ਕਰੋਨਾ ਮਹਾਂਮਾਰੀ : ਨਵੇਂ ਸੱਭਿਆਚਾਰ ਦੀ ਕਨਸੋ

ਕਰੋਨਾ ਮਹਾਂਮਾਰੀ : ਨਵੇਂ ਸੱਭਿਆਚਾਰ ਦੀ ਕਨਸੋ
ਡਾ. ਸ਼ਿਆਮ ਸੁੰਦਰ ਦੀਪਤੀ
 
ਪਿਛਲੇ ਛੇ ਸਾਲ ਤੋਂ ਵਿਸ਼ੇਸ਼ ਕਰਕੇ, ਅਸੀਂ ਕਈ ਤਬਦੀਲੀਆਂ ਮਹਿਸੂਸ ਕਰ ਸਕਦੇ ਹਾਂ, ਪਰ ਹੁਣ ਤਕਰੀਬਨ ਚਾਰ ਮਹੀਨੇ ਤੋਂ ਕੋਰੋਨਾ ਮਹਾਂਮਾਰੀ ਨੇ ਕਈ ਨਵੇਂ ਰਾਹਾਂ ’ਤੇ ਪਾਉਣ ਲਈ ਰਾਹ ਖੋਲ੍ਹੇ ਹਨ ਤੇ ਇੱਕ ਵਿਸ਼ਵੀ ਸੱਭਿਆਚਾਰ ਵੱਲ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਉਂ ਜੋ ਬੀਮਾਰੀ ਦਾ ਸੁਭਾਅ ਗਲੋਬਲੀ ਹੈ।
 
ਕਰੋਨਾ ਦੀ ਸ਼ੁਰੂਆਤ ਵੇਲੇ ਸਭ ਤੋਂ ਪਹਿਲਾਂ ਜੋ ਨਿਰਦੇਸ਼ ਆਏ, ਉਹ ਸੀ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ। ਫਿਰ ਸੈਨੇਟਾਈਜ਼ਰ ਦੀ ਥਾਂ ਆਮ ਸਾਬਣ ਨਾਲ ਹੱਥ ਧੋਣ ਦੀ ਗੱਲ ਹੋਈ। ਇਹ ਸਾਡੀਆਂ ਸਿਹਤਮੰਦ ਆਦਤਾਂ ਦੇ ਹਿੱਸੇ ਵਜੋਂ ਪਹਿਲਾਂ ਹੀ ਮੌਜੂਦ ਸੀ, ਪਰ ਇਸ ਨੂੰ ਕੁਝ ਸੰਜੀਦਾ ਹੋ ਕੇ ਅਪਣਾਇਆ ਜਾਣ ਲੱਗਾ। ਇਸ ਤੋਂ ਅਗਲੀ ਸਮਝ ਤਹਿਤ ਛੇ ਫੁੱਟ ਦੀ ਦੂਰੀ ਦੀ ਗੱਲ ਆਈ, ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਇਸ ਨੂੰ ਪੇਂਡੂ ਸਮਝ ਦੇ ਹਾਣ ਦਾ ਬਣਾਉਂਦੇ ਹੋਏ ਸੰਗੀਤਕ ਵਾਕ ਵਿੱਚ ਪੇਸ਼ ਕੀਤਾ, ‘ਦੋ ਗਜ਼ ਦੂਰੀ, ਬਹੁਤ ਜ਼ਰੂਰੀ’ ਅਤੇ ਇਨ੍ਹਾਂ ਦੋਹਾਂ ਪੱਖਾਂ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਸਲਾਹ ਵੀ ਦਿੱਤੀ।
 
