ਪਾਕਿਸਤਾਨ ਨੇ ਭਾਰਤ ਨਾਲ ਸਾਰੇ ਵਪਾਰਕ ਅਤੇ ਕੂਟਨੀਤਕ ਰਿਸ਼ਤੇ ਖਤਮ ਕਰਨ ਦਾ ਐਲਾਨ ਕੀਤਾ

ਪਾਕਿਸਤਾਨ ਨੇ ਭਾਰਤ ਨਾਲ ਸਾਰੇ ਵਪਾਰਕ ਅਤੇ ਕੂਟਨੀਤਕ ਰਿਸ਼ਤੇ ਖਤਮ ਕਰਨ ਦਾ ਐਲਾਨ ਕੀਤਾ

ਇਸਲਾਮਾਬਾਦ: ਪਾਕਿਸਤਾਨ ਨੇ ਭਾਰਤ ਨਾਲ ਚਲਦੇ ਸਾਰੇ ਵਪਾਰ ਨੂੰ ਮੁਅੱਤਲ ਕਰਨ ਦਾ ਫੈਂਸਲਾ ਕੀਤਾ ਹੈ। ਭਾਰਤ ਵੱਲੋਂ ਆਪਣੇ ਸੰਵਿਧਾਨ ਵਿੱਚ ਤਬਦੀਲੀਆਂ ਕਰਕੇ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਮਗਰੋਂ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਉੱਚ ਪੱਧਰੀ ਬੈਠਕ ਬੁਲਾਈ ਗਈ। ਇਸ ਬੈਠਕ ਵਿੱਚ ਫੈਂਸਲਾ ਕੀਤਾ ਗਿਆ ਕਿ ਪਾਕਿਸਤਾਨ ਭਾਰਤ ਨਾਲ ਆਪਣੀਆਂ ਸਾਰੀਆਂ ਕੂਟਨੀਤਕ ਸਾਂਝਾ ਨੂੰ ਖਤਮ ਕਰਦਾ ਹੈ ਤੇ ਭਾਰਤ ਨਾਲ ਵਪਾਰ ਨੂੰ ਬੰਦ ਕਰਦਾ ਹੈ।

ਪਾਕਿਸਤਾਨ ਨੇ ਆਪਣੇ ਰਾਜਦੂਤ ਨੂੰ ਦਿੱਲੀ ਨਾ ਭੇਜਣ ਦਾ ਫੈਂਸਲਾ ਕੀਤਾ ਹੈ ਅਤੇ ਭਾਰਤ ਨੂੰ ਕਿਹਾ ਹੈ ਕਿ ਉਹ ਆਪਣੇ ਰਾਜਦੂਤ ਨੂੰ ਇਸਲਾਮਾਬਾਦ ਤੋਂ ਵਾਪਿਸ ਬੁਲਾ ਲਵੇ। ਬੈਠਕ ਵਿੱਚ ਫੈਂਸਲਾ ਕੀਤਾ ਗਿਆ ਹੈ ਕਿ ਭਾਰਤ ਵੱਲੋਂ ਕਸ਼ਮੀਰ ਦੇ ਖਾਸ ਰੁਤਬੇ ਨੂੰ ਖਤਮ ਕਰਨ ਸਬੰਧੀ ਮਾਮਲੇ ਨੂੰ ਸੰਯੁਕਤ ਰਾਸ਼ਟਰ ਵਿੱਚ ਚੁੱਕਿਆ ਜਾਵੇਗਾ ਅਤੇ ਇਸ ਮਸਲੇ ਨੂੰ ਪਾਕਿਸਤਾਨ ਸੰਯੁਕਤ ਰਾਸ਼ਟਰ ਸਦੇ ਸੁਰੱਖਿਆ ਕਾਉਂਸਲ ਵਿੱਚ ਵੀ ਲੈ ਕੇ ਜਾਵੇਗਾ।

ਇਸ ਤੋਂ ਇਲਾਵਾ ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ 14 ਅਗਸਤ ਨੂੰ ਪਾਕਿਸਤਾਨ ਦੇ ਅਜ਼ਾਦੀ ਦਿਹਾੜੇ ਨੂੰ ਕਸ਼ਮੀਰੀਆਂ ਦੇ ਸਮਰਥਨ ਦੇ ਦਿਹਾੜੇ ਵਜੋਂ ਮਨਾਇਆ ਜਾਵੇਗਾ ਅਤੇ 15 ਅਗਸਤ ਨੂੰ ਭਾਰਤ ਦੇ ਅਜ਼ਾਦੀ ਦਿਹਾੜੇ ਵਾਲੇ ਦਿਨ ਨੂੰ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ 'ਚ ਹੋਈ ਇਸ ਬੈਠਕ ਵਿੱਚ ਵਿਦੇਸ਼ ਮਾਮਲਿਆਂ, ਰੱਖਿਆ, ਅੰਦਰੂਨੀ, ਸਿੱਖਿਆ, ਮਨੁੱਖੀ ਹੱਕ, ਕਸ਼ਮੀਰ ਮਾਮਲਿਆਂ ਅਤੇ ਕਾਨੂੰਨ ਮਹਿਕਮਿਆਂ ਦੇ ਮੰਤਰੀਆਂ; ਆਰਥਿਕ ਸਲਾਹਕਾਰ, ਜੋਇੰਟ ਚੀਫਸ ਆਫ ਸਟਾਫ ਕਮੇਟੀ ਦੇ ਚੇਅਰਮੈਨ. ਫੌਜ ਮੁਖੀ, ਹਵਾਈ ਫੌਜ ਮੁਖੀ, ਸਮੁੰਦਰੀ ਫੌਜ ਮੁਖੀ, ਆਈ.ਐਸ.ਆਈ ਦੇ ਡਾਇਰੈਟਰ ਜਨਰਲ ਆਦਿ ਉੱਚ ਆਗੂ ਅਤੇ ਅਫਸਰ ਸ਼ਾਮਿਲ ਹੋਏ।

ਇਮਰਾਨ ਖਾਨ ਨੇ ਅਫਸਰਾਂ ਨੂੰ ਹੁਕਮ ਦਿੱਤੇ ਕਿ ਸਾਰੇ ਕੂਟਨੀਤਕ ਵਸੀਲਿਆਂ ਰਾਹੀਂ ਭਾਰਤ ਦੇ ਨਸਲਵਾਦੀ ਨਿਜ਼ਾਮ ਦੇ ਜ਼ੁਲਮਾਂ ਅਤੇ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਸਬੰਧੀ ਦੁਨੀਆਂ ਨੂੰ ਜਾਣੂ ਕਰਵਾਇਆ ਜਾਵੇ।