ਐਸਟਰਾਜ਼ੈਨੇਕਾ ਤੇ ਆਕਸਫੋਰਡ ਯੁਨੀਵਰਸਿਟੀ ਵੱਲੋਂ ਵਿਕਸਤ ਕੀਤੀ ਜਾ ਰਹੀ ਕੋਵਿਡ ਵੈਕਸੀਨ ਨੂੰ ਰੋਕਿਆ

ਐਸਟਰਾਜ਼ੈਨੇਕਾ ਤੇ ਆਕਸਫੋਰਡ ਯੁਨੀਵਰਸਿਟੀ ਵੱਲੋਂ ਵਿਕਸਤ ਕੀਤੀ ਜਾ ਰਹੀ ਕੋਵਿਡ ਵੈਕਸੀਨ ਨੂੰ ਰੋਕਿਆ

ਟਰਾਇਲ ਦੌਰਾਨ ਹੋਇਆ ਜਬਰਦਸਤ ਰਿਐਕਸ਼ਨ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਐਸਟਰਾਜ਼ੈਨੇਕਾ ਤੇ ਆਕਸਫੋਰਡ ਯੁਨੀਵਰਸਿਟੀ ਵੱਲੋਂ ਵਿਕਸਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਵੱਲੋਂ ਟਰਾਇਲ ਦੌਰਾਨ ਜਬਰਦਸਤ ਰਿਐਕਸ਼ਨ ਕਰਨ ਦੇ ਸਿੱਟੇ ਵਜੋਂ ਫਿਲਹਾਲ ਇਸ ਉਪਰ ਅਮਲ ਰੋਕ ਦਿੱਤਾ ਗਿਆ ਹੈ। ਐਸਟਰਾਜ਼ੈਨੇਕਾ ਨੇ ਵਿਸ਼ਵ ਭਰ ਵਿਚ ਵੈਕਸੀਨ ਦੇ ਕਲੀਨੀਕਲ ਟਰਾਇਲ ਰੋਕ ਦਿੱਤੇ ਹਨ ਤੇ ਉਸ ਵੱਲੋਂ ਇੰਗਲੈਂਡ ਵਿਚ ਇਕ ਵਿਅਕਤੀ ਉਪਰ ਪਏ ਬਹੁਤ ਹੀ ਬੁਰੇ ਪ੍ਰਭਾਵ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਨਹੀਂ ਸਪਸ਼ਟ ਹੋ ਸਕਿਆ ਕਿ ਕੀਲੀਨੀਕਲ ਟਰਾਇਲ ਕਦੋਂ ਦੁਬਾਰਾ ਸ਼ੁਰੂ ਹੋਣਗੇ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਕਈ ਵਾਰ ਟਰਾਇਲ ਦੌਰਾਨ ਰਿਐਕਸ਼ਨ ਹੁੰਦਾ ਹੈ ਪਰੰਤੂ ਉਹ ਇਤਫਾਕਨ ਹੀ ਵਾਪਰਦਾ ਹੈ ਪਰੰਤੂ ਜੇਕਰ ਉਹ ਰਿਐਕਸ਼ਨ ਗੰਭੀਰ ਹੋਵੇ ਤਾਂ ਖੋਜ਼ ਨੂੰ ਓਦੋਂ ਤੱਕ ਰੋਕਣਾ ਜਰੂਰੀ ਹੋ ਜਾਂਦਾ ਹੈ ਜਦੋਂ ਤੱਕ ਮਾਮਲੇ ਦੀ ਪੂਰੀ ਤਰਾਂ ਹਰ ਪੱਖ ਤੋਂ ਜਾਂਚ ਨਹੀਂ ਹੋ ਜਾਂਦੀ।

ਐਸਟਰਾਜ਼ੈਨੇਕਾ ਕੰਪਨੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਸੀਂ ਵਾਪਰੀ ਇਕ ਘਟਨਾ ਦੇ ਮੁਲਾਂਕਣ ਲਈ ਤੇਜੀ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਵੈਕਸੀਨ ਦੇ ਟਰਾਇਲ ਸਮੇਂ ਉਪਰ ਕਿਸੇ ਤਰਾਂ ਦਾ ਸੰਭਾਵਿਤ ਅਸਰ ਨਾ ਪਵੇ। ਮੂਲ ਰੂਪ ਵਿਚ ਆਕਸਫੋਰਡ ਯੁਨੀਵਰਸਿਟੀ ਵਿਖੇ ਵਿਕਸਤ ਕੀਤੀ ਵੈਕਸੀਨ ਦੀ ਪਰਖ ਐਸਟਰਾਜ਼ੈਨੇਕ ਕੰਪਨੀ ਕਰ ਰਹੀ ਹੈ। ਕੰਪਨੀ ਨੇ ਹੋਰ ਕਿਹਾ ਹੈ ਕਿ 'ਇਹ ਇਕ ਰੂਟੀਨ ਰਿਐਕਸ਼ਨ ਹੈ ਜਿਸ ਦੇ ਨਾਮਲੂਮ ਬਿਮਾਰੀ ਦੇ ਮਾਮਲੇ ਵਿਚ ਟਰਾਇਲ ਦੌਰਾਨ ਵਾਪਰਨ ਦੀ ਸੰਭਾਵਨਾ ਹੁੰਦੀ ਹੈ। ਇਹ ਮਾਮਲਾ ਜਾਂਚ ਅਧੀਨ ਹੈ, ਅਸੀਂ ਟਰਾਇਲ ਦੀ ਸ਼ੁਧਤਾ ਨੂੰ ਯਕੀਨੀ ਬਣਾ ਰਹੇ ਹਾਂ।' ਇਥੇ ਜ਼ਿਕਰਯੋਗ ਹੈ ਕਿ ਦੋ ਹੋਰ ਕੋਵਿਡ-19 ਵੈਕਸੀਨ ਉਪਰ ਟਰਾਇਲ ਜਾਰੀ ਹਨ। ਇਕ ਜਰਮਨ ਕੰਪਨੀ ਪਫਾਈਜ਼ਰ ਤੇ ਇਕ ਮਾਡਰਨਾ ਕੰਪਨੀ ਬਾਈਓਨਟੈਕ ਟਰਾਇਲ ਕਰ ਰਹੀ ਹੈ। ਇਸ ਸਾਲ ਦੇ ਅੰਤ ਤੱਕ ਵੈਕਸੀਨ ਬਣਾ ਲੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।