ਭਾਰਤ ਦਾ ਲੋਕਤੰਤਰ: ਰਾਜਧਾਨੀ ਵਿਚ ਵਹਿਸ਼ੀ ਭੀੜਾਂ ਤੋਂ ਅਦਾਲਤਾਂ ਵਿਚ ਵਕੀਲਾਂ ਦੀ ਗੁੰਡਾਗਰਦੀ ਤੱਕ

ਭਾਰਤ ਦਾ ਲੋਕਤੰਤਰ: ਰਾਜਧਾਨੀ ਵਿਚ ਵਹਿਸ਼ੀ ਭੀੜਾਂ ਤੋਂ ਅਦਾਲਤਾਂ ਵਿਚ ਵਕੀਲਾਂ ਦੀ ਗੁੰਡਾਗਰਦੀ ਤੱਕ

ਬੈਂਗਲੋਰ: ਬੀਤੇ ਐਤਵਾਰ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ 'ਤੇ ਹੋਈ ਵਹਿਸ਼ੀ ਭੀੜਾਂ ਦੀ ਗੁੰਡਾਗਰਦੀ ਤੱਕ ਹੀ ਗੱਲ ਸੀਮਤ ਨਹੀਂ, ਬਲਕਿ ਰਾਸ਼ਟਰਵਾਦ ਦੇ ਨਾਂ 'ਤੇ ਇਹ ਗੁੰਡਾਗਰਦੀ ਅਦਾਲਤਾਂ ਤੱਕ ਵੀ ਪਹੁੰਚ ਚੁੱਕੀ ਹੈ। ਦੁਨੀਆ ਵਿਚ ਸਭ ਤੋਂ ਵੱਡੇ ਲੋਕਤੰਤਰ ਦਾ ਦਾਅਵਾ ਕਰਨ ਵਾਲੇ ਭਾਰਤ ਦੇ ਸੂਬੇ ਕਰਨਾਟਕ ਵਿਚ ਇਹ ਹਾਲ ਹੈ ਕਿ ਸਰਕਾਰ ਖਿਲਾਫ ਵਿਰੋਧੀ ਵਿਚਾਰ ਰੱਖਣ ਕਰਕੇ ਦੇਸ਼ ਧ੍ਰੋਹ ਦੇ ਮਾਮਲਿਆਂ 'ਚ ਨਾਮਜ਼ਦ ਕੀਤੇ ਗਏ ਵਿਦਿਆਰਥੀਆਂ ਤੋਂ ਅਦਾਲਤੀ ਪੈਰਵਾਈ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ। 

ਬੀਤੇ ਦਿਨੀਂ ਸੀਏਏ ਵਿਰੋਧੀ ਇਕ ਰੈਲੀ ਵਿਚ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਮਾਰਨ ਵਾਲੀ 19 ਸਾਲਾਂ ਦੀ ਵਿਦਿਆਰਥਣ ਅਮੁਲਿਆ ਲਿਓਨਾ ਨੋਰੋਨ੍ਹਾ ਦੇ ਕੇਸ ਦੀ ਕਿਸੇ ਵਕੀਲ ਨੂੰ ਅਦਾਲਤ ਵਿਚ ਪੈਰਵਾਈ ਨਹੀਂ ਕਰਨ ਦਿੱਤੀ ਜਾ ਰਹੀ। ਇਸ ਵਿਦਿਆਰਥਣ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਬੀਤੇ ਕੱਲ੍ਹ ਇਸ ਵਿਦਿਆਰਥਣ ਨੂੰ ਮੈਜਿਸਟ੍ਰੇਰ ਸਾਹਮਣੇ ਪੇਸ਼ ਕਰਨਾ ਸੀ ਪਰ ਵਕੀਲਾਂ ਦੀ ਗੁੰਡਾਗਰਦੀ ਇਸ ਕਦਰ ਭਾਰੂ ਹੈ ਕਿ ਕਿਸੇ ਵੀ ਵਕੀਲ ਨੂੰ ਇਸ ਵਿਦਿਆਰਥਣ ਦੀ ਪੈਰਵਾਈ ਲਈ ਪੇਸ਼ ਨਹੀਂ ਹੋਣ ਦਿੱਤਾ ਗਿਆ। ਜਦਕਿ ਕੁੱਝ ਵਕੀਲ ਬੀਬੀਆਂ ਵਿਦਿਆਰਥਣ ਦੀ ਪੈਰਵਾਈ ਕਰਨਾ ਚਾਹੁੰਦੀਆਂ ਸਨ ਪਰ ਉਹਨਾਂ ਨੂੰ ਬਾਕੀ ਵਕੀਲਾਂ ਵੱਲੋਂ ਜ਼ਬਰਦਸਤੀ ਕੋਰਟ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ। 

ਸਿਰਫ ਇਸ ਵਿਦਿਆਰਥਣ ਨਾਲ ਹੀ ਨਹੀਂ, ਬਲਕਿ ਕਰਨਾਟਕ ਵਿਚ ਹੀ ਦੇਸ਼ ਧ੍ਰੋਹ ਦੇ ਮਾਮਲੇ ਦਰਜ ਕਰਕੇ ਗ੍ਰਿਫਤਾਰ ਕੀਤੇ ਗਏ ਤਿੰਨ ਕਸ਼ਮੀਰੀ ਵਿਦਿਆਰਥੀਆਂ ਨਾਲ ਵੀ ਇਹ ਹੀ ਸਲੂਕ ਕੀਤਾ ਜਾ ਰਿਹਾ ਹੈ। ਬਾਸਿਤ ਆਸ਼ਿਕ, ਤਾਲਿਬ ਮਜੀਦ ਅਤੇ ਅਮੀਰ ਮੋਹਿਉਦੀਨ ਵਾਨੀ ਨੂੰ ਦੇਸ਼ ਧ੍ਰੋਹ ਦੇ ਦੋਸ਼ ਅਧੀਨ 15 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਦੋਸ਼ ਮਹਿਜ਼ ਇਕ ਗੀਤ ਦੀ ਵੀਡੀਓ ਦੇ ਅਧਾਰ 'ਤੇ ਦਰਜ ਕਰ ਦਿੱਤਾ ਗਿਆ ਸੀ ਜਿਸ ਵਿਚ ਇਹਨਾਂ ਵੱਲੋਂ ਗਾਏ ਜਾ ਰਹੇ ਗੀਤ 'ਚ 'ਪਾਕਿਸਤਾਨ ਜ਼ਿੰਦਾਬਾਦ' ਸ਼ਬਦ ਆਉਂਦਾ ਸੀ। 

ਹੁਬਲੀ ਬਾਰ ਐਸੋਸੀਏਸ਼ਨ ਨੇ ਮਤਾ ਪਾਸ ਕਰ ਦਿੱਤਾ ਹੈ ਕਿ ਕੋਈ ਵੀ ਵਕੀਲ ਇਹਨਾਂ ਨੌਜਵਾਨਾਂ ਦਾ ਮੁਕੱਦਮਾ ਨਹੀਂ ਲੜੇਗਾ। 17 ਫਰਵਰੀ ਨੂੰ ਜਦੋਂ ਇਹਨਾਂ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਇਕ ਭੀੜ ਨੇ ਇਹਨਾਂ 'ਤੇ ਹਮਲਾ ਕਰ ਦਿੱਤਾ। ਵਕੀਲਾਂ ਵੱਲੋਂ ਅਦਾਲਤ ਵਿਚ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਇਹ ਸਭ ਭਾਰਤ ਦੇ ਲੋਕਤੰਤਰ ਵਿਚ ਹੋ ਰਿਹਾ ਹੈ।