ਸਮਝੌਤਾ ਐਕਸਪ੍ਰੈਸ ਅੱਤਵਾਦੀ ਹਮਲੇ ਦੇ ਦੋਸ਼ੀ ਹਿੰਦੂ ਆਗੂ ਅਸੀਮਾਨੰਦ ਸਮੇਤ ਚਾਰ ਨੂੰ ਬਰੀ ਕੀਤਾ

ਸਮਝੌਤਾ ਐਕਸਪ੍ਰੈਸ ਅੱਤਵਾਦੀ ਹਮਲੇ ਦੇ ਦੋਸ਼ੀ ਹਿੰਦੂ ਆਗੂ ਅਸੀਮਾਨੰਦ ਸਮੇਤ ਚਾਰ ਨੂੰ ਬਰੀ ਕੀਤਾ

ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲਦੀ ਸਮਝੌਤਾ ਐਕਸਪ੍ਰੈਸ ਰੇਲਗੱਡੀ 'ਤੇ 2007 ਵਿਚ ਹੋਏ ਅੱਤਵਾਦੀ ਹਮਲੇ ਦੇ ਦੋਸ਼ੀ ਹਿੰਦੂ ਆਗੂ ਸਵਾਮੀ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਭਾਰਤੀ ਦੀ ਕੌਮੀ ਜਾਂਚ ਅਜੈਂਸੀ ਦੀ ਖਾਸ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਅੱਤਵਾਦੀ ਹਮਲੇ ਬਿਚ 68 ਲੋਕਾਂ ਦੀ ਮੌਤ ਹੋਈ ਸੀ ਤੇ 12 ਜ਼ਖਮੀ ਹੋਏ ਸਨ। ਮਰਨ ਵਾਲਿਆਂ ਵਿਚ ਜ਼ਿਆਦਾ ਪਾਕਿਸਤਾਨੀ ਨਾਗਰਿਕ ਸਨ। 

18 ਫਰਵਰੀ, 2007 ਨੂੰ ਪਾਣੀਪਤ ਦੇ ਦੀਵਾਨਾ ਰੇਲ ਅੱਡੇ ਨਜ਼ਦੀਕ ਰੇਲਗੱਡੀ ਵਿਚ ਦੋ ਧਮਾਕੇ ਹੋਏ ਸਨ। ਇਸ ਹਮਲੇ ਪਿੱਛੇ ਹਿੰਦੂ ਅੱਤਵਾਦੀਆਂ ਦਾ ਹੱਥ ਮੰਨਿਆ ਜਾਂਦਾ ਹੈ ਤੇ ਹਿੰਦੂ ਆਗੂਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਵੀ ਚਲਾਇਆ ਗਿਆ। 

ਇਸ ਮਾਮਲੇ ਵਿਚ ਦੋਸ਼ੀ ਬਣਾਏ ਗਏ ਹਿੰਦੂਆਂ ਵਿਚ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਜਿੰਦਰ ਚੌਧਰੀ ਸ਼ਾਮਿਲ ਹਨ ਜਿਹਨਾਂ 'ਤੇ ਕਤਲ, ਇਰਾਦਾ ਕਤਲ ਅਤੇ ਰੇਲਵੇ ਕਾਨੂੰਨ, ਧਮਾਕਾਖੇਜ਼ ਸਮਗਰੀ ਕਾਨੂੰਨ ਅਤੇ ਲੋਕ ਸੰਪੱਤੀ ਨੂੰ ਨੁਕਸਾਨ ਤੋਂ ਬਚਾਉਣ ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। 

ਇਹਨਾਂ ਤੋਂ ਇਲਾਵਾ ਚਾਰ ਹੋਰ ਵਿਅਕਤੀਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜਿਹਨਾਂ ਵਿਚੋਂ ਸੁਨੀਲ ਜੋਸ਼ੀ ਦਾ 29 ਦਸੰਬਰ, 2007 ਨੂੰ ਕਤਲ ਕਰ ਦਿੱਤਾ ਗਿਆ ਸੀ, ਜਦਕਿ ਸੰਦੀਪ ਡਾਂਗੇ, ਰਾਮਚੰਦਰ ਕਾਲਸੰਗਰੇ ਅਤੇ ਅਮਿਤ ਉਰਫ ਅਸ਼ਵਨੀ ਚੌਹਾਨ ਹੁਣ ਤਕ ਫਰਾਰ ਹਨ। 

ਇਸ ਮਾਮਲੇ ਦੀ ਅਦਾਲਤੀ ਪੈਰਵਾਰੀ ਪੰਜ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੀ ਜਿਸ ਦੌਰਾਨ ਮਾਮਲੇ ਦੇ ਮੁੱਖ ਗਵਾਹ ਆਪਣੇ ਪਹਿਲੇ ਬਿਆਨਾਂ ਤੋਂ ਫਿਰ ਗਏ। ਮਾਮਲੇ ਵਿਚ ਮੁੱਖ ਸਾਜਿਸ਼ਕਰਤਾ ਅਤੇ ਪੈਸੇ ਮੁਹੱਈਆ ਕਰਾਉਣ ਦੇ ਦੋਸ਼ੀ ਅਸੀਮਾਨੰਦ ਨੂੰ 28 ਅਗਸਤ, 2014 ਨੂੰ ਜ਼ਮਾਨਤ ਮਿਲ ਗਈ ਸੀ। 

ਅਦਾਲਤ ਵੱਲੋਂ ਉਪਰੋਕਤ ਦੋਸ਼ੀਆਂ ਨੂੰ ਬਰੀ ਕਰਨ ਦੇ ਸੁਣਾਏ ਫੈਂਸਲੇ 'ਤੇ ਭਾਰਤ ਦੀ ਕੌਮੀ ਜਾਂਚ ਅਜੈਂਸੀ ਦੇ ਵਕੀਲ ਰਾਜਨ ਮਲਹੋਤਰਾ ਨੇ ਕਿਹਾ ਕਿ ਉਹ ਪਹਿਲਾਂ ਫੈਂਸਲੇ ਨੂੰ ਪੂਰੀ ਤਰ੍ਹਾਂ ਘੋਖਣਗੇ ਉਸ ਤੋਂ ਬਾਅਦ ਹੀ ਫੈਂਸਲੇ ਖਿਲਾਫ ਅੱਗੇ ਅਪੀਲ ਦਰਜ ਕਰਾਉਣ ਬਾਰੇ ਫੈਂਸਲਾ ਕਰਨਗੇ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