ਖਾਲਸੇ ਦਾ ਹੋਲਾ-ਮਹੱਲਾ

ਖਾਲਸੇ ਦਾ ਹੋਲਾ-ਮਹੱਲਾ

।। ਔਰਨ ਕੀ ਹੋਲੀ ਮਮ ਹੋਲਾ।।

ਮਨਜੀਤ ਸਿੰਘ ਟਿਵਾਣਾ


ਸਿੱਖਾਂ ਦੇ ਦਸ ਗੁਰੂ ਸਾਹਿਬਾਨਾਂ ਨੇ ਆਪੋ-ਆਪਣੇ ਜੀਵਨ-ਕਾਲ ਵਿਚ ਆਪਣੇ ਸਿੱਖਾਂ ਨੂੰ ਜ਼ਿੰਦਗੀ ਦੇ ਹਰ ਪੱਖ ਤੋਂ ਨਿਆਰਾਪਣ, ਆਜ਼ਾਦ ਹਸਤੀ, ਵੱਖਰੀ ਪਹਿਚਾਣ ਤੇ ਗੁਰਮਤਿ ਦੀ ਸੋਝੀ ਵਰਗੀਆਂ ਨਿਆਮਤਾਂ ਨਾਲ ਨਿਵਾਜਿਆ ਹੈ। ਗੁਰੂ ਸਾਹਿਬਾਨਾਂ ਦੀਆਂ ਬਖਸ਼ੀਆਂ ਅਜਿਹੀਆਂ ਅਨੇਕਾਂ ਜੀਵਨ-ਜੁਗਤਾਂ ਵਿਚੋਂ ਹੀ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਦੇ ਖਾਲਸੇ ਨੂੰ ਬਖਸ਼ਿਆ ਗਿਆ ਹੋਲਾ-ਮਹੱਲਾ ਦਾ ਪੁਰਬ ਵੀ ਹੈ। ਭਾਵੇਂ ਅਜੋਕੇ ਸਮੇਂ ਵਿਚ ਸਿੱਖਾਂ ਦੀ ਨਵੀਂ ਪੀੜ੍ਹੀ ਸ਼ਾਨਾਂਮੱਤੇ ਸਿੱਖ ਇਤਿਹਾਸ, ਗੌਰਵਮਈ ਵਿਰਸੇ, ਜੰਗਾਂ-ਯੁੱਧਾਂ ਵਿਚ ਸ਼ਕਤੀ ਦੇ ਪ੍ਰਦਰਸ਼ਨ ਤੇ ਬੀਰ-ਰਸੀ ਰਵਾਇਤਾਂ ਨੂੰ ਭੁੱਲਦੀ ਜਾ ਰਹੀ ਹੈ ਅਤੇ ਸਿੱਖਾਂ ਦਾ ਸ਼ਸਤਰਾਂ ਪ੍ਰਤੀ ਪਿਆਰ ਵੀ ਘਟਦਾ ਜਾ ਰਿਹਾ ਹੈ ਪਰ ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦਾ ਵੀ ਲਖਾਇਕ ਹੈ ਕਿ ਇਹ ਆਪਣੇ ਵਿਰਸੇ ਪ੍ਰਤੀ ਜਾਗਰੂਕ ਹੋ ਕੇ ਮੁੜ ਉਭਰਨ ਦਾ ਵੱਲ ਵੀ ਜਾਣਦੀ ਹੈ। ਬਸ ਸਾਨੂੰ ਆਪਣੇ ਸ਼ਾਨਾਂਮੱਤੇ ਇਤਿਹਾਸ ਦੀਆਂ ਬਾਤਾਂ ਪੀੜ੍ਹੀ-ਦਰ-ਪੀੜ੍ਹੀ ਪਾਉਂਦੇ ਰਹਿਣ ਦੀ ਰਵਾਇਤ ਨੂੰ ਬਰਕਰਾਰ ਰੱਖਣਾ ਹੋਵੇਗਾ। ਅਜਿਹੀ ਹੀ ਪਿਰਤ ਨੂੰ ਮੁੜ ਦੁਹਰਾਉਣ ਅਤੇ ਗੁਰੂ ਪਿਤਾ ਦੀ ਮਹਾਨ ਕੁਰਬਾਨੀ ਨੂੰ ਸਿਜਦਾ ਕਰਨ ਲਈ ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਦਰਸਾਉਂਦਾ ਇਹ ਹੋਲਾ-ਮਹੱਲਾ ਦਾ ਕੌਮੀ ਤਿਉਹਾਰ ਪ੍ਰੇਰਨਾ ਸਰੋਤ ਬਣਦਾ ਆ ਰਿਹਾ ਹੈ।
