ਅਗਲੇ 48 ਘੰਟੇ ਰਾਸ਼ਟਰਪਤੀ ਟਰੰਪ  ਦੀ ਸਿਹਤ ਲਈ ਅਹਿਮ ਹੋਣਗੇ-ਵਾਈਟ ਹਾਊਸ

ਅਗਲੇ 48 ਘੰਟੇ ਰਾਸ਼ਟਰਪਤੀ ਟਰੰਪ  ਦੀ ਸਿਹਤ ਲਈ ਅਹਿਮ ਹੋਣਗੇ-ਵਾਈਟ ਹਾਊਸ

ਵਾਸ਼ਿੰਗਟਨ, (ਹੁਸਨ ਲੜੋਆ ਬੰਗਾ): ਹਾਲਾਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਚੋਂ ਇਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਹ ਠੀਕ ਮਹਿਸੂਸ ਕਰ ਰਹੇ ਹਨ ਪਰ ਵਾਈਟ ਹਾਊਸ ਰਾਸ਼ਟਰਪਤੀ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ। ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਰਾਸ਼ਟਰਪਤੀ ਦੀ ਹਾਲਤ ਚਿੰਤਾ ਵਾਲੀ ਹੈ।

ਵਾਈਟ ਹਾਊਸ ਚੀਫ ਆਫ ਸਟਾਫ ਮਾਰਕ ਮੀਡੋਜ ਅਨੁਸਾਰ ਲੰਘੇ ਦਿਨ ਰਾਸ਼ਟਰਪਤੀ ਦੇ ਸਰੀਰ ਦੇ ਅਹਿਮ ਅੰਗਾਂ ਦੀ ਹਾਲਤ 'ਬਹੁਤ ਚਿੰਤਾਜਨਕ' ਸੀ ਤੇ ਅਗਲੇ 48 ਘੰਟੇ ਉਨਾਂ ਲਈ ਬਹੁਤ ਅਹਿਮ ਹੋਣਗੇ। ਰਾਸ਼ਟਰਪਤੀ ਨੇ ਆਪਣੇ ਟਵਿਟਰ ਉਪਰ ਲਿਖਿਆ ਹੈ ਕਿ ਉਹ ਠੀਕ ਮਹਿਸੂਸ ਕਰ ਰਹੇ ਹਨ। ਟਰੰਪ ਨੇ ਇਲਾਜ਼ ਕਰ ਰਹੇ ਡਾਕਟਰਾਂ, ਨਰਸਾਂ ਤੇ ਹੋਰ ਸਟਾਫ ਦੀ ਪ੍ਰਸੰਸਾ ਕੀਤੀ ਹੈ। ਸੈਂਕੜੇ ਕੋਰੋਨਾ ਮਰੀਜ਼ਾਂ ਦਾ ਇਲਾਜ਼ ਕਰ ਚੁੱਕੇ ਇਕ ਡਾਕਟਰ ਅਨੁਸਾਰ ਕੋਵਿਡ-19 ਦਾ ਇਲਾਜ਼ ਬਹੁਤ ਉਤਰਾਅ ਚੜਾਅ ਵਾਲਾ ਹੈ।

ਮਰੀਜ਼ ਦੀ ਹਾਲਤ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ। ਇਸ ਲਈ ਅਗਲੇ 3 ਤੋਂ 5 ਦਿਨ ਰਾਸ਼ਟਰਪਤੀ ਲਈ ਬਹੁਤ ਹੀ ਅਹਿਮ ਹਨ। ਇਥੇ ਜਿਕਰਯੋਗ ਹੈ ਕਿ ਸ਼ੁਰੂ ਵਿਚ ਵਾਈਟ ਹਾਊਸ ਨੇ ਕਿਹਾ ਸੀ ਕਿ ਰਾਸ਼ਟਰਪਤੀ ਦੇ ਕੋਵਿਡ-19 ਦੇ ਮਾਮੂਲੀ ਲੱਛਣ ਹਨ ਪਰ ਇਸ ਦੇ ਇਕ ਘੰਟੇ ਬਾਅਦ ਹੀ ਰਾਸ਼ਟਰਪਤੀ ਨੂੰ ਫੌਜੀ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ।