ਅਮਰੀਕਾ : ਸ਼ਰਨਾਰਥੀਆਂ ਦੇ ਹੱਕ ਵਿਚ ਨਿਤਰੇ ਡੈਮੋਕਰੇਟ

ਅਮਰੀਕਾ : ਸ਼ਰਨਾਰਥੀਆਂ ਦੇ ਹੱਕ ਵਿਚ ਨਿਤਰੇ ਡੈਮੋਕਰੇਟ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ): ਡੈਮੋਕਰੈਟਿਕ ਕਾਨੂੰਨਘਾੜਿਆਂ ਨੇ ਸਾਊਥ ਏਸ਼ੀਅਨ-ਅਮੈਰੀਕਨ ਐਡਵੋਕੇਸੀ ਗਰੁੱਪਾਂ ਦਾ ਸਮਰਥਨ ਕੀਤਾ ਹੈ ਜੋ ਗਰੁੱਪ ਭਾਰਤ ਤੇ ਉਪ ਮਹਾਂਦੀਪ ਦੇ ਹੋਰ ਦੇਸ਼ਾਂ ਦੇ ਸ਼ਰਨਾਰਥੀ ਦਾਅਵੇਦਾਰਾਂ ਨੂੰ ਅਮਰੀਕਾ ਵਿਚ ਦਰਪੇਸ਼ ਮੁਸ਼ਕਿਲਾਂ ਤੇ ਮੁੱਦਿਆਂ ਦੇ ਹੱਲ ਲਈ ਯਤਨਸ਼ੀਲ ਹਨ। ਇਸ ਸਬੰਧ ਵਿਚ ‘ਸਾਊਥ ਏਸ਼ੀਅਨ ਅਮੈਰੀਕਨ ਲੀਡਿੰਗ ਟੁਗੈਦਰ’ ( ਸਾਲਟ) ਦੇ ਮੈਂਬਰਾਂ ਨੇ ਵਾਈਟ ਹਾਊਸ ਅੱਗੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦਾ ਮਕਸਦ ਮੈਕਸੀਕੋ ਦੇ ਬਾਰਡਰ ਤੇ ਅਮਰੀਕਾ ਵਿਚ ਹੋਰ ਥਾਵਾਂ ‘ਤੇ ਮੌਜੂਦ ਡਿਟੈਨਸ਼ਨ ਕੇਂਦਰਾਂ ਉਪਰ ਧਿਆਨ ਕੇਂਦਰਿਤ ਕਰਨਾ ਸੀ। 

ਇਸ ਮੌਕੇ ਅਮਰੀਕਾ ਵਿਚ ਸ਼ਰਨ ਦੀ ਉਡੀਕ ਕਰ ਰਹੇ ਦੱਖਣ ਏਸ਼ੀਆਈ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਈ ਗਈ। ਇਸ ਪ੍ਰਦਰਸ਼ਨ ਵਿਚ ਸਾਲਟ ਨਾਲ ਹੋਰ ਜਿਹੜੇ ਗਰੁੱਪਾਂ ਤੇ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ, ਉਨ੍ਹਾਂ ਵਿਚ ਸਿੱਖ ਕੁਲੀਸ਼ਨ, ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸਾਲਡਫ), ਅਨਡੋਕੂ ਬਲੈਕ ਨੈਟਵਰਕ, ਡਿਟੈਨਸ਼ਨ ਵਾਚ ਨੈਟਵਰਕ, ਯੁਨਾਈਟਿਡ ਵੀ ਡਰੀਮ ਤੇ ਫਰੀਡਮ ਫਾਰ ਇਮੀਗਰਾਂਟਸ ਸ਼ਾਮਿਲ ਹਨ। ਸੰਮੇਲਨ ਵਿਚ ਲਕਸ਼ਮੀ ਸ੍ਰੀਡਾਰਨ ਅੰਤ੍ਰਿਮ ਸਹਿ ਕਾਰਜਕਾਰੀ ਡਾਇਰੈਕਟਰ ਸਾਲਟ, ਰੂਬੀ ਕੌਰ ਅਟਾਰਨੀ, ਦੀਪ ਸਿੰਘ ਕਾਰਜਕਾਰੀ ਡਾਇਰੈਕਟਰ ਜੈਕਾਰਾ ਮੂਵਮੈਂਟ ਤੇ ਹੋਰਨਾਂ ‘ਤੇ ਅਧਾਰਤ ਪੈਨਲ ਨੇ ਦੋਸ਼ ਲਾਇਆ ਕਿ ਡਿਟੈਨਸ਼ਨ ਕੇਂਦਰਾਂ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕੈਦੀਆਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਦੀ ਉਲੰਘਣਾ ਹੋ ਰਹੀ ਹੈ ਜਿਸ ਕਾਰਨ ਕੈਦੀਆਂ ਨੂੰ ਭੁ¤ਖ ਹੜਤਾਲ ਕਰਨੀ ਪਈ। 

ਇਸ ਮੌਕੇ ਹਾਜ਼ਰ ਸੰਸਦ ਮੈਂਬਰਾਂ ਵਿਚ ਜੂਟੀ ਚੂ, ਕਾਰੇਨ ਬਾਸ ਤੇ ਮਾਰਕ ਟਕਾਨੋ (ਸਾਰੇ ਕੈਲੀਫੋਰਨੀਆ), ਸੁਜ਼ਾਨੇ ਬੋਨਾਮਿਕੀ ਓਰਗੇਨ, ਗਰੇਸ ਮੈਂਗ ਨਿਊਯਾਰਕ ਤੇ ਵੈਰੋਨੀਕਾ ਐਸਕੋਬਲ ਟੈਕਸਾਸ ਸ਼ਾਮਿਲ ਸਨ। ਇਨ੍ਹਾਂ ਕਾਂਗਰਸ ਸੰਸਦ ਮੈਂਬਰਾਂ ਨੇ ਡਿਟੈਨਸ਼ਨ ਕੇਂਦਰਾਂ ਵਿਚਲੇ ਹਾਲਾਤ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਕੀਤੀ ਤੇ ਕਿਹਾ ਕਿ ਉਨ੍ਹਾਂ ਨੇ ਡਿਟੈਨਸ਼ਨ ਕੇਂਦਰਾਂ ਦੇ ਦੌਰੇ ਦੌਰਾਨ ਉਥੋਂ ਦੇ ਮਾੜੇ ਹਾਲਾਤ ਵੇਖੇ ਹਨ।