਬਾਅਦ ਸ਼ੁਰੂ ਹੁੰਦੀ ਹੈ। ਭਰੂਣ ਦੇ ਫੇਫੜਿਆਂ ਤੇ ਢਿੱਡ ਨੂੰ ਵੱਖ ਕਰਨ ਵਾਲੀ ਪਰਤ ‘ਡਾਇਆਫਰਾਮ’ ਦੀ ਹਿਲਜੁਲ ਸਦਕਾ ਹੀ ਇਹ ਹੁੰਦੀ ਹੈ। ਜਿਉਂ ਹੀ ਭਰੂਣ ਸਾਹ ਲੈਣ ਦੀ ਕੋਸ਼ਿਸ਼ ਕਰੇ, ਬੱਚੇਦਾਨੀ ਵਿਚਲਾ ਪਾਣੀ ਉਸ ਦੇ ਫੇਫੜਿਆਂ ਅੰਦਰ ਭਰ ਜਾਂਦਾ ਹੈ ਤੇ ਡਾਇਆਫਰਾਮ ਖਿੱਚਿਆ ਜਾਂਦਾ ਹੈ। ਨਤੀਜੇ ਵਜੋਂ ਹਿਚਕੀ ਆਉਣੀ ਸ਼ੁਰੂ ਹੋ ਜਾਂਦੀ ਹੈ।

ਕਈ ਮਾਵਾਂ ਨੂੰ ਨਿੱਕੇ-ਨਿੱਕੇ ਠੁੱਡਿਆਂ ਵਾਂਗ ਇਹਸਾਸ ਹੁੰਦਾ ਹੈ ਪਰ ਲਗਾਤਾਰ ਕਈ ਚਿਰ ਇੱਕੋ ਜਿਹੇ ਠੁੱਡੇ ਦਰਅਸਲ ਬੱਚੇ ਦੀ ਹਿਚਕੀ ਹੀ ਹੁੰਦੇ ਹਨ। ਜ਼ਿਆਦਾਤਰ ਅਜਿਹੀ ਹਿਚਕੀ ਜੱਚਾ ਨੂੰ ਸੱਤਵੇਂ ਮਹੀਨੇ ਤੋਂ ਬਾਅਦ ਮਹਿਸੂਸ ਹੁੰਦੀ ਹੈ।

ਅਲਟਰਾਸਾਊਂਡ ਵਿਚ ਤਾਂ ਬੱਚੇ ਨੂੰ ਤੀਜੇ ਮਹੀਨੇ ਵਿਚ ਹੀ ਹਿਚਕੀ ਲੈਂਦਿਆਂ ਵੇਖਿਆ ਜਾ ਸਕਦਾ ਹੈ। ਵੱਡਿਆਂ ਲਈ ਹਿਚਕੀ ਦੀ ਭਾਵੇਂ ਬਹੁਤੀ ਅਹਿਮੀਅਤ ਨਾ ਹੋਵੇ ਪਰ ਭਰੂਣ ਦੀ ਹਿਚਕੀ ਪਿੱਛੇ ਕੁਦਰਤ ਦੀ ਕਮਾਲ ਦੀ ਕਾਰੀਗਰੀ ਹੈ।

1.  ਸਾਹ ਦੇ ਸੈਂਟਰ ਤੇ ਸਿਸਟਮ ਨੂੰ ਰਵਾਂ ਕਰਨਾ :- ਡਾਇਆਫਰਾਮ ਦੀ ਬਣਤਰ ਸਹੀ ਰੱਖਣ ਤੇ ਫੇਫੜਿਆਂ ਦੀ ਲਚਕ ਲਈ ਹਿਚਕੀ ਜ਼ਰੂਰੀ ਹੁੰਦੀ ਹੈ। ਤੀਜੇ ਮਹੀਨੇ ਦੇ ਗਰਭ ਵਿਚ ਹੀ ਕੁਦਰਤੀ ਹਿਚਕੀ ਸ਼ੁਰੂ ਹੋਣ ਦਾ ਇਹੀ ਕਾਰਨ ਹੈ।

