ਸਟਾਲਿਨ ਦੇ ਜ਼ੁਲਮਾਂ ਦੀ ਦਾਸਤਾਨ ਦੁਨੀਆ ਸਾਹਮਣੇ ਰੱਖਣ ਵਾਲੇ ਇਤਿਹਾਸਕਾਰ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ

ਸਟਾਲਿਨ ਦੇ ਜ਼ੁਲਮਾਂ ਦੀ ਦਾਸਤਾਨ ਦੁਨੀਆ ਸਾਹਮਣੇ ਰੱਖਣ ਵਾਲੇ ਇਤਿਹਾਸਕਾਰ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ
ਯੂਰੀ ਦਮਿਤਰਿਵ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੋਵੀਅਤ ਯੂਨੀਅਨ ਦੇ ਕਮਿਊਨਿਸਟ ਤਾਨਾਸ਼ਾਹ ਆਗੂ ਜੋਸੇਫ ਸਟਾਲਿਨ ਦੇ ਰਾਜਕਾਲ ਵਿਚ ਹੋਏ ਜ਼ੁਲਮਾਂ ਦੀ ਦਾਸਤਾਨ ਦੁਨੀਆ ਸਾਹਮਣੇ ਲਿਆਉਣ ਵਾਲੇ ਇਤਿਹਾਸਕਾਰ ਯੂਰੀ ਦਮਿਤਰਿਵ ਨੂੰ ਅੱਜ ਰੂਸ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ। ਯੂਰੀ 'ਤੇ ਦੋਸ਼ ਲਾਇਆ ਗਿਆ ਹੈ ਕਿ ਉਸਨੇ ਆਪਣੇ ਗੋਦ ਲਈ ਧੀ ਦਾ ਸ਼ਰੀਰਕ ਸੋਸ਼ਣ ਕੀਤਾ। ਯੂਰੀ ਦੇ ਵਕੀਲ ਦਾ ਕਹਿਣਾ ਹੈ ਕਿ ਸਟਾਲਿਨ ਦੇ ਜ਼ੁਲਮਾਂ ਨੂੰ ਦੁਨੀਆ ਸਾਹਮਣੇ ਲਿਆਉਣ ਕਰਕੇ ਯੂਰੀ ਨੂੰ ਇਸ ਝੂਠੇ ਮਾਮਲੇ ਵਿਚ ਫਸਾਇਆ ਗਿਆ ਹੈ।

ਦੱਸ ਦਈਏ ਕਿ ਸਾਲ 2018 ਵਿਚ ਇਸ 64 ਸਾਲਾ ਇਤਿਹਾਸਕਾਰ ਨੂੰ ਅਜਿਹੇ ਹੀ ਦੋਸ਼ਾਂ ਵਿਚੋਂ ਅਦਾਲਤ ਨੇ ਬਰੀ ਕਰ ਦਿੱਤਾ ਸੀ ਪਰ ਉਸੇ ਸਾਲ ਉਸਨੂੰ ਸ਼ਰੀਰਕ ਸੋਸ਼ਣ ਦੇ ਨਵੇਂ ਦੋਸ਼ ਲਾ ਕੇ ਗ੍ਰਿਫਤਾਰ ਕਰ ਲਿਆ ਗਿਆ।

ਮਨੁੱਖੀ ਹੱਕਾਂ ਨਾਲ ਸਬੰਧਿਤ ਜਥੇਬੰਦੀਆਂ ਦਾ ਮੰਨਣਾ ਹੈ ਕਿ ਯੂਰੀ ਨੂੰ ਉਸਦੇ ਖੋਜ ਕਾਰਜਾਂ ਕਰਕੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਸਨੇ 1937-38 ਦੇ ਵਿਚਕਾਰਲੇ ਸਮੇਂ ਕਮਿਊਨਿਸਟ ਤਾਨਾਸ਼ਾਹ ਜੋਸੇਫ ਸਟਾਲਿਨ ਵੱਲੋਂ ਕੀਤੇ ਜ਼ੁਲਮਾਂ ਦੇ ਸਬੂਤ ਦੁਨੀਆ ਸਾਹਮਣੇ ਲਿਆਂਦਾ ਸਨ।


ਕਮਿਊਨਿਸਟ ਪ੍ਰਦਰਸ਼ਨਕਾਰੀ ਸਟਾਲਿਨ ਦੀ ਤਸਵੀਰ ਅਤੇ ਝੰਡਿਆਂ ਸਮੇਤ 

ਯੂਰੀ ਨੇ ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਉੱਤਰ-ਪੱਛਮੀ ਰੂਸ ਦੇ ਸੈਂਡਰਮੋਖ ਜੰਗਲਾਂ ਵਿਚ ਸਟਾਲਿਨ ਦੇ ਜ਼ੁਲਮਾਂ ਦੇ ਸ਼ਿਕਾਰ ਮ੍ਰਿਤਕ ਲੋਕਾਂ ਦੇ ਵੱਡੇ ਕਬਰਿਸਤਾਨ ਲੱਭ ਲਏ ਸੀ। ਉਸਨੇ ਲਾਸ਼ਾਂ ਦੀ ਸ਼ਨਾਖਤ ਦਾ ਇਤਿਹਾਸਕ ਕੰਮ ਕੀਤਾ ਸੀ। 

ਯੂਰਪੀਨ ਯੂਨੀਅਨ ਦਾ ਕਹਿਣਾ ਹੈ ਕਿ ਯੂਰੀ ਖਿਲਾਫ ਲਾਏ ਗਏ ਦੋਸ਼ ਭਰੋਸੇਯੋਗ ਨਹੀਂ ਹਨ। 

20 ਸਾਲ ਪਹਿਲਾਂ ਯੂਰੀ ਦਮਿਤਰਿਵ ਨੂੰ ਜੰਗਲਾਂ ਵਿਚੋਂ ਜਿਹੜੀਆਂ ਕਬਰਾਂ ਮਿਲੀਆਂ ਉਹ ਸਟਾਲਿਨ ਦੀ ਫੌਜ ਵੱਲੋਂ ਕਤਲ ਕੀਤੇ ਗਏ ਸਿਆਸੀ ਕੈਦੀਆਂ ਦੀਆਂ ਸਨ। 

ਯੂਰੀ ਦਮਿਤਰਿਵ ਨੇ ਲੇਖਕ ਅਤੇ ਸੈਂਟਰ ਫਾਰ ਰਿਕਵਰਡ ਨੇਮਸ ਦੇ ਨਿਰਦੇਸ਼ਕ ਐਨਾਟੋਲੀ ਰਾਜ਼ੂਮੋਵ ਨਾਲ ਮਿਲ ਕੇ ਇਕ ਕਿਤਾਬ ਲਿਖੀ ਜਿਸ ਵਿਚ ਸਟਾਲਿਨ ਦੀ ਫੌਜ ਵੱਲੋਂ ਕਤਲ ਕੀਤੇ ਗਏ 6000 ਲੋਕਾਂ ਦੇ ਨਾਮ ਅਤੇ ਵੇਰਵੇ ਜਨਤਕ ਕੀਤੇ ਗਏ ਸਨ।