ਕਰਤਾਰਪੁਰ ਲਾਂਘੇ ਬਾਰੇ ਖੜ੍ਹੇ ਹੋਏ ਸਵਾਲ; ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਫਿਕਰ

ਕਰਤਾਰਪੁਰ ਲਾਂਘੇ ਬਾਰੇ ਖੜ੍ਹੇ ਹੋਏ ਸਵਾਲ; ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਫਿਕਰ

ਚੰਡੀਗੜ੍ਹ: ਭਾਰਤ ਵੱਲੋਂ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਮਗਰੋਂ ਪਾਕਿਸਤਾਨ ਵੱਲੋਂ ਭਾਰਤ ਨਾਲ ਕੂਟਨੀਤਕ ਸਬੰਧ ਘਟਾਉਣ ਦੇ ਐਲਾਨ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਕਰ ਜ਼ਾਹਰ ਕਰਦਿਆਂ ਇਸ ਕਦਮ ਦਾ ਕਰਤਾਰਪੁਰ ਲਾਂਘੇ ਦੇ ਨਿਰਮਾਣ ’ਤੇ ਮਾੜਾ ਪ੍ਰਭਾਵ ਨਾ ਪੈਣ ਦੀ ਉਮੀਦ ਪ੍ਰਗਟਾਈ ਹੈ।

ਇਸਲਾਮਾਬਾਦ ਵਿੱਚੋਂ ਭਾਰਤੀ ਹਾਈ ਕਮਿਸ਼ਨਰ ਨੂੰ ਕੱਢਣ ਦੇ ਫੈਸਲੇ ਅਤੇ ਨਵੀਂ ਦਿੱਲੀ ਨਾਲ ‘ਦੁੱਵਲੇ ਸਮਝੌਤਿਆਂ’ ਦਾ ਜਾਇਜ਼ਾ ਲੈਣ ਦੀਆਂ ਰਿਪੋਰਟਾਂ ’ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪਾਕਿਸਤਾਨ ਦੇ ਇਸ ਕਦਮ ਨੂੰ ਬਗੈਰ ਸੋਚੀ ਸਮਝੀ ਅਤੇ ਬੇਮੌਕਾ ਕਾਰਵਾਈ ਦੱਸਿਆ। ਉਨਾਂ ਕਿਹਾ ਕਿ ਕਸ਼ਮੀਰ, ਭਾਰਤ ਦਾ ਅੰਦਰੂਨੀ ਮਾਮਲਾ ਹੈ ਜਿਸ ਨੂੰ ਖਿੱਤੇ ਦੇ ਸਬੰਧ ਵਿੱਚ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਹੈ। ਉਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਨਾਲ ਕੂਟਨੀਤਿਕ ਰਿਸ਼ਤੇ ਘਟਾਉਣ ਲਈ ਇਸ ਨੂੰ ਬਹਾਨੇ ਦੇ ਤੌਰ ’ਤੇ ਨਹੀਂ ਵਰਤਣਾ ਚਾਹੀਦਾ। 

ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦਾ ਫੈਸਲਾ ਖੇਤਰੀ ਸੁਰੱਖਿਆ ਦੇ ਹਿੱਤ ਵਿੱਚ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਰਾਜਸੀ ਜੋੜ-ਤੋੜ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਹਾਵੀ ਹੋਣ ਦੀ ਆਗਿਆ ਨਹੀਂ ਦੇਣੀ ਚਾਹੀਦੀ, ਜਿਨਾਂ ਲਈ ਕਰਤਾਰਪੁਰ ਗੁਰਦੁਆਰਾ ਸ਼ਰਧਾ ਤੇ ਸਤਿਕਾਰ ਦਾ ਪ੍ਰਤੀਕ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਸ਼ਮੀਰ ਵਿੱਚੋਂ ਧਾਰਾ 370 ਖਾਰਜ ਕੀਤੇ ਜਾਣ ਬਾਅਦ ਦੋਵੇਂ ਮੁਲਕਾਂ ਦਰਮਿਆਨ ਬਣੇ ਹਾਲਾਤ ਦੇ ਬਾਵਜੂਦ ਉਹ ਇਸ ਮਸਲੇ  ਨੂੰ ਇਸਲਾਮਾਬਾਦ ਕੋਲ ਪਹਿਲ ਦੇ ਆਧਾਰ ’ਤੇ  ਉਠਾਵੇ ਅਤੇ ਕਰਤਾਰਪੁਰ ਲਾਂਘੇ ਦੀ ਉਸਾਰੀ ਨੂੰ ਯਕੀਨੀ ਬਣਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਨਾਲ ਤਜਾਰਤੀ ਸਬੰਧ ਮੁਅੱਤਲ ਕਰਨ ਅਤੇ ਕੂਟਨੀਤਕ ਰਿਸ਼ਤੇ ਘਟਾਉਣ ਲਈ ਫੈਸਲੇ ਤੋਂ ਬਾਅਦ ਦੋਵੇਂ ਮੁਲਕ ਕਰਤਾਰਪੁਰ ਕੌਰੀਡੋਰ ਦੀ ਪ੍ਰਗਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕ ਸਕਦੇ ਹਨ। 

ਉਨਾਂ ਕਿਹਾ ਕਿ ਕਰਤਾਰਪੁਰ ਦਾ ਕਸ਼ਮੀਰ ਮਸਲੇ ਜਾਂ ਦੋਵੇਂ ਦੇਸ਼ਾਂ ਲਈ ਚਿੰਤਾ ਦੇ ਕਿਸੇ ਹੋਰ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਭਾਰਤ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ ਲਈ ਇਕ ਬੇਹੱਦ ਖਾਸ ਅਤੇ ਮੁਕੱਦਸ ਮੌਕਾ ਹੈ।