ਕਾਲਕਾ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰ ਨਹੀਂ, ਰੋਸ ਮਾਰਚ ਰੱਦ ਕਰਵਾ ਕੇ ਪੰਥ ਨਾਲ ਕੀਤੀ ਗੱਦਾਰੀ: ਸਰਨਾ

ਕਾਲਕਾ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰ ਨਹੀਂ, ਰੋਸ ਮਾਰਚ ਰੱਦ ਕਰਵਾ ਕੇ ਪੰਥ ਨਾਲ ਕੀਤੀ ਗੱਦਾਰੀ: ਸਰਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ , ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੁੱਚੀ ਸਿੱਖ ਕੌਮ ਦੇ ਸਹਿਯੋਗ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਰਾਸ਼ਟਰਪਤੀ ਭਵਨ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ । ਜਿਸ ਵਿੱਚ ਸਿੱਖਾਂ ਦਾ ਇਤਿਹਾਸਕ ਇਕੱਠ ਹੋਣ ਜਾ ਰਿਹਾ ਸੀ । ਪਰ ਦਿੱਲੀ ਕਮੇਟੀ ਦੇ ਕਠਪੁਤਲੀ ਪ੍ਰਧਾਨ ਹਰਮੀਤ ਸਿੰਘ ਕਾਲਕੇ ਵੱਲੋਂ ਅੜਿੱਕੇ ਖੜ੍ਹੇ ਕਰਨ ਕਰਕੇ ਉਸਨੂੰ ਮੁਲਤਵੀ ਕਰਨਾ ਪਿਆ । ਇਸ ਇਤਿਹਾਸਿਕ ਇਕੱਠ ਨੂੰ ਤਾਰਪੀਡੋ ਕਰਕੇ ਹਰਮੀਤ ਸਿੰਘ ਕਾਲਕੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲਾਲ ਸਿੰਘ ਤੇ ਤੇਜ ਸਿੰਘ ਵਰਗੇ ਗੱਦਾਰ ਜਿੰਨਾ ਖ਼ਾਲਸਾ ਫ਼ੌਜਾਂ ਨਾਲ ਗੱਦਾਰੀ ਕੀਤੀ । ਉਹ ਮੁੱਕੇ ਨਹੀਂ ਸਗੋਂ ਹਰਮੀਤ ਸਿੰਘ ਕਾਲਕੇ ਵਰਗਿਆਂ ਦਾ ਰੂਪ ਵਟਾ ਕੇ ਅੱਜ ਵੀ ਕੌਮ ਨਾਲ ਦਗ਼ਾ ਕਮਾ ਰਹੇ ਹਨ । 

ਬੰਦੀ ਸਿੰਘਾਂ ਦੀ ਖਾਤਰ ਵੀਹ ਤਰੀਕ ਦੇ ਇਕੱਠ ਲਈ ਸਾਰੀ ਕੌਮ ਪੱਬਾਂ ਭਾਰ ਸੀ । ਦਿੱਲੀ ਦੀ ਸੰਗਤ ਨੇ ਵੀ ਪੂਰੇ ਕਮਰਕੱਸੇ ਕੀਤੇ ਹੋਏ ਸਨ ਤੇ ਪੰਜਾਬ ਤੇ ਦੇਸ਼ ਦੇ ਹੋਰ ਸੂਬਿਆਂ ‘ਚੋਂ ਵੀ ਸਿੱਖਾਂ ਨੇ ਇਸ ਪ੍ਰਦਰਸ਼ਨ ਲਈ ਤਿਆਰੀ ਕੀਤੀ ਹੋਈ ਸੀ । ਇਸ ਮੌਕੇ ਹਰਮੀਤ ਸਿੰਘ ਕਾਲਕੇ ਨੇ ਜੋ ਭੂਮਿਕਾ ਨਿਭਾਕੇ ਇਸ ਪ੍ਰਦਰਸ਼ਨ ਨੂੰ ਰੱਦ ਕਰਵਾਇਆ ਹੈ । ਇਹ ਪੰਥ ਨਾਲ ਵੱਡੀ ਗੱਦਾਰੀ ਹੈ । ਇਸਦੀ ਆਉਣ ਵਾਲੀਆਂ ਪੀੜ੍ਹੀਆਂ ਕੋਲ਼ੋਂ ਵੀ ਇਹ ਦਾਗ਼ ਨਹੀਂ ਧੋਤਾ ਜਾ ਸਕੇਗਾ । 