ਤਾਲਾਬੰਦੀ ਵਾਲੇ ਦੌਰ ਤੋਂ ਹੌਲੀ-ਹੌਲੀ ਰਾਹਤ ਮਿਲ ਰਹੀ ਹੈ, ਪਰ ਇਨ੍ਹਾਂ ਦੋਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਦੇ ਨਿਰਦੇਸ਼ ਵੀ ਹੋਏ ਹਨ। ਕੁਝ ਲੋਕਾਂ ਨੇ ਇਸ ਨੂੰ ਆਦਤ ਵੀ ਬਣਾ ਲਿਆ। ਵੈਸੇ ਵੀ ਇੱਕ ਮਨੋਵਿਗਿਆਨਕ ਅਧਿਐਨ ਹੈ ਕਿ ਤਿੰਨ ਹਫ਼ਤੇ ਤਕ ਕਿਸੇ ਵੀ ਆਦਤ ਨੂੰ ਅਪਣਾਇਆ ਜਾਵੇ, ਉਹ ਜੀਵਨ ਵਿੱਚ ਢਲ ਜਾਂਦੀ ਹੈ।
 
ਜੇ ਆਪਣੇ ਇਸ ਮੁਲਕ ਦੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਹ ਦੂਰੀ ਸਾਡੀ ਰਵਾਇਤ ਨਹੀਂ ਹੈ। ਵਿਦੇਸ਼ੀ- ਪੱਛਮੀ, ਭੱਜ-ਨੱਠ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਦੂਰੋਂ-ਦੂਰੋਂ ਗੱਲ ਕਰਨੀ, ਕੰਮ ਦੀ ਗੱਲ ਕਰਨੀ, ਜ਼ਰੂਰ ਅਪਣਾਏ ਗਏ ਹਨ, ਪਰ ਸਾਡੇ ਵਰਗੇ ਖੇਤੀ ਪ੍ਰਧਾਨ ਦੇਸ਼ ਵਿੱਚ ਫ਼ਸਲ ਦੀ ਬਿਜਾਈ ਅਤੇ ਕਟਾਈ ਦੇ ਹੱਡ-ਭੰਨਵੇਂ, ਲੰਮੇ ਕਾਰਜ ਤੋਂ ਬਾਅਦ, ਕੁਝ ਸਮਾਂ ਸੱਥ ਲਈ ਹੁੰਦਾ ਹੈ, ਮਿਲ ਬੈਠਣ ਦਾ ਤੇ ਗੱਪ-ਸ਼ੱਪ ਦਾ ਹੁੰਦਾ ਹੈ।
 
ਪਿਛਲੇ ਕੁਝ ਸਾਲਾਂ ’ਤੇ ਝਾਤੀ ਮਾਰੀਏ ਤਾਂ ਸਮਾਰਟ ਫੋਨ ਅਤੇ ਇੰਟਰਨੈੱਟ ਦੇ ਫੈਲਾਅ ਨੇ ਘਰ ਦੇ ਚਾਰ ਜੀਆਂ ਨੂੰ ਚਾਰੇ ਨੁੱਕਰਾਂ ਵਿੱਚ ਵਾੜ ਦਿੱਤਾ ਹੈ। ਹੁਣ ਇਹੀ ਵਰਤਾਰਾ ਵਿਧਾਨਕ ਆਦੇਸ਼ ਬਣ ਕੇ ਸਾਡੇ ਜੀਵਨ ਵਿੱਚ ਦਾਖ਼ਲ ਹੋ ਰਿਹਾ ਹੈ। ਤੁਸੀਂ ਸੋਚੋ ਕਿ ਕਿਸੇ ਵੀ ਦੁਕਾਨ, ਮਾਲ ਜਾਂ ਅਜਿਹੀ ਥਾਂ ’ਤੇ ਮਾਸਕ ਪਾ ਕੇ, ਇੱਕ-ਦੂਸਰੇ ਨੂੰ ਪਛਾਨਣ ਤੇ ਫਿਰ ਛੇ ਫੁੱਟ ’ਤੇ ਖੜ੍ਹ ਕੇ ਕੁਝ ਸਾਂਝ ਪਾਉਣੀ ਕਿੰਨੀ ਕੁ ਸਹਿਜ ਰਹਿ ਜਾਵੇਗੀ। ਇਸ ਤਰ੍ਹਾਂ ਹਾਲ-ਚਾਲ ਪੁੱਛਣ ਦਾ ਰਵਾਇਤੀ ਢੰਗ ਹੈਲੋ, ਹਾਏ, ਓ.ਕੇ. ਵਿੱਚ ਸਿਮਟ ਕੇ ਰਹਿ ਜਾਵੇਗਾ।
 
