ਘੱਲੂਘਾਰਾ ਦਿਹਾੜਾ 2019: ਮਜ਼ਬੂਤ ਹੁੰਦੀ ਖਾਲਿਸਤਾਨ ਦੀ ਲੋਕ ਲਹਿਰ (ਭਾਗ-1)
ਸੁਖਵਿੰਦਰ ਸਿੰਘ
ਬੀਤੇ ਕਈ ਸਾਲਾਂ ਵਾਂਗ ਇਸ ਵਾਰ ਵੀ 5 ਜੂਨ ਤੇ 6 ਜੂਨ ਦਾ ਦਿਹਾੜਾ ਅੰਮ੍ਰਿਤਸਰ ਸਾਹਿਬ ਵਿੱਚ ਬਤੀਤ ਕੀਤਾ। ਇਹ ਦਿਹਾੜੇ ਸਿੱਖ ਚੇਤਨਾ ਵਿੱਚ ਇਤਿਹਾਸਕ ਦਿਹਾੜਿਆਂ ਦੀ ਨਿਆਈਂ ਸਥਾਪਿਤ ਹੋ ਚੁੱਕੇ ਹਨ ਜਦੋਂ ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ‘ਤੇ ਇਕੱਤਰ ਹੋ ਕੇ ਜੂਨ 1984 ਦੇ ਪਹਿਲੇ ਹਫਤੇ ਵਿੱਚ ਦਰਬਾਰ ਸਾਹਿਬ ‘ਤੇ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਦੀ ਯਾਦ ਮਨਾਉਂਦੇ ਹਨ ਅਤੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਤੇ ਅਕਾਲੀ ਰੁਤਬੇ ਨੂੰ ਬਹਾਲ ਰੱਖਣ ਖਾਤਰ ਭਾਰਤੀ ਫੌਜਾਂ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ, ਬਜ਼ੁਰਗਾਂ, ਭੁਝੰਗੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕੌਮੀ ਅਜ਼ਾਦ ਦੇਸ਼ “ਖਾਲਿਸਤਾਨ” ਨੂੰ ਹਾਸਿਲ ਕਰਨ ਦੇ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਕਰਦੇ ਹਨ।
ਮਾਰਚ ਵਿੱਚ ਦਲ ਖ਼ਾਲਸਾ ਦਾ ਝੰਡਾ ਚੁੱਕ ਕੇ ਤੁਰ ਰਿਹਾ ਬੱਚਾ ਬਜ਼ੁਰਗਾਂ ਵੱਲ ਤੱਕਦਾ ਹੋਇਆ
ਜਿੱਥੇ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜੂਝਾਰੂਆਂ ਦੀ ਯਾਦ ਵਿੱਚ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਉੱਥੇ 5 ਜੂਨ ਨੂੰ ਦਲ ਖ਼ਾਲਸਾ ਵੱਲੋਂ ਅੰਮ੍ਰਿਤਸਰ ਸ਼ਹਿਰ ਵਿੱਚ ਕੱਢਿਆ ਜਾਂਦਾ ਘੱਲੂਘਾਰਾ ਯਾਦਗਾਰੀ ਮਾਰਚ ਖਾਲਿਸਤਾਨ ਪ੍ਰਤੀ ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਦਾ ਇੱਕ ਸਥਾਪਿਤ ਸਮਾਗਮ ਬਣ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਜੂਨ ਨੂੰ ਰਣਜੀਤ ਐਵਨਿਊ ਸਥਿਤ ਗੁਰਦੁਆਰਾ ਸਾਹਿਬ ਤੋਂ ਇਹ ਘੱਲੂਘਾਰਾ ਯਾਦਗਾਰੀ ਮਾਰਚ ਅਰੰਭ ਹੋਇਆ। ਇਸ ਵਾਰ ਇਹ ਮਾਰਚ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ‘ਤੇ ਕੱਢਿਆ ਗਿਆ ਜਿਸ ਵਿੱਚ ਯੂਨਾਈਟਿਡ ਅਕਾਲੀ ਦਲ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਂਇੰਦੇ ਵੀ ਪਹੁੰਚੇ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਸਿੱਖਾਂ ਦਾ ਇਹ ਮਾਰਚ ਬਹੁਤ ਪ੍ਰਭਾਵਸ਼ਾਲੀ ਸੀ ਜੋ ਰਣਜੀਤ ਐਵਨਿਊ ਤੋਂ ਚੱਲ ਕੇ ਸ਼ਹਿਰ ਦੇ ਬਜ਼ਾਰਾਂ, ਰਿਹਾਇਸ਼ੀ ਖੇਤਰਾਂ ਦਾ ਲਗਭਗ 10 ਕਿਲੋਮੀਟਰ ਦਾ ਸਫਰ ਤੈਅ ਕਰਦਾ ਸੂਰਜ ਛਿਪਣ ਤੋਂ ਬਾਅਦ ਦਰਬਾਰ ਸਾਹਿਬ ਪਹੁੰਚ ਕੇ ਸਮਾਪਤ ਹੋਇਆ।
ਮਾਰਚ ਵਿੱਚ ਸ਼ਾਮਿਲ ਖਾਲਸਾਈ ਬਾਣੇ ਵਿੱਚ ਸਜਿਆ ਬਜ਼ੁਰਗ ਸਿੰਘ
ਇਸ ਮਾਰਚ ਦੀ ਅਗਵਾਈ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਭਾਈ ਹਰਚਰਨਜੀਤ ਸਿੰਘ ਧਾਮੀ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਕਰ ਰਹੇ ਸਨ ਤੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਭਾਈ ਈਮਾਨ ਸਿੰਘ ਮਾਨ, ਭਾਈ ਜਸਕਰਨ ਸਿੰਘ ਕਾਹਨਸਿੰਘਵਾਲਾ, ਯੂਨਾਈਟਿਡ ਅਕਾਲੀ ਦਲ ਦੇ ਆਗੂ ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ, ਜੁਝਾਰੂ ਸਿੱਖ ਆਗੂ ਭਾਈ ਨਰਾਇਣ ਸਿੰਘ ਚੌੜਾ ਆਦਿ ਸ਼ਾਮਿਲ ਸਨ। ਇਹ ਆਗੂ ਇੱਕ ਖੁੱਲ੍ਹੀ ਜੀਪ ‘ਤੇ ਖੜ੍ਹੇ ਸਨ ਤੇ ਇਹਨਾਂ ਬਜ਼ੁਰਗ ਆਗੂਆਂ ਵਿੱਚ ਦਲ ਖ਼ਾਲਸਾ ਦੀ ਨੌਜਵਾਨ ਇਕਾਈ "ਸਿੱਖ ਯੂਥ ਆਫ ਪੰਜਾਬ" ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਅਜ਼ਾਦ ਸਿੱਖ ਰਾਜ ਦਾ ਵੱਡਾ ਝੰਡਾ ਫੜ੍ਹ ਕੇ ਚਿੰਨਤ ਕਰ ਰਹੇ ਸਨ ਕਿ “ਖਾਲਿਸਤਾਨ” ਦੇ ਸੰਘਰਸ਼ ਦੀ ਵਾਗਡੌਰ ਹੁਣ ਨਵੀਂ ਪੀੜ੍ਹੀ ਦੇ ਹੱਥਾਂ ਵਿੱਚ ਜਾ ਰਹੀ ਹੈ।
ਮਾਰਚ ਦੀ ਅਗਵਾਈ ਕਰਦੇ ਹੋਏ ਭਾਈ ਹਰਪਾਲ ਸਿੰਘ ਚੀਮਾ, ਭਾਈ ਈਮਾਨ ਸਿੰਘ ਮਾਨ, ਭਾਈ ਹਰਚਰਨਜੀਤ ਸਿੰਘ ਧਾਮੀ, ਭਾਈ ਜਸਕਰਨ ਸਿੰਘ ਕਾਹਨਸਿੰਘਵਾਲਾ, ਨੌਜਵਾਨ ਆਗੂ ਪਰਮਜੀਤ ਸਿੰਘ ਮੰਡ
ਮਾਰਚ ਵਿੱਚ ਸ਼ਾਮਿਲ ਇੱਕ ਵੱਡੀ ਬੱਸ ਉੱਤੇ ਲੱਗੇ ਵੱਡ ਅਕਾਰੀ ਬੋਰਡਾਂ ‘ਤੇ ਲਿਖਿਆ ਸੀ, “ਹਿੰਦੁਸਤਾਨ ਦੀ ਗੁਲਾਮੀ ਵਿਰੁੱਧ ਜੰਗ ਰਹੇਗੀ, ਜੰਗ ਰਹੇਗੀ.. ਪੰਜਾਬ ਦੀ ਆਜ਼ਾਦੀ ਤੱਕ ਜੰਗ ਰਹੇਗੀ, ਜੰਗ ਰਹੇਗੀ..”। ਇੱਕ ਪੋਸਟਰ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਜੂਝਦਿਆਂ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਦੀਆਂ ਤਸਵੀਰਾਂ ਨਾਲ ਲਿਖਿਆ ਸੀ, “ਮੰਜ਼ਿਲ-ਏ-ਖਾਲਿਸਤਾਨ ਦੇ ਸ਼ਹੀਦ”। ਇਸ ਦੇ ਪਿੱਛੇ ਸਿੱਖ ਸੰਗਤਾਂ ਦਾ ਲੰਬਾ ਮਾਰਚ ਹੱਥਾਂ ਵਿੱਚ ਖਾਲਸਾਈ ਰੰਗ ਦੇ ਝੰਡੇ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਤੇ ਖਾਲਿਸਤਾਨ ਦੀ ਅਜ਼ਾਦੀ ਦੇ ਸੁਨੇਹੇ ਫੜੀ “ਸਾਡੀ ਜਿੰਦ ਸਾਡੀ ਜਾਨ, ਖਾਲਿਸਤਾਨ, ਖਾਲਿਸਤਾਨ”, “ਪੰਜਾਬ ਕੀ ਚਾਹੁੰਦਾ, ਆਜ਼ਾਦੀ” “ਅਸੀਂ ਲੈ ਕੇ ਰਹਾਂਗੇ, ਆਜ਼ਾਦੀ” “ਸੰਤ ਭਿੰਡਰਾਂਵਾਲਿਆਂ ਦਾ ਕੀ ਅਰਮਾਨ, ਪੰਜਾਬ ਬਣੇਗਾ ਖਾਲਿਸਤਾਨ” “ਭਾਈ ਗਜਿੰਦਰ ਸਿੰਘ ਦਾ ਕੀ ਪੈਗਾਮ, ਪੰਜਾਬ ਬਣੇਗਾ ਖਾਲਿਸਤਾਨ” ਆਦਿ ਨਾਅਰੇ ਮਾਰਦਿਆਂ ਖਾਲਿਸਤਾਨ ਦੇ ਸੰਘਰਸ਼ ਨੂੰ ਜਾਰੀ ਰੱਖਣ ਦੇ ਕੌਮੀ ਅਹਿਦ ਦਾ ਪ੍ਰਗਟਾਵਾ ਕਰ ਰਿਹਾ ਸੀ। ਅੱਤ ਦੀ ਗਰਮੀ ਤੇ ਲੰਬੇ ਪੈਂਡੇ ਦੀ ਪਰਵਾਹ ਕੀਤੇ ਬਿਨ੍ਹਾਂ ਖਾਲਿਸਤਾਨ ਸ਼ਬਦ ਦੇ ਉਚਾਰਣ ਦੇ ਜੋਸ਼ ‘ਚ ਸਿੱਖ ਬਜ਼ੁਰਗ ਵੀ ਨੌਜਵਾਨਾਂ ਦੀ ਪੈੜ ਨਾਲ ਪੈੜ ਮਿਲਾਉਂਦਿਆਂ ਦਰਬਾਰ ਸਾਹਿਬ ਵੱਲ ਨਤਮਸਤਕ ਹੋਣ ਲਈ ਵੱਧ ਰਹੇ ਸਨ। 4000 ਦੇ ਕਰੀਬ ਸੰਗਤਾਂ ਦੇ ਇਸ ਇਕੱਠ ਵਾਲੇ ਮਾਰਚ ਵਿੱਚ ਲੱਗ ਰਹੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਪ੍ਰਤੀਤ ਹੋ ਰਿਹਾ ਸੀ ਜਿਵੇਂ ਅੰਮ੍ਰਿਤਸਰ ਸ਼ਹਿਰ ਖਾਲਿਸਤਾਨੀ ਰੰਗ ਵਿੱਚ ਰੰਗਿਆ ਗਿਆ ਹੋਵੇ।
ਮਾਰਚ ਵਿੱਚ ਹਰ ਉਮਰ ਦਾ ਸਿੱਖ ਸ਼ਾਮਿਲ ਸੀ
ਇਸ ਮਾਰਚ ਦੀ ਇੱਕ ਹੋਰ ਗੱਲ ਸਾਰੀ ਖਲਕਤ ਨੂੰ ਪ੍ਰਭਾਵਿਤ ਕਰ ਰਹੀ ਹੈ ਕਿ ਇਹ ਮਾਰਚ ਸਿੱਖਾਂ ਦੇ ਜੋਸ਼ ਅਤੇ ਹੋਸ਼ ਵਾਲੇ ਰੂਪ ਨੂੰ ਦੁਨੀਆ ਸਾਹਮਣੇ ਪੇਸ਼ ਕਰਦਾ ਹੈ ਜਦੋਂ ਸਿੱਖ ਹਰ ਸਾਲ 5 ਜੂਨ ਨੂੰ ਨਿੱਕਲਣ ਵਾਲੇ ਇਸ ਮਾਰਚ ਵਿੱਚ ਜੋਸ਼ ‘ਚ ਭਰੇ ਹੋਏ ਪੂਰੇ ਖਾਲਸਾਈ ਜ਼ਾਬਤੇ ‘ਚ ਰਹਿੰਦਿਆਂ ਅੰਮ੍ਰਿਤਸਰ ਸ਼ਹਿਰ ਅੰਦਰ ਮਾਰਚ ਕਰਦੇ ਹਨ। ਬੀਤੇ ਕੁੱਝ ਸਾਲਾਂ ਤੋਂ ਇਸ ਮਾਰਚ ਦਾ ਇਕੱਠ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਇੱਕ ਜਥੇਬੰਦੀ ਤੋਂ ਸ਼ੁਰੂ ਹੋਏ ਇਸ ਘੱਲੂਘਾਰਾ ਮਾਰਚ ਵਿੱਚ ਹੁਣ ਸਿੱਖ ਆਪ ਮੁਹਾਰੇ ਆਉਣਾ ਸ਼ੁਰੂ ਹੋ ਗਏ ਹਨ। ਇਸ ਮਾਰਚ ਵਿੱਚ ਵੱਧ ਰਹੀ ਸਿੱਖਾਂ ਦੀ ਸ਼ਮੂਲੀਅਤ ਪੰਜਾਬ ਅੰਦਰ ਵੱਧ ਰਹੀ ਖਾਲਿਸਤਾਨ ਦੀ ਲੋਕ ਲਹਿਰ ਨੂੰ ਚਿੰਨਤ ਕਰਦੀ ਹੈ। ਦਲ ਖ਼ਾਲਸਾ ਖੁਦ ਨੂੰ ਭਾਰਤੀ ਚੋਣ ਪ੍ਰਣਾਲੀ ਤੋਂ ਅਲਹਿਦਾ ਰੱਖਦਿਆਂ ਲੋਕਤੰਤਰਿਕ ਢੰਗ ਨਾਲ ਵੱਖਵਾਦ ਵਾਲੀ ਰਾਜਨੀਤੀ ਦੇ ਰਾਹ ‘ਤੇ ਚਲਦਿਆਂ ਲੋਕਾਂ ਨੂੰ ਲਾਮਬੰਦ ਕਰਨ ਵਿੱਚ ਕਾਮਯਾਬ ਹੁੰਦੀ ਪ੍ਰਤੀਤ ਹੋ ਰਿਹਾ ਹੈ। ਭਾਵੇਂ ਕਿ ਇਹ ਲਾਮਬੰਦੀ ਉਸ ਪੱਧਰ ਦੀ ਨਹੀਂ ਜੋ ਕੁੱਝ ਦਿਨਾਂ ਅੰਦਰ ਪੰਜਾਬ ਵਿੱਚ ਕੋਈ ਵੱਡੀ ਰਾਜਨੀਤਕ ਤਬਦੀਲੀ ਲਿਆ ਸਕੇ ਪਰ ਸਰਕਾਰੀ ਦਹਿਸ਼ਤ ਦੇ ਸਾਏ ਅੰਦਰ ਜੀਅ ਰਹੇ ਪੰਜਾਬ ਦੇ ਸਿੱਖਾਂ ਅੰਦਰ ਉਸਲਵੱਟੇ ਖਾਂਦੀਆਂ ਕੌਮੀ ਆਜ਼ਾਦ ਰਾਜ ਦੀਆਂ ਇੱਛਾਵਾਂ ਨੂੰ ਬਾਹਰ ਪ੍ਰਗਟ ਹੋਣ ਦੀ ਇੱਕ ਦਿਸ਼ਾ ਜ਼ਰੂਰ ਮਿਲ ਰਹੀ ਹੈ। ਪਰ ਹੁਣ ਇਸ ਮੁਹਿੰਮ ਦੇ ਮਜ਼ਬੂਤ ਹੋਣ ਨਾਲ ਚੁਣੌਤੀਆਂ ਵੀ ਵਧਣਗੀਆਂ ਤੇ ਦਲ ਖ਼ਾਲਸਾ ਦੀ ਨਵੀਂ ਨੌਜਵਾਨ ਲੀਡਰਸ਼ਿਪ ‘ਤੇ ਸ਼ਾਇਦ ਵੱਡੇ ਇਮਤਿਹਾਨਾਂ ਦਾ ਸਮਾਂ ਵੀ ਪਵੇਗਾ। ਇਹਨਾਂ ਇਮਤਿਹਾਨਾਂ ਵਿੱਚ ਇਹਨਾਂ ਆਗੂਆਂ ਦੀ ਕਾਰਗੁਜ਼ਾਰੀ ਆਉਣ ਵਾਲੇ ਸਾਲਾਂ ‘ਚ ਸਿੱਖ ਆਜ਼ਾਦ ਰਾਜ ਖਾਲਿਸਤਾਨ ਦੀ ਲੋਕ ਲਹਿਰ ਦੀ ਦਸ਼ਾ ਅਤੇ ਦਿਸ਼ਾ ਤੈਅ ਕਰੇਗੀ।
ਮਾਰਚ ਵਿੱਚ ਹਰ ਉਮਰ ਦਾ ਸਿੱਖ ਸ਼ਾਮਿਲ ਸੀ
ਇਸ ਮਾਰਚ ਦੌਰਾਨ ਜਦੋਂ ਲਗਾਤਾਰ “ਵੀ ਵਾਂਟ ਖਾਲਿਸਤਾਨ” (We Want Khalistan) ਦੀ ਨਾਅਰੇਬਾਜ਼ੀ ਕਰ ਰਹੇ 25 ਸਾਲਾਂ ਦੇ ਸਿੱਖ ਨੌਜਵਾਨ ਨੂੰ ਮੈਂ ਪੁੱਛਿਆ ਕਿ ਖਾਲਿਸਤਾਨ ਦਾ ਨਾਅਰਾ ਮਾਰਦਿਆਂ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਹੈ ਤਾਂ ਉਸ ਦੇ ਸ਼ਬਦ ਸਨ, “ਖਾਲਿਸਤਾਨ ਬੋਲਣ ਲੱਗੇ ਸਾਡੇ ਅੰਦਰ ਇਹੋ ਜਿਹੀ ਰੂਹ ਆ ਜਾਂਦੀ ਹੈ ਕਿ ਮੈਂ ਬਿਆਨ ਨਹੀਂ ਕਰ ਸਕਦਾ, ਪਤਾ ਨਹੀਂ ਕਿਹੋ ਜਿਹਾ ਜੋਸ਼ ਆ ਜਾਂਦਾ, ਗੁਰੂ ਮਹਾਰਾਜ ਦੀ ਐਨੀ ਕਿਰਪਾ ਹੋ ਜਾਂਦੀ ਹੈ, ਤੁਸੀਂ ਸਾਹਮਣੇ ਦੇਖਿਆ ਬੜਾ ਉਤਸ਼ਾਹ ਹੈ ਨੌਜਵਾਨਾਂ ਦੇ ਵਿੱਚ ਤੇ ਅਸੀਂ ਖਾਲਿਸਤਾਨ ਲੈ ਕੇ ਰਹਾਂਗੇ…।”
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)