ਇਤਿਹਾਸਕਾਰਾਂ ਮੁਤਾਬਿਕ ਹੋਲੇ ਮਹੱਲੇ ਦਾ ਆਰੰਭ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇਕ ਸੰਮਤ 1757 ਬਿਕ੍ਰਮੀ ਵਾਲੇ ਦਿਨ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ ਦੇ ਸਥਾਨ 'ਤੇ ਕੀਤਾ ਸੀ। ਹੋਲਾ ਮਹੱਲਾ ਮਨਾਉਣ ਦਾ ਮੁੱਖ ਮੰਤਵ ਗੁਰਸਿੱਖਾਂ ਅੰਦਰ 'ਫ਼ਤਹਿ' ਦੇ ਅਨੁਭਵ ਨੂੰ ਦ੍ਰਿੜ੍ਹ ਕਰਨਾ ਤੇ ਇਸ ਵਾਸਤੇ ਮਰ-ਮਿਟਣ ਦੀ ਭਾਵਨਾ ਨੂੰ ਪ੍ਰਚੰਡ ਕਰਨਾ ਸੀ। ਤਵਾਰੀਖ ਦੱਸਦੀ ਹੈ ਕਿ ਸਦੀਆਂ ਦੀ ਗੁਲਾਮੀ ਤੋਂ ਅਜ਼ਾਦੀ ਪ੍ਰਾਪਤ ਕਰਨ ਲਈ ਲੋਕਾਈ ਵਿਚ ਜੋਸ਼ ਪੈਦਾ ਕਰਨ ਦੀ ਜ਼ਰੂਰਤ ਸੀ। ਸਾਰੇ ਸਿੱਖ ਗੁਰੂ ਸਾਹਿਬਾਨਾਂ ਸਮੇਤ ਕਲਗੀਧਰ ਦਸਮੇਸ਼ ਪਿਤਾ ਜੀ ਨੇ ਇਸ ਕਾਰਜ ਲਈ ਉਸ ਵੇਲੇ ਦੇ ਗੁਲਾਮ ਮਾਨਸਿਕਤਾ ਕਾਰਨ ਅਪਾਹਜ ਹੋ ਚੁੱਕੇ ਸਮਾਜ ਨੂੰ ਹਰ ਪੱਧਰ ਉਤੇ ਹਲੂਣਾ ਦਿੱਤਾ। ਉਹਨਾਂ ਦੇ ਰਹਿਣ-ਸਹਿਣ, ਖਾਣ-ਪੀਣ, ਰੀਤੀ-ਰਿਵਾਜ਼ਾਂ ਅਤੇ ਤਿਉਹਾਰ ਮਨਾਉਣ ਦੇ ਢੰਗਾਂ ਵਿਚ ਇਨਕਲਾਬੀ ਤਬਦੀਲੀਆਂ ਕੀਤੀਆਂ ਗਈਆਂ। ਇਸ ਨਾਲ ਸਿੱਖਾਂ ਵਿਚ ਇਕ ਨਰੋਈ ਤੇ ਅਗਾਂਹਵਧੂ ਸੋਚ ਨੇ ਹੁਲਾਰਾ ਖਾਧਾ। ਸਮਾਜ ਨੂੰ ਮੁੱਢੋਂ ਗੇੜਾ ਦੇਣ ਦੀ ਇਸੇ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵੈਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ। ਸਿੱਖ ਪੰਥ ਵਿਚ ਆਈ ਇਸ ਮਹਾਨ ਤੇ ਕ੍ਰਾਂਤੀਕਾਰੀ ਤਬਦੀਲੀ ਨੇ ਸਿੱਖਾਂ ਨੂੰ ਇਕ ਵੱਖਰੀ ਪਹਿਚਾਣ ਪ੍ਰਦਾਨ ਕੀਤੀ। ਗੁਰੂ ਜੀ ਨੇ ਖਾਲਸਾ ਪੰਥ ਵਿਚ ਦਲੇਰੀ ਅਤੇ ਜ਼ੁਰਅਤ ਭਰਨ ਲਈ ਉਸ ਸਮਂ ਦੇ ਰਵਾਇਤੀ ਤਿਉਹਾਰਾਂ ਨੂੰ ਮਨਾਉਣ ਦੇ ਰੰਗ-ਢੰਗ ਵੀ ਬਦਲੇ। ਉਸ ਸਮੇਂ ਸਮਾਜ ਵਿਚ ਰੰਗਾਂ ਦੇ ਤਿਉਹਾਰ ਹੋਲੀ ਨੂੰ ਮਨਾਉਣ ਦਾ ਤਰੀਕਾ ਬਹੁਤ ਹੀ ਕੋਹਝਾ ਤੇ ਔਰਤਾਂ ਲਈ ਅਪਮਾਨ ਭਰਿਆ ਹੋ ਗਿਆ ਸੀ। ਲੋਕ ਨਸ਼ਾ ਕਰਦੇ ਤੇ ਇਕ ਦੂਜੇ 'ਤੇ ਰੰਗ ਸੁੱਟ ਕੇ ਇਕ ਤਰ੍ਹਾਂ ਨਾਲ ਆਪਣੀ ਮਾਨਸਿਕ ਗੁਲਾਮੀ ਦਾ ਬਹੁਤ ਹੀ ਫੁਹੜ ਕਿਸਮ ਨਾਲ ਕਥਾਰਸਿਸ ਕਰਦੇ। ਸਤਿਗੁਰਾਂ ਨੇ 'ਹੋਲੀ' ਨੂੰ 'ਹੋਲੇ ਮਹੱਲੇ' ਦਾ ਰੂਪ ਦੇ ਕੇ ਇਸ ਨੂੰ ਮਨਾਉਣ ਦਾ ਰੰਗ-ਢੰਗ ਹੀ ਬਦਲ ਦਿੱਤਾ। ਇਹ ਤਿਉਹਾਰ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਗਿਆ। ਇਸ ਕਰ ਕੇ ਖ਼ਾਲਸਾ-ਪੰਥ ਦੇ ਇਤਿਹਾਸ ਵਿਚ 'ਹੋਲਾ ਮਹੱਲਾ' ਤਿਉਹਾਰ ਦੇ ਮੰਤਵ ਤੇ ਉਦੇਸ਼ ਬੜੇ ਉਸਾਰੂ ਤੇ ਸਾਰਥਿਕ ਹਨ।
ਸਿੱਖ ਵਿਕੀਪੀਡੀਆ ਮੁਤਾਬਿਕ, ''ਹੋਲਾ ਤੇ ਮਹੱਲਾ ਦੋ ਵੱਖ-ਵੱਖ ਸ਼ਬਦ ਹਨ। 'ਹੋਲਾ' ਅਰਬੀ ਭਾਸ਼ਾ ਅਤੇ 'ਮਹੱਲਾ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਹੋਲ, ਹੂਲ ਤੇ ਹੋਲਾ ਮਹੱਲਾ ਆਦਿ ਰਲਦੇ-ਮਿਲਦੇ ਸ਼ਬਦ ਹਨ। ਅਰਬੀ ਭਾਸ਼ਾ ਦਾ ਇਕ ਸ਼ਬਦ ਹੈ 'ਹੂਲ' ਜਿਸ ਦੇ ਅਰਥ ਨੇਕ ਅਤੇ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ 'ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ 'ਤੇ ਚੱਲਣਾ ਕੀਤੇ ਜਾਂਦੇ ਹਨ। ਦਸਮੇਸ਼ ਪਿਤਾ ਜੀ ਨੇ ਨਿਘਾਰ ਵੱਲ ਜਾ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਸਵੈਮਾਣ ਮਹਿਸੂਸ ਕਰਵਾਉਣ ਲਈ ਉਨ੍ਹਾਂ ਵਿਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਲਈ ਉਨ੍ਹਾਂ ਨੇ ਚਰਨ-ਪਾਹੁਲ ਦੀ ਥਾਂ ਖੰਡੇ-ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚਲਿਤ ਕੀਤਾ।” ਡਾ. ਵਣਜਾਰਾ ਬੇਦੀ ਨੇ 'ਮੁਹੱਲਾ' ਨੂੰ ਅਰਬੀ ਦੇ ਸ਼ਬਦ ਮਹਲੱਹੇ ਦਾ ਤਦਭਵ ਦੱਸਿਆ ਹੈ। ਇਸ ਦਾ ਭਾਵ ਉਸ ਸਥਾਨ ਤੋਂ ਹੈ ਜਿੱਥੇ 'ਫ਼ਤਹਿ' ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। 
