ਯੂਰਪੀਨ ਯੂਨੀਅਨ ਦੇ ਵਫਦ ਨੂੰ ਕਸ਼ਮੀਰ ਜਾਣ ਦੀ ਪ੍ਰਵਾਨਗੀ ਦੇਣੀ ਤੇ ਸੋਪੋਰ 'ਚ ਬੱਸ ਅੱਡੇ 'ਤੇ ਹਮਲੇ ਦਾ ਆਪਸੀ ਸਬੰਧ

ਯੂਰਪੀਨ ਯੂਨੀਅਨ ਦੇ ਵਫਦ ਨੂੰ ਕਸ਼ਮੀਰ ਜਾਣ ਦੀ ਪ੍ਰਵਾਨਗੀ ਦੇਣੀ ਤੇ ਸੋਪੋਰ 'ਚ ਬੱਸ ਅੱਡੇ 'ਤੇ ਹਮਲੇ ਦਾ ਆਪਸੀ ਸਬੰਧ
ਯੂਰਪੀਨ ਯੂਨੀਅਨ ਦੇ ਵਫਦ ਨਾਲ ਨਰਿੰਦਰ ਮੋਦੀ

ਚੰਡੀਗੜ੍ਹ/ ਸ਼੍ਰੀਨਗਰ (ਅੰਮ੍ਰਿਤਸਰ ਟਾਈਮਜ਼ ਬਿਊਰੋ): ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਫੌਜ ਦੇ ਪਹਿਰੇ ਹੇਠ ਬੰਦੀ ਬਣਾ ਕੇ ਰੱਖੇ ਕਸ਼ਮੀਰ 'ਤੇ ਭਾਰਤ ਦੀ ਕੌਮਾਂਤਰੀ ਭਾਈਚਾਰੇ ਵਿੱਚ ਹੋ ਰਹੀ ਖਿੱਚੋਤਾਣ ਦਰਮਿਆਨ ਭਾਰਤ ਸਰਕਾਰ ਨੇ ਤਿੰਨ ਮਹੀਨਿਆਂ ਤੋਂ ਬਾਅਦ ਪਹਿਲੀ ਵਾਰ ਵਿਦੇਸ਼ੀ ਰਾਜਨੀਤਕ ਨੁਮਾਂਇੰਦਿਆਂ ਨੂੰ ਕਸ਼ਮੀਰ ਜਾਣ ਦੀ ਪ੍ਰਵਾਨਗੀ ਦਿੱਤੀ ਹੈ। ਭਾਰਤ ਸਰਕਾਰ ਨੇ ਯੂਰਪੀਨ ਯੂਨੀਅਨ ਦੇ 28 ਮੈਂਬਰੀ ਵਫਦ ਨੂੰ ਕਸ਼ਮੀਰ ਦਾ ਦੌਰਾ ਕਰਨ ਦੀ ਪ੍ਰਵਾਨਗੀ ਦੇਣ ਦਾ ਫੈਂਸਲਾ ਕੀਤਾ ਹੈ ਤੇ ਇਹ ਵਫਦ ਕੱਲ੍ਹ ਕਸ਼ਮੀਰ ਜਾਵੇਗਾ।

ਅੱਜ ਦੁਪਹਿਰ ਇਸ ਖਬਰ ਦੇ ਆਉਣ ਤੋਂ ਕੁੱਝ ਘੰਟੇ ਬਾਅਦ ਹੀ ਅੱਜ ਸ਼ਾਮ ਨੂੰ ਕਸ਼ਮੀਰ ਦੇ ਸੋਪੋਰ ਵਿੱਚ ਬੱਸ ਅੱਡੇ 'ਤੇ ਇਕ ਗ੍ਰਨੇਡ ਬੰਬ ਸੁੱਟਿਆ ਗਿਆ ਜਿਸ ਵਿੱਚ 20 ਕਸ਼ਮੀਰੀ ਨਾਗਰਿਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹਨਾਂ ਵਿੱਚੋ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਹਨਾਂ ਨੂੰ ਸ਼੍ਰੀਨਗਰ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ। ਭਾਰਤੀ ਮੀਡੀਆ ਵੱਲੋਂ ਇਸ ਹਮਲੇ ਨੂੰ ਕਸ਼ਮੀਰੀ ਖਾੜਕੂਆਂ ਦੇ ਸਿਰ ਲਾਇਆ ਗਿਆ ਹੈ। 

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ 'ਤੇ ਯੂਰਪੀਨ ਯੂਨੀਅਨ ਅਤੇ ਅਮਰੀਕਨ ਪਾਰਲੀਮੈਂਟ ਵੱਲੋਂ ਕਾਫੀ ਦਬਾਅ ਬਣਾਇਆ ਜਾ ਰਿਹਾ ਸੀ ਕਿ ਕਸ਼ਮੀਰ ਵਿੱਚ ਲਾਈਆਂ ਗਈਆਂ ਰੋਕਾਂ ਨੂੰ ਹਟਾਇਆ ਜਾਵੇ। ਕਸ਼ਮੀਰ ਵਿੱਚ ਜਾਣ 'ਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਭਾਰਤ ਦੀ ਕਾਫੀ ਨਿੰਦਾ ਹੋ ਰਹੀ ਸੀ। ਇਸ ਦਬਾਅ ਦੇ ਚਲਦਿਆਂ ਜਦੋਂ ਅੱਜ ਭਾਰਤ ਨੇ ਯੂਰਪੀਨ ਯੂਨੀਅਨ ਦੇ ਵਫਦ ਨੂੰ ਕਸ਼ਮੀਰ ਜਾਣ ਦੀ ਪ੍ਰਵਾਨਗੀ ਦਿੱਤੀ ਤਾਂ ਉਸ ਤੋਂ ਕੁੱਝ ਘੰਟੇ ਬਾਅਦ ਵਾਪਰੀ ਇਹ ਬੰਬ ਧਮਾਕੇ ਦੀ ਘਟਨਾ ਕਈ ਸਵਾਲ ਖੜ੍ਹੇ ਕਰਦੀ ਹੈ ਅਤੇ ਇਤਿਹਾਸਕ ਵਰਤਾਰੇ 'ਤੇ ਝਾਤ ਮਾਰਿਆਂ ਭਾਰਤੀ ਖੂਫੀਆਂ ਏਜੰਸੀਆਂ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੀਆਂ ਹਨ। 

ਦੱਸ ਦਈਏ ਕਿ ਜਿੱਥੇ ਕਸ਼ਮੀਰ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਭਾਰਤ ਖਿਲਾਫ ਸੰਘਰਸ਼ ਕਰ ਰਿਹਾ ਹੈ ਅਤੇ ਸੜਕਾਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਲੈ ਕੇ ਗੁਰੀਲਾ ਹਥਿਆਰਬੰਦ ਲੜਾਈ ਤੱਕ ਕਸ਼ਮੀਰ ਦੇ ਲੋਕ ਲੜ ਰਹੇ ਹਨ ਪਰ ਜਦੋਂ ਤੋਂ ਭਾਰਤ ਨੇ ਧਾਰਾ 370 ਹਟਾ ਕੇ ਕਸ਼ਮੀਰ 'ਤੇ ਸਿੱਧਾ ਕਬਜ਼ਾ ਕੀਤਾ ਹੈ ਤਾਂ ਕਸ਼ਮੀਰ ਦੇ ਲੋਕਾਂ ਨੇ ਵਿਰੋਧ ਦਾ ਨਵਾਂ ਤਰੀਕਾ ਅਪਣਾਉਂਦਿਆਂ ਅਜਿਹੀ ਕਿਸੇ ਵੀ ਕਾਰਵਾਈ ਤੋਂ ਗੁਰੇਜ਼ ਕੀਤਾ ਹੈ ਜਿਸ ਨੂੰ ਭਾਰਤ ਅੱਤਵਾਦ ਨਾਲ ਜੋੜ ਸਕੇ। ਕਿਉਂਕਿ ਆਲਮੀ ਰਾਜਨੀਤਕ ਭਾਈਚਾਰੇ ਵਿੱਚ ਭਾਰਤ ਦੀ ਧਾਰਾ 370 ਹਟਾਉਣ 'ਤੇ ਨਿੰਦਾ ਹੋ ਰਹੀ ਹੈ। 

ਅਮਰੀਕੀ ਰਾਸ਼ਟਰਪਤੀ ਦੇ ਦੌਰੇ ਮੌਕੇ ਸਿੱਖ ਬਣਾਏ ਗਏ ਸੀ ਨਿਸ਼ਾਨਾ
ਸਾਲ 2000 ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਭਾਰਤ ਦਾ ਦੌਰਾ ਕਰਨਾ ਸੀ ਤਾਂ ਉਹਨਾਂ ਦੇ ਦਿੱਲੀ ਪਹੁੰਚਣ ਤੋਂ ਕੁੱਝ ਘੰਟੇ ਪਹਿਲਾਂ ਕਸ਼ਮੀਰ ਦੇ ਪਿੰਡ ਚਿੱਟੀਸਿੰਘਪੁਰਾ ਵਿੱਚ 35 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦਾ ਦੋਸ਼ ਕਸ਼ਮੀਰੀ ਖਾੜਕੂਆਂ 'ਤੇ ਲਾਇਆ ਗਿਆ ਸੀ ਜਦਕਿ ਇੱਕ ਵਿਚਾਰ ਇਹ ਵੀ ਸੀ ਕਿ ਇਹ ਕਾਰਾ ਭਾਰਤੀ ਏਜੰਸੀਆਂ ਵੱਲੋਂ ਕਸ਼ਮੀਰੀ ਅਜ਼ਾਦੀ ਸੰਘਰਸ਼ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਸੀ। 

ਯੂਰਪੀਨ ਯੂਨੀਅਨ ਦੇ ਵਫਦ ਨੂੰ ਦੁਪਹਿਰ ਦੇ ਭੋਜਨ 'ਤੇ ਡੋਵਾਲ ਨੇ ਹਾਲਾਤ ਬਾਰੇ ਦੱਸਿਆ
ਯੂਰਪੀਨ ਯੂਨੀਅਨ ਦੇ ਇਸ 28 ਮੈਂਬਰੀ ਵਫਦ ਵਿੱਚ ਸ਼ਾਮਿਲ ਯੂਰਪੀਨ ਪਾਰਲੀਮੈਂਟ ਮੈਂਬਰ ਇਟਲੀ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਪੋਲੈਂਡ ਦੇਸ਼ਾਂ ਨਾਲ ਸਬੰਧਿਤ ਹਨ। ਅੱਜ ਇਹਨਾਂ ਮੈਂਬਰਾਂ ਲਈ ਭਾਰਤ ਦੇ ਰਾਸ਼ਟਰੀ ਸੁਰੱਖਿਅਤ ਸਲਾਹਕਾਰ ਅਜੀਤ ਡੋਵਾਲ ਨੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਸੀ ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਿਲ ਹੋਏ। ਇਸ ਖਾਣੇ ਮੌਕੇ ਇਹਨਾਂ ਮੈਂਬਰਾਂ ਨੂੰ ਹਾਲਾਤਾਂ ਬਾਰੇ ਦੱਸਿਆ ਗਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।