ਜੀਵ ਵਿਕਾਸ ਦੀ ਲੜੀ ਵਿੱਚ ਅਸੀਂ ਸੋਸ਼ਲ ਹੋਏ ਹਾਂ, ਅਸੀਂ ਆਪਣੇ ਨਾਲ ਸਮਾਜਿਕ ਪ੍ਰਾਣੀ ਦਾ ਵਿਸ਼ੇਸ਼ਣ ਲਗਾਇਆ ਹੈ। ਸਾਡੇ ਤੋਂ ਪਿਛਲੀ ਪੌੜੀ ’ਤੇ ਖੜ੍ਹੇ ਜੀਵ ਇਕੱਠੇ ਜ਼ਰੂਰ ਰਹਿੰਦੇ ਹਨ, ਪਰ ਉਹ ਝੁੰਡ ਹਨ। ਅਸੀਂ ਸਮਾਜ ਬਣਾਇਆ, ਜੇਕਰ ਸਹੀ ਅਰਥਾਂ ਵਿੱਚ ਸਮਝੀਏ ਤਾਂ ਸਾਡੇ ਅੰਦਰ ਵਿਕਸਤ ਹੋਈ ਸਵੈ-ਚੇਤਨਾ ਨੇ, ਆਲੇ-ਦੁਆਲੇ ਪ੍ਰਤੀ ਸੁਚੇਤ ਹੋਣ ਦੀ ਕਾਬਲੀਅਤ ਨੇ ਅਤੇ ਆਪਸ ਵਿੱਚ ਇੱਕ-ਦੂਸਰੇ ਨੂੰ ਮਿਲਣ ਦੀ ਚਾਹਤ ਨੇ ਸਮਾਜ ਬਣਾਉਣ ਲਈ ਪ੍ਰੇਰਿਆ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਮਿਲਣਾ, ਮਦਦ ਕਰਨਾ, ਕੋਈ ਸਮਾਜਿਕ ਨੇਮ ਨਹੀਂ ਹੈ, ਇਹ ਸਾਡੀ ਸਰੀਰਕ ਬਣਤਰ ਦਾ ਕੁਦਰਤੀ ਹਿੱਸਾ ਹੈ।
 
ਵਿਸ਼ਵ ਸਿਹਤ ਸੰਸਥਾ ਨੇ ਆਪਣੀ ਕਾਇਮੀ ਤੋਂ ਬਾਅਦ 1948 ਵਿੱਚ ਸਿਹਤ ਦੀ ਵਿਆਖਿਆ ਕਰਦਿਆਂ ਇਸ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਪੱਖੋਂ ਨਰੋਏ ਹੋਣ ਤਹਿਤ ਲਿਆ। ਸਮਾਜਿਕ ਸਿਹਤ ਤਹਿਤ, ਨਰੋਏ ਰਿਸ਼ਤੇ, ਸਬੰਧਾਂ ਦੇ ਧੜਕਦੇ-ਥਿੜਕਦੇ ਹੋਣ ਦੀ ਭਾਵਨਾ ਹੈ। ਇਹ ਤਿੰਨੋਂ ਪੱਖ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਤੇ ਹੁੰਦੇ ਹਨ। ਇਸ ਸਮਾਜਿਕ/ਸਰੀਰਕ ਦੂਰੀ ਨੂੰ ਰਵਾਇਤ ਬਣਾ ਕੇ, ਅਸੀਂ ਗ਼ੈਰ-ਕੁਦਰਤੀ ਕਾਰਜ ਕਰਨ ਵੱਲ ਵਧ ਰਹੇ ਹਾਂ।
 