2.  ਦਿਮਾਗ਼ ਨੂੰ ਜਾਂਦੀਆਂ ਨਸਾਂ ਨੂੰ ਰਵਾਂ ਰੱਖਣਾ :- ਡਾਇਆਫਰਾਮ ਤੋਂ ਜਾਂਦੀ ਨਸ ਨੂੰ ਰਵਾਂ ਕਰਨ ਲਈ ਇਸ ਦੀ ਹਲਕੀ ਹਿਲਜੁਲ ਜ਼ਰੂਰੀ ਹੁੰਦੀ ਹੈ। ਇਸ ਨਾਲ ਦਿਮਾਗ਼ ਅਤੇ ਰੀੜ ਦੀ ਹੱਡੀ ਵਿਚ ਬਣ ਰਹੇ ਸੈ¤ਲਾਂ ਨੂੰ ਹੁਲਾਰਾ ਮਿਲਦਾ ਰਹਿੰਦਾ ਹੈ ਤੇ ਜੰਮਣ ਤੋਂ ਬਾਅਦ ਵੀ ਲਗਾਤਾਰ ਸੈ¤ਲਾਂ ਦਾ ਵਧਣਾ ਜਾਰੀ ਰਹਿੰਦਾ ਹੈ।

3. ਹਿਚਕੀ ਦੇ ਨਾਲ ਹੀ ਭਰੂਣ ਅੰਗੂਠਾ ਵੀ ਚੁੰਘਦਾ ਰਹਿੰਦਾ ਹੈ ਤੇ ਉਬਾਸੀ ਵੀ ਲੈਂਦਾ ਹੈ ਜੋ ਉਸ ਦੇ ਦਿਮਾਗ਼ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਨਿਊਯਾਰਕ ਦੇ ਬਰੂਕਲਿਨ ਵਿਖੇ ਮੈਡੀਕਲ ਸੈਂਟਰ ਤੇ ਡੈਨਵਰ ਦੇ ਗਾਈਨੀ ਵਿਭਾਗ ਵਿਖੇ ਹੋਈ ਖੋਜ ਰਾਹੀਂ ਇਹ ਤੱਥ ਉਜਾਗਰ ਹੋਏ ਹਨ।

ਹਰ ਮਾਂ ਆਪਣੇ ਢਿੱਡ ਅੰਦਰ ਪਲ ਰਹੇ ਬਾਲ ਦੀ ਹਿਚਕੀ ਬਾਰੇ ਸਮਝ ਨਹੀਂ ਸਕਦੀ ਤੇ ਇਸ ਬਾਰੇ ਜਾਣਕਾਰੀ ਨਾ ਹੋਣ ਸਦਕਾ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਭਰੂਣ ਹਿਚਕੀ ਲੈ ਰਿਹਾ ਹੈ। ਕੁੱਝ ਭਰੂਣ ਜ਼ਿਆਦਾ ਹਿੱਲਦੇ ਹਨ ਤੇ ਕੁੱਝ ਘੱਟ। ਭਰੂਣ ਦੀ ਬਣਤਰ, ਭਾਰ, ਮਾਂ ਦੇ ਭਾਰ ਆਦਿ ਦੇ ਹਿਸਾਬ ਨਾਲ ਵੱਧ ਜਾਂ ਘੱਟ ਹਿਚਕੀ ਹੋ ਸਕਦੀ ਹੈ।

ਜਿਉਂ ਹੀ ਬੱਚੇ ਦੇ ਜੰਮਣ ਦਾ ਸਮਾਂ ਨੇੜੇ ਆ ਜਾਵੇ, ਹਿਚਕੀ ਘਟਣ ਲੱਗ ਪੈਂਦੀ ਹੈ। ਪਰ, ਜੇ ਵਧਣ ਲੱਗ ਪਵੇ ਤਾਂ ਡਾਕਟਰੀ ਸਲਾਹ ਲੈਣੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਨਾੜੂਆ ਬੱਚੇ ਦਾ ਗਲਾ ਘੁੱਟ ਰਿਹਾ ਹੁੰਦਾ ਹੈ।

