ਅਫਗਾਨਿਸਤਾਨ ਦੇ ਉੱਪ ਰਾਸ਼ਟਰਪਤੀ ਦੇ ਕਾਫਲੇ 'ਤੇ ਕੀਤਾ ਬੰਬ ਧਮਾਕਾ

ਅਫਗਾਨਿਸਤਾਨ ਦੇ ਉੱਪ ਰਾਸ਼ਟਰਪਤੀ ਦੇ ਕਾਫਲੇ 'ਤੇ ਕੀਤਾ ਬੰਬ ਧਮਾਕਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਜ ਉੱਪ ਰਾਸ਼ਟਰਪਤੀ ਉੱਤੇ ਬੰਬ ਧਮਾਕੇ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਉੱਪ ਰਾਸ਼ਟਰਪਤੀ ਅਮਰੂਲਾਹ ਸਾਲੇਹ ਦਾ ਬਚਾਅ ਹੋਇਆ ਹੈ। 

ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਤਾਰਿਕ ਅਰੀਅਨ ਨੇ ਜਾਣਕਾਈ ਦਿੰਦਿਆਂ ਦੱਸਿਆ ਕਿ ਹਮਲੇ ਵਿਚ 2 ਲੋਕਾਂ ਦੀ ਮੌਤ ਹੋਈ ਹੈ ਅਤੇ 12 ਲੋਕ ਜ਼ਖਮੀ ਹੋਏ ਹਨ।

ਇਹ ਬੰਬ ਧਮਾਕਾ ਉੱਪ ਰਾਸ਼ਟਰਪਤੀ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਜਿਸ ਵਿਚ ਕਈ ਸੁਰੱਖਿਆ ਗਾਰਜ਼ ਜ਼ਖਮੀ ਹੋਏ ਹਨ। 


ਅਮਰੂਲਾਹ ਸਾਲੇਹ

ਜ਼ਿਕਰਯੋਗ ਹੈ ਕਿ ਇਹ ਹਮਲਾ ਕਤਰ ਦੀ ਰਾਜਧਾਨੀ ਦੋਹਾ ਵਿਚ ਤਾਲਿਬਾਨ ਅਤੇ ਅਫਗਾਨ ਸਰਕਾਰ ਦਰਮਿਆਨ ਹੋਣ ਜਾ ਰਹੀ ਅਹਿਮ ਗੱਲਬਾਤ ਤੋਂ ਬਿਲਕੁਲ ਪਹਿਲਾਂ ਹੋਇਆ ਹੈ। 

ਉੱਪ ਰਾਸ਼ਟਰਪਤੀ ਸਾਲੇਹ ਸਾਬਕਾ ਇੰਟੈਲੀਜੈਂਸ ਮੁਖੀ ਹਨ ਅਤੇ ਉਹਨਾਂ 'ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਜਾਨਲੇਵਾ ਹਮਲੇ ਹੋ ਚੁੱਕੇ ਹਨ। 

ਮਾਹਿਰਾਂ ਮੁਤਾਬਕ ਇਸ ਹਮਲੇ ਦੇ ਦੋਹਾ ਵਿਚ ਹੋਣ ਜਾ ਰਹੀ ਬੈਠਕ 'ਤੇ ਨਕਾਰਾਤਮਕ ਅਸਰ ਪੈ ਸਕਦੇ ਹਨ। ਫਿਲਹਾਲ ਕਿਸੇ ਧਿਰ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।