ਸਾਡੇ ਸਰੀਰ ਅੰਦਰ, ਖ਼ੁਸ਼ੀ ਨਾਲ ਜੁੜੇ ਚਾਰ ਹਾਰਮੋਨਜ਼ ਹਨ। ਡੋਪਾਸੀਨ, ਐਂਡਰੋਫਿਨ, ਔਕਸੀਟੋਸਿਨ ਅਤੇ ਸਿਰੋਟਾਨਿਨ। ਇਹ ਕੁਦਰਤੀ ਤੌਰ ’ਤੇ ਉਦੋਂ ਪੈਦਾ ਹੁੰਦੇ ਹਨ, ਜਦੋਂ ਅਸੀਂ ਆਪਸ ਵਿੱਚ ਮਿਲਦੇ ਹਾਂ, ਇੱਕ ਦੂਸਰੇ ਤੋਂ ਕੁਝ ਲੈਂਦੇ ਤੇ ਦਿੰਦੇ ਹਾਂ, ਕਿਸੇ ਦੀ ਮਦਦ ਕਰਦੇ ਹਾਂ, ਇੱਕ ਦੂਸਰੇ ਨੂੰ ਛੂੰਹਦੇ ਹਾਂ, ਹੱਥ ਮਿਲਾਉਂਦੇ, ਗੱਲਵਕੜੀ ਪਾਉਂਦੇ ਹਾਂ। ਮਾਂ ਬੱਚੇ ਨੂੰ ਪਾਲਦੀ, ਦੁੱਧ ਪਿਲਾਉਂਦੀ ਹੈ। ਉਸ ਦਾ ਇਹ ਕਾਰਜ ਖ਼ੁਸ਼ੀ ਅਤੇ ਆਨੰਦ ਦਿੰਦਾ ਹੈ ਤੇ ਔਕਸੀਟੋਸਿਨ ਹਾਰਮੋਨ ਨਾਲ ਜੁੜਿਆ ਹੈ।
 
ਕਰੋਨਾ ਮਹਾਮਾਰੀ ਦੇ ਇਸ ਦੌਰ ਤੋਂ ਅੱਗੇ ਅਸੀਂ ਕਿਸ ਸੱਭਿਆਚਾਰ ਵੱਲ ਵਧ ਰਹੇ ਹਾਂ? ਹਰ ਮੇਲ-ਮਿਲਾਪ ਤੁਹਾਨੂੰ ਨਵੀਂ ਊਰਜਾ ਦਿੰਦਾ ਹੈ। ਮੇਲ-ਮਿਲਾਪ ਨਾਲ ਇਹ ਗਿਆਨ ਹੁੰਦਾ ਹੈ ਕਿ ਅਸੀਂ ਸਾਰੇ ਇੱਕ ਰੂਪ ਹਾਂ। ਵਿਅਕਤੀ ਅੰਦਰ ਪਏ-ਪਸਰੇ, ਨਿਵੇਕਲੇ ਅਤੇ ਮਹਾਨ ਹੋਣ ਦਾ ਭਰਮ ਟੁੱਟਦਾ ਹੈ ਤੇ ਇਕਜੁੱਟ ਹੋਣ ਦੀ ਸ਼ੁਰੂਆਤ ਹੁੰਦੀ ਹੈ। ਕੀ ਕਰੋਨਾ ਕਾਲ ਦੌਰਾਨ ਤਾਲਾਬੰਦੀ ਅਤੇ ਇਹ ਦੂਰੀ ਵਾਲੇ ਬਦਲਾਓ ਨੂੰ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਕੇ ਸਭ ਨੂੰ ਆਪੋ-ਆਪਣੇ ਕਕੂਨ ਵਿੱਚ ਸਮੇਟ ਕੇ, ਸਾਂਝੀ ਸਿਆਣਪ ਅਤੇ ਮਿਲ ਕੇ ਚੰਗੇ ਸੁਪਨੇ ਸਿਰਜਣ ਦੀ ਕੋਸ਼ਿਸ਼ ਨੂੰ ਖੋਰਾ ਤਾਂ ਨਹੀਂ ਲਗਾਇਆ ਜਾ ਰਿਹਾ, ਇਸ ਪ੍ਰਤੀ ਜ਼ਰੂਰ ਸੁਚੇਤ ਰਹਿਣ ਦੀ ਲੋੜ ਹੈ।
 
