ਦਿਲਜੀਤ ਤੇ ਨਿਮਰਤ ਸਟਾਰਰ ਫ਼ਿਲਮ ‘ਜੋੜੀ’ ਕਰ ਰਹੀ ਏ ਦੁਨੀਆ ਭਰ ਵਿਚ ਸ਼ਾਨਦਾਰ ਪ੍ਰਦਰਸ਼ਨ

ਦਿਲਜੀਤ  ਤੇ ਨਿਮਰਤ  ਸਟਾਰਰ ਫ਼ਿਲਮ ‘ਜੋੜੀ’ ਕਰ ਰਹੀ ਏ ਦੁਨੀਆ ਭਰ ਵਿਚ ਸ਼ਾਨਦਾਰ ਪ੍ਰਦਰਸ਼ਨ

ਪਹਿਲੇ ਹਫ਼ਤੇ ਕਮਾਏ 20 ਕਰੋੜ ਰੁਪਏ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ – ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ ‘ਜੋੜੀ’ ਦੁਨੀਆ ਭਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਫ਼ਿਲਮ ਦੀ ਪਹਿਲੇ ਹਫ਼ਤੇ ਦੀ ਕਮਾਈ ਵੀ ਸਾਹਮਣੇ ਆ ਚੁੱਕੀ ਹੈ, ਜੋ ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਅੰਬਰਦੀਪ ਸਿੰਘ ਨੇ ਸਾਂਝੀ ਕੀਤੀ ਹੈ।ਪਹਿਲੇ ਹਫ਼ਤੇ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਇਸ ਫ਼ਿਲਮ ਨੇ ਦੁਨੀਆ ਭਰ ’ਚ 20 ਕਰੋੜ ਰੁਪਏ ਕਮਾਏ ਹਨ। ਇਸ ਦੇ ਨਾਲ ਹੀ ਅੰਬਰਦੀਪ ਨੇ ਪਿਆਰ ਭਰੀ ਕੈਪਸ਼ਨ ਨਾਲ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਹੈ।ਉਥੇ ਨਿਮਰਤ ਖਹਿਰਾ ਨੇ ਫ਼ਿਲਮ ਦੂਜੇ ਹਫ਼ਤੇ ਵਿਚ ਦਾਖ਼ਲ ਹੋਣ ’ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਫ਼ਿਲਮ ‘ਜੋੜੀ’ ਐਂਟਰ ਕਰ ਚੁੱਕੀ ਹੈ ਦੂਜੇ ਹਫ਼ਤੇ ਵਿਚ। ਤੁਹਾਡੇ ਪਿਆਰ ਲਈ ਸਭ ਦਾ ਦਿਲੋਂ ਸ਼ੁਕਰੀਆ। ਜਿਨ੍ਹਾਂ ਨੇ ਅਜੇ ਨਹੀਂ ਦੇਖੀ ਹੈ, ਦੇਖ ਕੇ ਆਓ ਜ਼ਰੂਰ ਤੇ ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ।’’

ਦੱਸ ਦੇਈਏ ਕਿ ਫ਼ਿਲਮ ਵਿਚ ਦਿਲਜੀਤ ਤੇ ਨਿਮਰਤ ਤੋਂ ਇਲਾਵਾ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ। ਫ਼ਿਲਮ ਦਿਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ।