ਦਿੱਲੀ ਦੇ ਸਕੂਲ ਵਿੱਚ ਸਿੱਖ ਬੱਚਿਆਂ ਦਾ ਹਿੰਦੂਕਰਨ ਕਰਨ ਦੀ ਕੋਸ਼ਿਸ਼

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਇਕ ਸਕੂਲ ਵਿਚ ਸਿੱਖ ਬੱਚਿਆਂ ਨੂੰ ਹਿੰਦੂ ਰਵਾਇਤਾਂ ਨਾਲ ਜੋੜਨ ਦੀ ਸਖ਼ਤ ਨਿੰਦਾ ਕੀਤੀ ਹੈ। ਦੱਸਣਯੋਗ ਹੈ ਕਿ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਮਾਤਾ ਜੈ ਕੌਰ ਸਕੂਲ ਵਿਖੇ ਸਿੱਖ ਬੱਚਿਆਂ ਪਾਸੋਂ ਹਿੰਦੂ ਰਵਾਇਤਾਂ ਅਨੁਸਾਰ ਆਰਤੀ ਕਰਵਾਈ ਗਈ ਹੈ। ਇਸ ਸਬੰਧ ਵਿਚ ਸਾਹਮਣੇ ਆਈ ਵੀਡੀਓ ਤੋਂ ਖੁਲਾਸਾ ਹੋਇਆ ਹੈ।
ਇਸ ਵੀਡੀਓ ਵਿਚ ਸਾਫ਼ ਨਜ਼ਰ ਆਉਂਦਾ ਹੈ ਕਿ ਸਿੱਖ ਬੱਚਿਆਂ ਦੇ ਹੱਥਾਂ ਵਿਚ ਥਾਲੀਆਂ ਫੜ੍ਹਾ ਕੇ ਉਨ੍ਹਾਂ ਨੂੰ ਹਿੰਦੂ ਰਵਾਇਤ ਅਨੁਸਾਰ ਕੀਤੀ ਜਾਂਦੀ ਆਰਤੀ ਨਾਲ ਜੋੜਿਆ ਜਾ ਰਿਹਾ ਹੈ। ਇਸ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਆਖਿਆ ਹੈ ਕਿ ਹਰ ਧਰਮ ਦੇ ਆਪੋ-ਆਪਣੇ ਅਸੂਲ ਹਨ। ਸਿੱਖ ਧਰਮ ਦੀਆਂ ਰਵਾਇਤਾਂ, ਮਰਯਾਦਾ ਅਤੇ ਰਹਿਣੀ ਬਹਿਣੀ ਨਿਰਾਲੀ ਹੈ। ਇਸ ਨੂੰ ਰਲਗਡ ਕਰਨ ਦਾ ਯਤਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰੇ ਜਿਨ੍ਹਾਂ ਨੇ ਵਿਦਿਆਰਥੀਆਂ ਅੰਦਰ ਅਨੁਸ਼ਾਸਨ ਪੈਦਾ ਕਰਨਾ ਹੈ, ਜੇਕਰ ਉਹ ਅਦਾਰੇ ਹੀ ਅਨੁਸ਼ਾਸਨ ਭੰਗ ਕਰਨ ਵਾਲੇ ਪਾਸੇ ਤੁਰ ਪੈਣ ਤਾਂ ਇਹ ਤਰਕਸੰਗਤ ਨਹੀਂ ਹੈ। ਉਨ੍ਹਾਂ ਕਿਹਾ ਕਿ ਛੋਟੇ ਛੋਟੇ ਸਿੱਖ ਬੱਚਿਆਂ ਦੇ ਕੋਮਲ ਮਨਾਂ ਅੰਦਰ ਇਸ ਤਰ੍ਹਾਂ ਜਾਣਬੁਝ ਕੇ ਹਿੰਦੂ ਧਰਮ ਦੀਆਂ ਰਵਾਇਤਾਂ ਦ੍ਰਿੜ ਕਰਵਾਉਣੀਆਂ ਸਿੱਖੀ ’ਤੇ ਹਮਲਾ ਹੈ।
ਡਾ. ਰੂਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਸੰਜੀਦਾ ਹੈ ਅਤੇ ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂਚ ਲਈ ਲਿਖਿਆ ਜਾ ਰਿਹਾ ਹੈ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)