ਜਿਸ ਪੰਜ ਮੈਂਬਰੀ ਕਮੇਟੀ ਦਾ ਹਵਾਲਾ ਦੇ ਕੇ ਇਸਨੇ ਇਹ ਸਾਰਾ ਪ੍ਰੋਗਰਾਮ ਰੱਦ ਕਰਵਾਇਆ ਹੈ । ਉਸ ਕਮੇਟੀ ਦਾ ਹਿੱਸਾ ਇਹ ਛੇ ਦਸੰਬਰ ਨੂੰ ਬਣਿਆ ਸੀ । ਤੇ ਇਹ ਪ੍ਰੋਗਰਾਮ ਤਿੰਨ ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਤਹਿ ਹੋ ਚੁੱਕਾ ਸੀ ਤੇ ਉਸਤੋਂ ਵੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਸ ਸਬੰਧੀ ਰੂਪ ਰੇਖਾ ਤਿਆਰ ਕੀਤੀ ਗਈ ਸੀ । ਬਾਅਦ ਵਿੱਚ ਬਣੀ ਕਮੇਟੀ ਦੀ ਏਕਤਾ ਨੂੰ ਆਧਾਰ ਬਣਾਕੇ ਪਹਿਲਾਂ ਉਲੀਕੇ ਪ੍ਰੋਗਰਾਮ ਨੂੰ ਰੱਦ ਕਰਨ ਦਾ ਤਰਕ ਕਿਵੇਂ ਦਿੱਤਾ ਦਾ ਸਕਦਾ ਹੈ ? ਇਹ ਸਪੱਸ਼ਟ ਹੈ ਕਿ ਇਹ ਸਿਰਫ ਬਹਾਨੇ ਹਨ ਇਸਦਾ ਮੁੱਖ ਮਕਸਦ ਤਾਂ ਪ੍ਰੋਗਰਾਮ ਨੂੰ ਤਾਰਪੀਡੋ ਕਰਨਾ ਸੀ । 

ਹਰਮੀਤ ਸਿੰਘ ਕਾਲਕਾ ਵਾਰ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦੀਆਂ ਗੱਲਾਂ ਕਰਦਾ ਹੈ । ਅਸੀ ਚੇਤੇ ਕਰਵਾ ਦੇਣਾ ਚਾਹੁੰਦੇ ਹਾਂ ਕਿ ਇਹ ਉਹੋ ਹਰਮੀਤ ਸਿੰਘ ਕਾਲਕਾ ਹੈ ਜਦੋਂ ਪਿਛਲੇ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਪ੍ਰਤੀ ਜੋ ਆਦੇਸ਼ ਜਾਰੀ ਹੋਇਆ ਸੀ । ਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਹੀ ਮਨਾਇਆ ਜਾਵੇ ਤੇ ਦਿੱਲੀ ਕਮੇਟੀ ਨੂੰ ਜਥੇਦਾਰ ਸਾਹਿਬ ਵੱਲੋਂ ਉਚੇਚੀ ਚਿੱਠੀ ਵੀ ਲਿਖੀ ਗਈ ਸੀ ਪਰ ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਦਰਕਿਨਾਰ ਕਰਦਿਆਂ ਸਰਕਾਰੀ ਹੁਕਮ ਮੰਨਦਿਆਂ ਉਸ ਵਕਤ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਸੀ । ਕੀ ਇਹ ਹੁਕਮ ਅਦੂਲੀ ਨਹੀ ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਤੌਹੀਨ ਕਰਨ ਵਾਲਾ ਵਿਅਕਤੀ ਤਾਂ ਵੈਸੇ ਵੀ ਕਮੇਟੀ ਵਿੱਚ ਸ਼ਾਮਲ ਹੀ ਨਹੀਂ ਕਰਨਾ ਚਾਹੀਦਾ । ਕਾਲਕਾ ਇਹ ਯਾਦ ਰੱਖੇ ਕਿ ਉਸਦੀ ਆਪਣੀ ਕੋਈ ਔਕਾਤ ਨਹੀ । ਉਸਨੂੰ ਸਿਰਫ ਦਿੱਲੀ ਕਮੇਟੀ ਕਰਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੰਦੀ ਸਿੰਘਾਂ ਲਈ ਕਮੇਟੀ ਵਿੱਚ ਸ਼ਾਮਲ ਕੀਤਾ ਸੀ । ਪਰ ਇਸਨੇ ਕੌਮ ਨਾਲ ਗੱਦਾਰੀ ਕੀਤੀ ਹੈ । 

ਅੰਤ ਵਿਚ ਉਨ੍ਹਾਂ ਕਿਹਾ ਕਿ ਸਾਡੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਹੈ ਕਿ ਇਹੋ ਜਿਹੇ ਗ਼ੱਦਾਰ ਜੋ ਕੌਮ ਦੀਆਂ ਜੜ੍ਹਾਂ ‘ਚ ਤੇਲ ਦੇ ਰਹੇ ਹਨ । ਇਹਨਾਂ ਤੋਂ ਸੁਚੇਤ ਹੋਇਆ ਜਾਵੇ ।