ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ’ਚ ਬੇਅਦਬੀ ਕਰਨ ਵਾਲੀ ਔਰਤ ਨੂੰ ਸੋਧਾ ਲਾਉਣ ਵਾਲੇ ਨੌਜਵਾਨ ਦੀ ਕਾਨੂੰਨੀ ਮਦਦ ਕਰੇਗੀ ਦਿੱਲੀ ਗੁਰਦੁਆਰਾ ਕਮੇਟੀ: ਕਾਲਕਾ, ਕਾਹਲੋਂ

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ’ਚ ਬੇਅਦਬੀ ਕਰਨ ਵਾਲੀ ਔਰਤ ਨੂੰ ਸੋਧਾ ਲਾਉਣ ਵਾਲੇ ਨੌਜਵਾਨ ਦੀ ਕਾਨੂੰਨੀ ਮਦਦ ਕਰੇਗੀ ਦਿੱਲੀ ਗੁਰਦੁਆਰਾ ਕਮੇਟੀ: ਕਾਲਕਾ, ਕਾਹਲੋਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 15 ਮਈ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਐਲਾਨ ਕੀਤਾ ਹੈ ਕਿ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ’ਚ ਸਰੋਵਰ ਕੰਢੇ ਸ਼ਰਾਬ ਪੀ ਕੇ ਬੇਅਦਬੀ ਕਰਨ ਵਾਲੀ ਔਰਤ ਨੂੰ ਸੋਧਾ ਲਾਉਣ ਵਾਲੇ ਨੌਜਵਾਨ ਨਿਰਮਲਜੀਤ ਸਿੰਘ ਸੈਣੀ ਦੀ ਦਿੱਲੀ ਗੁਰਦੁਆਰਾ ਕਮੇਟੀ ਕਾਨੂੰਨੀ ਮਦਦ ਕਰੇਗੀ।

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਵਿਚ ਗੁਰਦੁਆਰਾ ਸਾਹਿਬਾਨ ਦੇ ਅੰਦਰ ਵਾਰ ਵਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਹਨਾਂ ਕਿਹਾ ਕਿ ਇਕ ਔਰਤ ਵੱਲੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਚ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਪੀਤੀ ਤੇ ਬੇਅਦਬੀ ਕੀਤੀ।

ਉਹਨਾਂ ਕਿਹਾ ਕਿ ਇਸ ਬੇਅਦਬੀ ਨੂੰ ਨੌਜਵਾਨ ਨਿਰਮਲਜੀਤ ਸਿੰਘ ਸੈਣੀ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸਨੇ ਤੈਸ਼ ਵਿਚ ਆ ਕੇ ਉਸਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ। ਉਹਨਾਂ ਕਿਹਾ ਕਿ ਇਸ ਨੌਜਵਾਨ ਨੂੰ ਜਿਸ ਵੀ ਕਿਸਮ ਦੀ ਕਾਨੂੰਨੀ ਮਦਦ ਚਾਹੀਦੀ ਹੋਵੇਗੀ, ਦਿੱਲੀ ਗੁਰਦੁਆਰਾ ਕਮੇਟੀ ਉਹਪੂਰੀ ਮਦਦ ਮੁਹੱਈਆ ਕਰਵਾਏਗੀ ਕਿਉਂਕਿ ਇਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਗੁਰਧਾਮਾਂ ਦੇ ਮਾਮਲੇ ਵਿਚ ਜੇਕਰ ਕੁਝ ਹੁੰਦਾ ਹੈ ਤਾਂ ਅਜਿਹੇ ਵਿਅਕਤੀਆਂ ਦੀ ਮਦਦ ਕਰਨਾ ਸਾਡਾ ਫਰਜ਼ ਹੈ।

ਉਹਨਾਂ ਕਿਹਾ ਕਿ ਸਾਡੇ ਵਕੀਲ ਜਲਦੀ ਹੀ ਉਕਤ ਨੌਜਵਾਨ ਨਾਲ ਮੁਲਾਕਾਤ ਕਰਨਗੇ ਤੇ ਜਿਸ ਵੀ ਤਰੀਕੇ ਕੇਸ ਦੀ ਪੈਰਵੀ ਕਰਨੀ ਪਈ ਕਰਨਗੇ।