ਇਸੇ ਤਰਜ ’ਤੇ, ਇੱਕ ਜੋ ਹੋਰ ਤਬਦੀਲੀ ਅਸੀਂ ਦੇਖਣ ਜਾ ਰਹੇ ਹਾਂ ਜਾਂ ਕਹੀਏ ਸਾਡੇ ਜੀਵਨ ਦਾ ਹਿੱਸਾ ਬਣਾਉਣ ਦੀ ਵਿਉਂਤ ਬਣ ਰਹੀ ਹੈ ਤੇ ਪੁਰਜ਼ੋਰ ਕੋਸ਼ਿਸ਼ ਹੋ ਰਹੀ ਹੈ ਕਿ ਅਸੀਂ ਘਰ ਬੈਠ ਕੇ, ਹਰ ਕੰਮ ਨੂੰ ਨਿਪਟਾਉਣ ਅਤੇ ਖੁਦ ਨੂੰ ਘਰ ਦੀ ਚਾਰਦੀਵਾਰੀ ਤਕ ਮਹਿਦੂਦ ਕਰ ਲਈਏ। ਕੋਰੋਨਾ ਕਾਲ, ਇਸ ਪ੍ਰਵਿਰਤੀ ਲਈ ਇੱਕ ਢੁੱਕਵਾਂ ਮਾਹੌਲ ਬਣਾ ਰਿਹਾ ਹੈ।
 
‘ਤੁਹਾਡੀ ਸਿਹਤ ਸਾਡੀ ਪਹਿਲੀ ਚਿੰਤਾ ਹੈ, ਘਰ ਬੈਠੇ ਹੀ ਆਪਣੇ ਫੋਨ ਨੂੰ ਸਾਡੀ ਐਪ ਤੋਂ ਰੀਚਾਰਜ ਕਰਵਾਓ।’ ‘ਆਫਿਸ ਘਰ ਆ ਗਿਆ ਹੈ, ਦੋਸਤਾਂ ਨਾਲ ਵੀ ਗੱਪ-ਸ਼ੱਪ ਹੋ ਗਈ ਹੈ, ਸਾਡੀ ਕਿਸ਼ਤ ... ਇਕ ਮਿੰਟ ਤੋਂ ਵੀ ਘੱਟ। ਸਮਾਂ ਬਚਾਓ ਘਰੇ ਰਹੋ, ਸੁਰੱਖਿਅਤ ਰਹੋ।’ ਆਦਿ ਸੁਨੇਹੇ, ਇਸ਼ਤਿਹਾਰ ਹੁਣ ਲਗਾਤਾਰ ਆ ਰਹੇ ਹਨ, ਜੋ ਪਹਿਲਾਂ ਕਦੇ-ਕਦੇ ਆਉਂਦੇ ਸਨ। ਪਹਿਲੇ ਦੌਰ ਵਿੱਚ ਤਾਲਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮਕਸਦ ਨਾਲ ਕੁਝ ਕੁ ਜ਼ਰੂਰੀ ਵਸਤੂਆਂ ਜਿਵੇਂ ਰਾਸ਼ਨ, ਦੁੱਧ, ਸਬਜ਼ੀ ਅਤੇ ਦਵਾਈਆਂ ਘਰੇ ਪਹੁੰਚਾਉਣ ਦਾ ਪ੍ਰਬੰਧ ਕਰਨ ਨੂੰ ਕਿਹਾ ਗਿਆ। ਪਰ ਕੁਝ ਦੁਕਾਨਦਾਰ ਮੁਕਾਬਲੇ ਦੀ ਭਾਵਨਾ ਤਹਿਤ ਪਹਿਲਾਂ ਹੀ ਰਾਸ਼ਨ ਦੀ ਹੋਮ ਡਿਲੀਵਰੀ ਕਰਨ ਲੱਗ ਪਏ ਹਨ ਅਤੇ ਦੁੱਧ, ਸਬਜ਼ੀ ਤਾਂ ਗਲੀ-ਗਲੀ, ਘਰ-ਘਰ ਪਹੁੰਚਾਉਣ ਦਾ ਸਾਡਾ ਸੱਭਿਆਚਾਰ ਹੈ ਹੀ। ਪਿਛਲੇ ਕੁਝ ਕੁ ਸਾਲਾਂ ਤੋਂ ‘ਡਿਜੀਟਲ ਇੰਡੀਆ’ ਦੇ ਸੰਕਲਪ ਨੂੰ ਅਪਨਾਉਣ ਲਈ ਕਈ ਨਵੀਆਂ ਐਪਜ਼ ਆਈਆਂ ਹਨ। ਬਿਜਲੀ ਦੇ ਬਿੱਲ, ਬੈਂਕ ਦੇ ਭੁਗਤਾਨ ਆਦਿ ਲਈ ਲੰਮੀਆਂ ਲਾਈਨਾਂ ਤੋਂ ਛੁਟਕਾਰਾ ਮਿਲਿਆ ਹੈ। ਉਂਜ ਇਹ ਵਿਵਸਥਾ ‘ਕੈਸ਼ਲੈੱਸ ਸੁਸਾਇਟੀ’ ਵੱਲ ਲਿਜਾਣ ਦੀ ਕੋਸ਼ਿਸ਼ ਵੱਧ ਸੀ।
 
