ਕੋਰੋਨਾ ਪੰਜਾਬ ਰਿਪੋਰਟ: ਹਜ਼ੂਰ ਸਾਹਿਬ ਤੋਂ ਪਰਤੀਆਂ ਸੰਗਤਾਂ ਦੇ ਟੈਸਟ ਪਾਜ਼ੇਟਿਵ, ਨਹੀਂ ਦਿਸੇ ਕੋਰੋਨਾ ਦੇ ਲੱਛਣ

ਕੋਰੋਨਾ ਪੰਜਾਬ ਰਿਪੋਰਟ: ਹਜ਼ੂਰ ਸਾਹਿਬ ਤੋਂ ਪਰਤੀਆਂ ਸੰਗਤਾਂ ਦੇ ਟੈਸਟ ਪਾਜ਼ੇਟਿਵ, ਨਹੀਂ ਦਿਸੇ ਕੋਰੋਨਾ ਦੇ ਲੱਛਣ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਚ ਬੀਤੇ ਕੱਲ੍ਹ ਕੋਰੋਨਾਵਾਇਰਸ ਦੇ 9 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਜਿਸ ਨਾਲ ਪੰਜਾਬ ਵਿਚ ਕੁੱਲ ਮਾਮਲਿਆਂ ਦੀ ਗਿਣਤੀ 331 ਹੋ ਗਈ ਹੈ। ਬੀਤੇ ਕੱਲ੍ਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਵਿਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁਰ ਸਿੰਘ ਨਾਲ ਸਬੰਧਤ 5 ਲੋਕਾਂ ਦੇ ਕੋਰੋਨਾਵਾਇਰਸ ਟੈਸਟ ਪਾਜ਼ੇਟਿਵ ਆਏ ਹਨ। ਇਹਨਾਂ ਸਾਰੇ ਲੋਕਾਂ ਦੀ ਉਮਰ 45 ਤੋਂ 62 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਤਰਨਤਾਰਨ ਜ਼ਿਲ੍ਹੇ ਵਿਚ ਹੀ ਸਿਵਲ ਹਸਪਤਾਲ ਵਿਖੇ ਇਕ ਬੱਚੇ ਨੂੰ ਜਨਮ ਦੇਣ ਵਾਲੀ ਮਾਤਾ ਦਾ ਕੋਰੋਨਾਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਇਸ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਵਿਚ ਬੀਤੇ ਕੱਲ੍ਹ 6 ਮਾਮਲੇ ਦਰਜ ਕੀਤੇ ਗਏ। 

ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਵਿਚ ਵੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਵਿਚੋਂ ਇਕ ਪਰਿਵਾਰ ਦੇ ਤਿੰਨ ਜੀਆਂ ਦੇ ਟੈਸਟ ਪਾਜ਼ੇਟਿਵ ਆਏ ਹਨ। ਇਹਨਾਂ ਵਿਚ ਇਕ 11 ਸਾਲ ਦੀ ਬੱਚੀ, ਉਸਦੇ 38 ਸਾਲਾ ਪਿਤਾ ਅਤੇ 58 ਸਾਲਾਂ ਦੀ ਦਾਦੀ ਹੈ।

ਪੰਜਾਬ ਸਰਕਾਰ ਨੇ ਹਜ਼ੂਰ ਸਾਹਿਬ ਤੋਂ ਵਾਪਸ ਆ ਰਹੀ ਸਾਰੀ ਸੰਗਤ ਦੇ ਟੈਸਟ ਕਰਾਉਣ ਦੇ ਹੁਕਮ ਕੀਤੇ ਹਨ। ਜ਼ਿਕਰਯੋਗ ਹੈ ਕਿ ਲਾਕਡਾਊਨ ਕਾਰਨ ਸਿੱਖ ਸੰਗਤ ਹਜ਼ੂਰ ਸਾਹਿਬ ਵਿਖੇ ਰਹਿ ਗਈ ਸੀ ਜਿਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਬੱਸਾਂ ਭੇਜ ਕੇ ਪੰਜਾਬ ਲਿਆਂਦਾ ਜਾ ਰਿਹਾ ਹੈ। ਇੱਥੇ ਇਹ ਵੀ ਧਿਆਨਦੇਣ ਯੋਗ ਹੈ ਕਿ ਇਹਨਾਂ ਸੰਗਤਾਂ ਵਿਚ ਕੋਰੋਨਾਵਾਇਰਸ ਦੇ ਕੋਈ ਲੱਛਣ ਦਰਜ਼ ਨਹੀਂ ਕੀਤੇ ਗਏ। ਇਸ ਲਈ ਹੁਣ ਹਜ਼ੂਰ ਸਾਹਿਬ ਤੋਂ ਪਰਤਣ ਵਾਲੀਆਂ ਸਾਰੀਆਂ ਸੰਗਤਾਂ ਦੇ ਟੈਸਟ ਕਰਾਉਣ ਦਾ ਐਲਾਨ ਕੀਤਾ ਗਿਆ ਹੈ। 

ਪੰਜਾਬ ਦੇ ਸਿਹਤ ਮਹਿਕਮੇ ਦੇ ਅੰਕੜਿਆਂ ਮੁਤਾਬਕ ਹੁਣ ਤਕ ਪੰਜਾਬ ਵਿਚ 15,516 ਸੈਂਪਲ ਜਾਂਚ ਲਈ ਲਏ ਗਏ ਸਨ ਜਿਹਨਾਂ ਵਿਚੋਂ 12,333 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 2853 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਹੁਣ ਤਕ 331 ਪਾਜ਼ੇਟਿਵ ਮਾਮਲਿਆਂ ਵਿਚੋਂ 98 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 19 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਟੈਸਟ ਕਰਨ ਦੀ ਹੌਲੀ ਗਤੀ 'ਤੇ ਸਵਾਲ ਚੁੱਕੇ ਗਏ ਸਨ ਜਿਸ ਮਗਰੋਂ ਸਰਕਾਰ ਨੇ ਜਾਂਚ ਕੇਂਦਰਾਂ ਦੀ ਖਿਚਾਈ ਕੀਤੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।