ਧਰਮਕੋਟ ਬਣਿਆ ਵਾਰਦਾਤਾਂ ਦਾ ਗੜ੍ਹ; ਹਥਿਆਰਬੰਦ ਬੰਦਿਆਂ ਨੇ ਦੁਕਾਨ ਅੱਗੋਂ ਚੁੱਕਿਆ ਮੈਡੀਕਲ ਸਟੋਰ ਦਾ ਮਾਲਕ

ਧਰਮਕੋਟ ਬਣਿਆ ਵਾਰਦਾਤਾਂ ਦਾ ਗੜ੍ਹ; ਹਥਿਆਰਬੰਦ ਬੰਦਿਆਂ ਨੇ ਦੁਕਾਨ ਅੱਗੋਂ ਚੁੱਕਿਆ ਮੈਡੀਕਲ ਸਟੋਰ ਦਾ ਮਾਲਕ
ਧਰਮਕੋਟ ਵਿੱਚ ਵਾਰਦਾਤ ਤੋਂ ਪਹਿਲਾਂ ਅਗਵਾਕਾਰਾਂ ਦੀ ਸੀਸੀਟੀਵੀ ਕੈਮਰੇ ’ਚ ਆਈ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੋਗਾ ਜ਼ਿਲ੍ਹੇ ਵਿਚ ਪੈਂਦੇ ਧਰਮਕੋਟ ਇਲਾਕੇ 'ਚ ਪਿਛਲੇ ਕੁੱਝ ਦਿਨਾਂ ਦੌਰਾਨ ਲਗਾਤਾਰ ਅਪਰਾਧਕ ਵਾਰਦਾਤਾਂ ਵਾਪਰ ਰਹੀਆਂ ਹਨ। ਅੱਜ ਸਵੇਰੇ ਹਥਿਆਰਬੰਦ ਨਕਾਬਪੋਸ਼ਾਂ ਨੇ ਮੈਡੀਕਲ ਸਟੋਰ ਮਾਲਕ ਨੂੰ ਗੱਡੀ ਸਮੇਤ ਅਗਵਾ ਕਰ ਲਿਆ ਗਿਆ। ਪੁਲੀਸ ਵੱਲੋਂ ਪਿੱਛਾ ਕਰਕੇ ਅਗਵਾਕਾਰ ਦਬੋਚ ਲਏ ਜਾਣ ਦੀ ਜਾਣਕਾਰੀ ਹੈ।

ਪਿੰਡ ਘੱਲਕਲਾਂ ਵਿੱਚ ਵੀ ਲੰਘੀ ਰਾਤ ਕਾਰ ਸਵਾਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਧਰਮਕੋਟ ਵਿੱਚ ਦੋ ਦਿਨ ਅੰਦਰ ਤੀਜੀ ਵੱਡੀ ਵਾਰਦਾਤ ਹੋਈ ਹੈ। 

ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਇਹ ਵਾਰਦਾਤ ਨਸ਼ੇੜੀ ਨੌਜਵਾਨਾਂ ਵੱਲੋਂ ਫ਼ਿਰੌਤੀ ਲਈ ਕੀਤੀ ਗਈ ਹੈ। ਸੁਖਦੇਵ ਸਿੰਘ ਪਿੰਡ ਸੰਗਲਾ ਦਾ ਧਰਮਕੋਟ ਵਿਖੇ ਮੈਡੀਕਲ ਸਟੋਰ ਹੈ ਅਤੇ ਮਨੀਂਚੇਂਜਰ ਹੈ। ਉਹ ਅੱਜ ਸਵੇਰੇ ਤਕਰੀਬਨ 7 ਵਜੇ ਆਪਣੀ ਗੱਡੀ ਉੱਤੇ ਮੈਡੀਕਲ ਸਟੋਰ ਖੋਲ੍ਹਣ ਲਈ ਧਰਮਕੋਟ ਪੁੱਜਾ ਸੀ।

ਉਹ ਆਪਣੀ ਗੱਡੀ ਪਾਰਕਿੰਗ ਕਰਕੇ ਬਾਹਰ ਨਿਕਲਣ ਲੱਗਾ ਤਾਂ ਉਥੇ ਪਹਿਲਾਂ ਹੀ ਘੁੰਮ ਰਹੇ ਨਕਾਬਪੋਸ਼ ਬਦਮਾਸ਼ਾਂ ਨੇ ਪਿਸਤੌਲ ਤਾਣਕੇ ਉਸੇ ਦੀ ਹੀ ਗੱਡੀ ਵਿੱਚ ਸੁੱਟ ਲਿਆ। ਇੱਕ ਬਦਮਾਸ਼ ਨੇ ਪਿਸਤੌਲ ਤਾਣੀ ਰੱਖੀ ਅਤੇ ਦੂਜੇ ਨੇ ਗੱਡੀ ਭਜਾ ਲਈ। ਬਦਮਾਸ਼ਾਂ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ ਉਹ ਇਨੋਵਾ ਗੱਡੀ ਵਿੱਚ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਅਤੇ ਸੀਆਈਏ ਸਟਾਫ਼,ਧਰਮਕੋਟ ਨੇ ਅਗਵਾਕਾਰਾਂ ਨੂੰ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਤੋਂ ਰੌਲੀ ਲਿੰਕ ਰੋਡ ਉੱਤੇ ਘੇਰਾ ਪਾ ਕੇ ਦਬੋਚ ਲਿਆ ਅਤੇ ਮੈਡੀਕਲ ਸਟੋਰ ਮਾਲਕ ਨੂੰ ਚੁੰਗਲ ’ਚੋਂ ਛੁਡਵਾ ਲਿਆ। 