ਇਸ ਵਾਸਤੇ ਹਰ ਮਾਂ ਨੂੰ ਰੋਜ਼ ਆਪਣੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਠੁੱਡਿਆਂ ਦੀ ਗਿਣਤੀ ਜ਼ਰੂਰ ਕਰਨੀ ਚਾਹੀਦੀ ਹੈ। ਹੌਲੀ-ਹੌਲੀ ਪੂਰੇ ਧਿਆਨ ਨਾਲ ਹੱਥ ਲਾ ਕੇ ਮਾਵਾਂ ਨੂੰ ਸੌਖਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਬੱਚਾ ਘਸੁੰਨ ਮਾਰ ਕੇ ਮਾਂ ਨਾਲ ਸਾਂਝ ਗੰਢ ਰਿਹਾ ਹੈ ਜਾਂ ਹਿਚਕੀ ਲੈ ਰਿਹਾ ਹੈ।

ਕੁੱਝ ਮਾਵਾਂ ਨੂੰ ਕੰਮ ਜਾਂ ਮੀਟਿੰਗ ਦੌਰਾਨ ਜਾਂ ਸੌਂਦੇ ਹੋਏ ਭਰੂਣ ਦੀ ਲੋੜੋਂ ਵੱਧ ਹਿਲਜੁਲ ਨਾਲ ਤੰਗੀ ਮਹਿਸੂਸ ਹੋਣ ਲੱਗ ਪੈਂਦੀ ਹੈ। ਅਜਿਹਾ ਹੋਣ ਉ¤ਤੇ ਮਾਂ ਹਲਕਾ ਤੁਰ ਫਿਰ ਕੇ ਜਾਂ ਪਾਸਾ ਲੈ ਕੇ ਭਰੂਣ ਦੀ ਹਿਲਜੁਲ ਘਟਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਤਾਂ ਜੋ ਸਹਿਜ ਹੋ ਕੇ ਆਪਣਾ ਕੰਮ ਮੁਕਾਉਣ ਬਾਅਦ ਆਪਣੇ ਢਿੱਡ ਅੰਦਰਲੇ ਬੱਚੇ ਨਾਲ ਖੇਡ ਸਕੇ।

ਜੰਮਣ ਬਾਅਦ ਵੀ ਨਵਜੰਮੇਂ ਬੱਚੇ ਦੀ ਹਿਚਕੀ ਨੂੰ ਦਾਦੀਆਂ ਨਾਨੀਆਂ ‘ਵਧਣੀ’ ਦਾ ਨਾਂ ਦੇ ਕੇ ਇਸ ਬਾਰੇ ਖ਼ੁਸ਼ੀ ਮਨਾਉਂਦੀਆਂ ਹਨ। ਇਕ ਮਿੰਟ ਤੋਂ ਇਕ ਘੰਟੇ ਤੱਕ ਰਹਿਣ ਵਾਲੀ ਇਹ ਹਿਚਕੀ ਕਦੇ ਕਦਾਈਂ ਬੱਚੇ ਦੇ ਨਾਲ-ਨਾਲ ਮਾਂ ਨੂੰ ਵੀ ਤੰਗ ਕਰ ਦਿੰਦੀ ਹੈ। ਦੁੱਧ ਪੀਣ ਤੋਂ ਇਕਦਮ ਬਾਅਦ ਢਿੱਡ ਅੰਦਰ ਹਵਾ ਭਰਨ ਤੇ ਡਾਇਆਫਰਾਮ ਦੇ ਖਿੱਚੇ ਜਾਣ ਨਾਲ ਹਿਚਕੀ ਆਉਣੀ ਸ਼ੁਰੂ ਹੋ ਸਕਦੀ ਹੈ। ਕਈ ਵਾਰ ਠੰਡ ਲੱਗਣ ਨਾਲ ਵੀ ਨਵਜੰਮੇਂ ਬੱਚੇ ਨੂੰ ਹਿਚਕੀ ਆ ਸਕਦੀ ਹੈ। ਖੰਘ ਨਾਲ, ਦੁੱਧ ਕੱਢਣ ਨਾਲ, ਰੋਣ ਬਾਅਦ, ਆਦਿ ਵੀ ਲਗਾਤਾਰ ਹੁੰਦੀ ਹਿਚਕੀ ਦੇ ਕਾਰਨ ਹਨ।