ਕੁਝ ਸਮੇਂ ਤੋਂ ਕੰਪਨੀਆਂ ਨੇ ਆਪਣੇ ਕੁਝ ਕੁ ਕੰਮ ਇੰਟਰਨੈੱਟ ’ਤੇ ਕਰਵਾਉਣ ਲਈ ‘ਘਰ ਬੈਠ ਕੇ ਕਮਾਓ’ ਦੀ ਨਵੀਂ ਵਿਵਸਥਾ ਨੂੰ ਜਨਮ ਦਿੱਤਾ ਹੈ ਤੇ ਹੁਣ ਕੁਝ ਕੁ ਸਾਲਾਂ ਵਿੱਚ ‘ਈ-ਕਾਮਰਸ’ ਦਾ ਕਾਫ਼ੀ ਦਬਦਬਾ ਬਣ ਗਿਆ ਹੈ। ਪਹਿਲਾਂ ਤਾਂ ਕੁਝ ਕੁ ਭਾਰਤੀ ਕੰਪਨੀਆਂ ਹੀ ਸਨ, ਪਰ ਹੁਣ ਕੁਝ ਕੌਮਾਂਤਰੀ ਕੰਪਨੀਆਂ ਨੇ ਤਾਂ ਇਸ ਨੂੰ ਕਾਫੀ ਵਿਸਥਾਰ ਦੇ ਦਿੱਤਾ ਹੈ। ਤਕਰੀਬਨ ਹਰ ਚੀਜ਼ ਘਰ ਪਹੁੰਚਾਈ ਜਾ ਰਹੀ ਹੈ, ਫਰਿੱਜ, ਟੀਵੀ. ਤੋਂ ਲੈ ਕੇ ਬੂਟ-ਚੱਪਲਾਂ ਤਕ। ਭਾਵੇਂ ਇਹ ਸਾਡੇ ਦੇਸ਼ ਦੇ ਆਰਥਿਕ ਸੱਭਿਆਚਾਰ ਤਹਿਤ ਇੱਕ ਟਕਰਾਓ ਦੀ ਹਾਲਤ ਬਣਦੀ ਹੈ, ਜਿੱਥੇ ਕਰੋੜਾਂ ਲੋਕ ਗਲੀ-ਮੁਹੱਲਿਆਂ ਅਤੇ ਪਿੰਡਾਂ ਵਿੱਚ ਆਪਣੀ ਰੋਜ਼ੀ-ਰੋਟੀ ਇਨ੍ਹਾਂ ਨਿੱਕੇ-ਮੋਟੇ ਸਾਮਾਨ ਦੀ ਵਿਕਰੀ ਰਾਹੀਂ ਕਮਾਉਂਦੇ ਹਨ।
 
ਤਾਲਾਬੰਦੀ ਦੇ ਦੂਸਰੇ ਪੜਾਅ ’ਤੇ ਆ ਕੇ, ਹੋਰ ਦੋ ਹਫ਼ਤੇ ਵਧਾਏ ਗਏ ਤੇ ਨਾਲ ਹੀ ਇਹ ਪ੍ਰਭਾਵ ਵੀ ਪੈਣ ਲੱਗਿਆ ਕਿ ਪਤਾ ਨਹੀਂ, ਇਹ ਹਾਲਾਤ ਕਿੰਨਾ ਚਿਰ ਰਹਿਣੇ ਹਨ। ਇਸ ਮਗਰੋਂ ਦੇਸ਼ ਦੇ ਵਿੱਦਿਅਕ ਅਦਾਰਿਆਂ ਨੇ ‘ਈ-ਲਰਨਿੰਗ’ ਦਾ ਜ਼ਰੀਆ ਲੱਭਿਆ। ਇਨ੍ਹਾਂ ਦਿਨਾਂ ਦੌਰਾਨ ਉੱਚ ਸਿੱਖਿਆ ਦੇ ਦਾਖ਼ਲੇ ਲਈ ਤਿਆਰੀ ਵਾਸਤੇ ਵੀ ਕਈ ਸੰਸਥਾਵਾਂ ਨੇ ਡਿਸਟੈਂਸ ਲਰਨਿੰਗ ਰਾਹੀਂ ਤਿਆਰੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।
 
ਇੱਕ ਵਾਰੀ ਫਿਰ ਇਹ ਗੱਲ ਸਮਝਾਉਣ-ਉਭਾਰਨ ਦੀ ਲੋੜ ਹੈ ਕਿ ਸਾਡੇ ਵਰਗੇ ਮੁਲਕ ਵਿੱਚ ਜਿੱਥੇ ਆਰਥਿਕ ਪਾੜਾ ਹੈ, ਉੱਥੇ ਲੈਪਟਾਪ, ਸਮਾਰਟਫੋਨ, ਇੰਟਰਨੈੱਟ ਦਾ ਹਰ ਥਾਂ ਤੇ ਹਰ ਵੇਲੇ ਮਿਲਣਾ ਆਦਿ ਸਹੂਲਤਾਂ ਸਭ ਕੋਲ ਨਹੀਂ ਹਨ। ਇਹ ਇੱਕ ਤਰ੍ਹਾਂ ਦਾ ਇਸ ਪਾੜੇ ਨੂੰ ਹੋਰ ਡੂੰਘਾ ਕਰਨ ਵੱਲ ਕਦਮ ਹੈ।
 
ਮੈਡੀਸਨ ਦੇ ਖੇਤਰ ਵਿੱਚ ਵੀ, ਦੇਸ਼ ਦੇ ਮਸ਼ਹੂਰ ਡਾਕਟਰ, ਨੀਤੀ ਆਯੋਗ ਦੇ ਸਿਹਤ ਸਲਾਹਕਾਰ ਡਾ. ਤ੍ਰੇਹਨ ਦਾ ਕਹਿਣਾ ਹੈ ਕਿ ਘਰੇ ਰਹਿ ਕੇ ਟੈਲੀ ਮੈਡੀਸਨ ਨਾਲ ਸਲਾਹ ਲੈਣ ਦੀ ਆਦਤ ਪਾਓ। ਘਰ ਬੈਠ ਕੇ ਟੈਸਟ ਕਰਵਾਉਣ ਲਈ ਲੈਬਾਰਟਰੀ ਦੀ ਸਹੂਲਤ ਲਓ। ਦਵਾਈਆਂ ਦੀ ਪਹੁੰਚ ਵੀ ਈ-ਕਾਮਰਸ ਨਾਲ ਹੌਲੀ-ਹੌਲੀ ਵਧਾਈ ਜਾ ਰਹੀ ਹੈ।
 