ਬੀਤੀ ਦੇਰ ਸ਼ਾਮ ਨੂੰ ਥਾਣਾ ਸਦਰ ਅਧੀਨ ਪਿੰਡ ਘੱਲਕਲਾਂ ਵਿਖੇ ਕਾਰ ਸਵਾਰਾਂ ਵੱਲੋਂ ਹਵਾਈ ਫ਼ਾਇਰਿੰਗ ਕਰਨ ਦਾ ਪਤਾ ਲੱਗਾ ਹੈ। ਥਾਣਾ ਸਦਰ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਅਤੇ ਮੁਲਜਮਾਂ ਬਾਰੇ ਸੁਰਾਗ ਲਗਾ ਲਿਆ ਗਿਆ ਹੈ। 

ਧਰਮਕੋਟ ਇਲਾਕੇ ਦੇ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਤੋਤਾ ਸਿੰਘ ਨੇ ਇਲਾਕੇ ਵਿਚ ਇਹਨਾਂ ਹਾਲਾਤਾਂ ਬਾਰੇ ਫਿਕਰ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚਲੀ ਮੌਜੂਦਾ ਕਾਂਗਰਸ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਲਾਗੂ ਕਰਨ ਵਿੱਚ ਅਸਫਲ ਸਾਬਤ ਹੋ ਚੁੱਕੀ ਹੈ ਕਿਉਂਕਿ ਪਿਛਲੇ ਇੱਕ ਹਫ਼ਤੇ ਤੋ ਲਗਾਤਾਰ ਨਿੱਤ ਦਿਨ ਮੋਗਾ ਜਿਲ੍ਹੇ ਵਿੱਚ ਅਪਰਾਧਿਕ ਵਾਰਦਾਤਾਂ ਹੋ ਰਹੀਆਂ ਹਨ। ਉਹਨਾਂ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ, "ਪਿਛਲੇ ਹਫ਼ਤੇ ਮੋਗਾ ਸ਼ਹਿਰ ਵਿੱਚ ਕੱਪੜੇ ਦੇ ਸ਼ੋ-ਰੂਮ ਵਿੱਚ ਮਾਲਕ ਦਾ ਕਾਂਊਟਰ ਤੇ ਬੈਠੇ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਓਸ ਤੋਂ ਅਗਲੇ ਦਿਨ ਪਿੰਡ ਬੁੱਟਰ ਵਿੱਚ ਨੋਜਵਾਨ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੁਣ ਧਰਮਕੋਟ ਵਿੱਚ ਦੋ ਦਿਨਾਂ ਵਿੱਚ ਲਗਾਤਾਰ ਦੂਜੀ ਵਾਰਦਾਤ ਹੋ ਗਈ ਹੈ ਜਿਸ ਨਾਲ ਨਾਲ ਆਮ ਸ਼ਹਿਰੀਆਂ ਵਿੱਚ ਡਰ ਦਾ ਮਹੌਲ ਬਣ ਗਿਆ ਹੈ ਜੋ ਕੇ ਸੂਬਾ ਸਰਕਾਰ ਦੀ ਨਾਕਾਮੀ ਹੈ। ਸਰਕਾਰ ਨੂੰ ਪਬਲਿਕ ਦੀ ਜਾਨ-ਮਾਲ ਦੀ ਰਾਖੀ ਕਰਨੀ ਚਾਹੀਦੀ ਹੈ ਤੇ ਆਪਰਾਧਿਕ ਅਨਸਰਾਂ ਨੂੰ ਕਾਬੂ ਕਰਕੇ ਕਾਨੂੰਨ ਵਿਵਸਥਾ ਲਾਗੂ ਕਰਦੇ ਹੋਏ ਲੋਕਾਂ ਦੇ ਮਨਾ ਵਿੱਚ ਬੈਠੇ ਡਰ ਨੂੰ ਖਤਮ ਕਰਨਾ ਚਾਹੀਦਾ ਹੈ।"