ਦੀਵਾਲੀ ਨੇ ਦਿੱਲੀ ਦੇ ਨਾਸੀਂ ਧੂੰਆਂ ਕੀਤਾ

ਦੀਵਾਲੀ ਨੇ ਦਿੱਲੀ ਦੇ ਨਾਸੀਂ ਧੂੰਆਂ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਆਪਣੀ ਗੰਦੀ ਹਵਾ ਲਈ ਪੰਜਾਬ ਦੀ ਪਰਾਲੀ ਨੂੰ ਕੋਸਣ ਵਾਲੀ ਦਿੱਲੀ ਬਾਰੇ ਭਾਵੇਂ ਕਿ ਵਿਗਿਆਨਕ ਤੱਥ ਪੁਸ਼ਟੀ ਕਰ ਚੁੱਕੇ ਹਨ ਕਿ ਦਿੱਲੀ ਦੀ ਗੰਦੀ ਹਵਾ ਦੀ ਜ਼ਿੰਮੇਵਾਰ ਦਿੱਲੀ ਖੁਦ ਹੈ ਪਰ ਇਸ ਵਾਰ ਦਿਵਾਲੀ ਵਾਲੇ ਦਿਨ ਭਾਵੇਂ ਕਿ ਸੁਪਰੀਮ ਕੋਰਟ, ਕੌਮੀ ਗ੍ਰੀਨ ਟ੍ਰਿਬਿਊਨਲ ਤੇ ਸਥਾਨਕ ਸਰਕਾਰਾਂ/ਪ੍ਰਸ਼ਾਸਨ ਦੇ ਪਟਾਕੇ ਨਾ ਚਲਾਉਣ ਦੇ ਹੁਕਮ ਜਾਰੀ ਕੀਤੇ ਸਨ ਪਰ ਦਿੱਲੀ ਦੇ ਲੋਕਾਂ ਨੇ ਸਾਰੇ ਹੁਕਮਾਂ ਨੂੰ ਭੰਗ ਕਰਦਿਆਂ ਬੇਅੰਤ ਆਤਿਸ਼ਬਾਜੀ ਕੀਤੀ ਜਿਸ ਨੇ ਪਹਿਲਾਂ ਤੋਂ ਹੀ ਪਲੀਤੀ ਦਿੱਲੀ ਨੂੰ ਹੋਰ ਪਲੀਤ ਕਰ ਦਿੱਤਾ। 

ਭਾਰਤ ਦੀ ਰਾਜਧਾਨੀ ਦਿੱਲੀ ਅਤੇ ਨੇੜਲੇ ਇਲਾਕਿਆਂ ਦੀ ਹਵਾ ਦੇ ਮਿਆਰਾਂ ਸਬੰਧੀ ਆਏ ਅੰਕੜਿਆਂ ਮੁਤਾਬਕ ਨੋਇਡਾ (466 ਏਕਿਊਆਈ), ਗ੍ਰੇਟਰ ਨੋਇਡਾ(439), ਫਰੀਦਾਬਾਦ (438), ਗੁਰੂਗ੍ਰਾਮ, ਗਾਜ਼ੀਆਬਾਦ (483), ਬੱਲਭਗੜ੍ਹ ਤੇ ਪਲਵਲ ਤਕ ਪ੍ਰਦਸ਼ੂਣ ਬਹੁਤ ਗੰਭੀਰ ਹਾਲਤ ਵਿੱਚ ਪੁੱਜ ਗਿਆ। ਹਵਾ ਦੀ ਸ਼ੁੱਧਤਾ ਮਾਪਣ ਵਾਲੀ ਸੰਸਥਾ ‘ਸਫਰ’ ਮੁਤਾਬਕ ਸਵੇਰੇ ਐਤਵਾਰ ਨੂੰ ਹਵਾ ਗੁਣਵੱਤਾ ਸੂਚਕ (ਏਕਿਊਆਈ) 545 ਸੀ ਤੇ ਸ਼ਾਮ ਤੱਕ 490 ਉਪਰ ਆ ਗਿਆ। ਸਾਰਾ ਦਿਨ ਇਸ ਇਲਾਕੇ ਦੇ ਅਸਮਾਨ ਉਪਰ ਧੁੰਦਲਾਪਣ ਛਾਇਆ ਰਿਹਾ। ਪੀਐੱਮ 2.5 ਤੇ ਪੀਐੱਮ 10 ਦੀ ਹਾਲਤ ਬਦਤਰ ਰਹੀ।

ਕੇਜਰੀਵਾਲ ਨੇ ਇਕ ਤੈਅ ਸਮੇਂ 'ਤੇ ਮੰਤਰੀ ਪੜ੍ਹਨ ਲਈ ਕਿਹਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿਵਾਲੀ ਮੌਕੇ ਦਿੱਲੀ ਦੇ ਲੋਕਾਂ ਨੂੰ ਇਕ ਤੈਅ ਸਮੇਂ 07.39 ਮਿੰਟ 'ਤੇ ਹਿੰਦੂ ਧਾਰਮਿਕ ਮੰਤਰ ਪੜ੍ਹਨ ਲਈ ਕਿਹਾ। ਕੇਜਰੀਵਾਲ ਦਾ ਕਹਿਣਾ ਸੀ ਕਿ ਪੰਡਤਾਂ ਮੁਤਾਬਕ ਇਹ ਸਮਾਂ ਸ਼ੁੱਭ ਮੂਹਰਤ ਵਾਲਾ ਹੈ। ਦੀਵਾਲੀ ਦੀ ਰਾਤ ਦਿੱਲੀ ਦੇ ਅਕਸ਼ਰਧਾਮ ਮੰਦਰ ਵਿੱਚ ਸ਼ਾਮ 7.39 ਮਿੰਟ ਉਪਰ ਦੀਵਾਲੀ ਦੀ ਪੂਜਾ ਕੀਤੀ ਤੇ ਮੰਤਰ ਉਚਾਰੇ।