ਜੇ ਬੱਚੇ ਦੀ ਨੀਂਦਰ ਖ਼ਰਾਬ ਹੋ ਰਹੀ ਹੋਵੇ ਜਾਂ ਬੱਚਾ ਲਗਾਤਾਰ ਆ ਰਹੀ ਹਿਚਕੀ ਤੋਂ ਖਿਝ ਰਿਹਾ ਹੋਵੇ ਤਾਂ ਉਸ ਨੂੰ ਇਕ ਘੁੱਟ ਪਾਣੀ ਦਾ ਪਿਆਇਆ ਜਾ ਸਕਦਾ ਹੈ ਜਾਂ ਮੋਢੇ ਨਾਲ ਲਾ ਕੇ ਹਲਕਾ ਥਾਪੜਿਆ ਜਾ ਸਕਦਾ ਹੈ। ਜੇ 24 ਘੰਟਿਆਂ ਤੋਂ ਵੱਧ ਲਗਾਤਾਰ ਹਿਚਕੀ ਆਉਂਦੀ ਰਹੇ ਤਾਂ ਜ਼ਰੂਰ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ।

ਵੱਡੇ ਬੱਚਿਆਂ ਵਿਚ ਜ਼ਿਆਦਾ ਚਿੰਗਮ ਖਾਣ, ਕੋਲਡ ਡਰਿੰਕ ਪੀਣ, ਮਿਰਚਾਂ ਵਾਲਾ ਖਾਣਾ ਖਾਣ, ਬਹੁਤੀ ਘਬਰਾਹਟ ਜਾਂ ਤਣਾਓ, ਇਕਦਮ ਲੱਗੀ ਠੰਡ ਜਾਂ ਬਹੁਤ ਬਦਬੂਦਾਰ ਚੀਜ਼ ਸੁੰਘਣ ਨਾਲ ਵੀ ਹਿਚਕੀ ਲੱਗ ਸਕਦੀ ਹੈ। ਵੱਡੇ ਬੱਚਿਆਂ ਵਿਚ ਲੰਮਾ ਸਾਹ ਖਿੱਚ ਕੇ ਕੁੱਝ ਚਿਰ ਰੋਕਣ, ਬੰਦ ਲਿਫਾਫੇ ਅੰਦਰ ਕੁੱਝ ਚਿਰ ਸਾਹ ਲੈਣ ਤੇ ਬਾਹਰ ਕੱਢਣ, ਇਕਦਮ ਅੱਧਾ ਗਿਲਾਸ ਪਾਣੀ ਪੀਣ, ਬੈਠ ਕੇ ਅੱਗੇ ਝੁਕ ਕੇ ਗੋਡਿਆਂ ਨਾਲ ਢਿੱਡ ਨੂੰ ਨੱਪਣ ਜਾਂ ਇਕਦਮ ਡਰ ਜਾਣ ਨਾਲ ਵੀ ਹਿਚਕੀ ਰੁਕ ਜਾਂਦੀ ਹੈ।


ਡਾ. ਹਰਸ਼ਿੰਦਰ ਕੌਰ, ਐਮ. ਡੀ., 
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, 
ਲੋਅਰ ਮਾਲ ਪਟਿਆਲਾ। 
ਫੋਨ ਨੰ: 0175-2216783