ਖ਼ਾਲਸੇ ਵਲੋਂ ਹੋਲਾ ਤਲਵਾਰਾਂ, ਬਰਛਿਆਂ ਅਤੇ ਨੇਜ਼ਿਆਂ ਨਾਲ ਖੇਡਿਆ ਜਾਂਦਾ ਹੈ। ਹੋਲੀ ਦਾ ਇਹ ਬਦਲ ਹੋਲੇ-ਮਹੱਲੇ ਦੇ ਰੂਪ ਵਿਚ ਦਰਅਸਲ ਭਵਿੱਖ ਵਿਚ ਹੋਣ ਵਾਲੀ ਆਜ਼ਾਦੀ ਦੀ ਉਸ ਜੰਗ ਦੇ ਅਭਿਆਸ ਵੱਜੋਂ ਸੀ, ਜੋ ਗੁਰੂ ਪਿਤਾ ਦੀ 'ਲੰਮੀ-ਨਦਰਿ' ਬਹੁਤ ਦੂਰੋਂ ਦੇਖ ਰਹੀ ਸੀ। ਮੁਗਲਈਆ ਸਲਤਨਤ ਤੋਂ ਆਜ਼ਾਦੀ ਵਾਸਤੇ ਖਾਲਸੇ ਨੂੰ ਯੁੱਧ-ਵਿੱਦਿਆ ਵਿਚ ਪ੍ਰਬੀਨ ਹੋਣਾ ਪੈਣਾ ਸੀ। ਇਸ ਲਈ ਗੁਰੂ ਦੇ ਦਰਬਾਰ ਵਿਚ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਬੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਅਤੇ ਅਨੇਕ ਤਰ੍ਹਾਂ ਦੀਆਂ ਫੌਜੀ ਮਸ਼ਕਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿਣਾ ਲਾਜ਼ਮੀ ਸੀ। ਗੁਰੂ ਸਾਹਿਬ ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਖੁਦ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ। ਇਸ ਵਿਚ ਪੈਦਲ ਅਤੇ ਘੋੜ-ਸਵਾਰ ਸ਼ਸਤਰਧਾਰੀ ਸਿੰਘ ਦੋ ਦਲ ਬਣਾ ਕੇ ਇਕ ਖਾਸ ਥਾਂ ਉਤੇ ਹਮਲਾ ਕਰਦੇ ਅਤੇ ਅਨੇਕ ਪ੍ਰਕਾਰ ਦੇ ਜੰਗੀ ਕਰਤੱਬ ਦਿਖਾਉਂਦੇ ਸਨ। 
ਗੁਰੂ ਕਾਲ ਤੋਂ ਚਲੀ ਆ ਰਹੀ ਇਹੋ ਰਵਾਇਤ ਅੱਜ ਵੀ ਗੁਰੂ ਦੇ ਖਾਲਸੇ ਵਿਚ ਚੜ੍ਹਦੀ ਕਲਾ ਦਾ ਸੰਚਾਰ ਕਰਦੀ ਆ ਰਹੀ ਹੈ। ਸਿੱਖ ਕੌਮ ਦੀ ਹਮੇਸ਼ਾ ਆਜ਼ਾਦੀ ਲਈ ਤਾਂਘ ਤੇ ਪਾਤਸ਼ਾਹੀ ਦਾਅਵੇਦਾਰੀ ਇਸ ਤਿਉਹਾਰ ਨੂੰ ਜਾਹੋ-ਜਲਾਲ ਨਾਲ ਮਨਾਉਣ ਦੇ ਰੂਪ ਵਿਚ ਅੱਜ ਵੀ ਰੂਪਮਾਨ ਹੁੰਦੀ ਹੈ। ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਪੁੱਜ ਕੇ ਬੜੇ ਉਤਸ਼ਾਹ ਤੇ ਜੋਸ਼ ਨਾਲ ਇਹ ਪਵਿੱਤਰ ਤਿਉਹਾਰ ਮਨਾਉਂਦੀਆਂ ਹਨ। ਖਾਲਸੇ ਦੇ ਇਸ ਜੰਗਜੂ ਤਿਉਹਾਰ ਮੌਕੇ ਦੇਸ਼-ਵਿਦੇਸ਼ ਵਿਚ ਵਸਦੇ ਖਾਲਸਾ ਪੰਥ ਨੂੰ ਮੁਬਾਰਕਵਾਦ ਦੇਣ ਦੇ ਨਾਲ-ਨਾਲ ਗੁਰੂ ਪਿਤਾ ਵੱਲੋਂ ਦ੍ਰਿੜ੍ਹਾਏ ਗਏ ਸਬਕ ਦੀ ਯਾਦ ਦਿਵਾਈ ਜਾਣੀ ਵੀ ਲਾਜ਼ਮੀ ਬਣਦੀ ਹੈ। ਆਪਣੇ ਸ਼ਾਨਾਂਮੱਤੇ ਇਤਿਹਾਸ ਅਤੇ ਗੌਰਵਮਈ ਕੁਰਬਾਨੀਆਂ ਵਾਲੇ ਵਿਰਸੇ ਦੀ ਲੋਅ ਵਿਚ ਹੀ ਮੰਜ਼ਿਲ ਵੱਲ ਅੱਗੇ ਵਧਿਆ ਜਾ ਸਕਦਾ ਹੈ।