ਕੁਝ ਕੁ ਸਾਲਾਂ ਤੋਂ ਮੱਧਵਰਗੀ ਪਰਿਵਾਰ, ਜਿਸ ਉੱਪਰ ਇਹ ਸਾਰਾ ਨਵਾਂ ਦ੍ਰਿਸ਼ ਉਸਾਰਿਆ ਜਾ ਰਿਹਾ ਹੈ, ਜੋ ਵੀਕਐਂਡ ਮਨਾਉਣ ਲਈ ਸਿਨਮਾ, ਪਾਰਕ, ਰੈਸਤਰਾਂ ਵਿੱਚ ਖਾਣ ਦਾ ਸ਼ੌਕੀਨ ਹੋ ਰਿਹਾ ਸੀ। ਇਸ ਤਰ੍ਹਾਂ ਹਫ਼ਤੇ ਵਿੱਚ ਇੱਕ ਸ਼ਾਮ ਪਰਿਵਾਰ ਮਿਲ ਕੇ ਹੱਸਦਾ-ਖੇਡਦਾ ਸੀ, ਜੋ ਕਿ ਮਾਨਸਿਕ ਸਿਹਤ ਲਈ ਚੰਗੀ ਸ਼ੁਰੂਆਤ ਹੈ। ਹੁਣ ਸਿਨਮਾ ਸਮੇਤ ਹਰ ਚੀਜ਼ ਦੀਆਂ ਐਪਜ਼ ਹਨ। ਇਨ੍ਹਾਂ ਕੰਪਨੀਆਂ ਨੇ ਹਰ ਦਿਨ ਹੀ ਮੌਜ-ਮਸਤੀ ਵਾਲਾ ਬਣਾਉਣ ਲਈ ਆਪਣੇ ਬਾਜ਼ਾਰ ਨੂੰ ਹੋਰ ਵਿਸਥਾਰ ਦਿੱਤਾ ਹੈ। ਜਮੈਟੋ, ਸਵੇਗੀ, ਉਬਰ ਵਰਗੀਆਂ ਕੰਪਨੀਆਂ ਨੇ ਹਰ ਤਰ੍ਹਾਂ ਦੇ ਖਾਣਿਆਂ ਨੂੰ ਵੀ ਘਰ ਤਕ ਪਹੁੰਚਾਉਣ ਦੀ ਸੁਵਿਧਾ ਦੇਣੀ ਸ਼ੁਰੂ ਕਰ ਦਿੱਤੀ ਹੈ।
 
ਮਨੋਵਿਗਿਆਨਕ ਸਮਝ ਹੈ ਕਿ ਇਕੱਲਤਾ ਸਭ ਤੋਂ ਵੱਡੀ ਸਜ਼ਾ ਹੈ। ਇਸ ਨਾਲ ਉਦਾਸੀ ਪੈਦਾ ਹੁੰਦੀ ਹੈ ਤੇ ਫਿਰ ‘ਅਜਿਹੇ ਜੀਣ ਤੋਂ ਕੀ ਲੈਣਾ’ ਵਰਗੇ ਖਿਆਲ ਆਉਂਦੇ ਹਨ। ਇਕੱਲੇ ਰਹਿਣ ਨੂੰ ਜੀਅ ਕਰਨਾ ਅਤੇ ਇਕੱਲਤਾ ਦੋ ਵੱਖਰੇ ਪਹਿਲੂ ਹਨ। ਵਿਦਿਆਰਥੀਆਂ ਦੇ ਪਹਿਲੂ ਤੋਂ ਵੀ, ਆਪਸ ਵਿੱਚ ਮਿਲ ਕੇ ਵਿਚਾਰ-ਚਰਚਾ ਨਾ ਕਰਨੀ ਬੌਧਿਕ ਸਮਰੱਥਾ ਦੇ ਵਿਕਾਸ ਨੂੰ ਰੋਕਦਾ ਹੈ ਅਤੇ ਯਾਦਾਸ਼ਤ ’ਤੇ ਅਸਰ ਪੈਂਦਾ ਹੈ। ਨਸ਼ਿਆਂ ਦੀ ਲੋੜ ਵਧਦੀ ਹੈ।
 
ਕਰੋਨਾ ਦੇ ਡਰ ਤਹਿਤ ਜੋ ਘਰ ਬੈਠਣ ਦੀ ਰਵਾਇਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਹਰ ਚੀਜ਼ ਦੀ ਸਹੂਲਤ ਨੂੰ ਨਵੇਂ ਯੁਗ ਦਾ, ਵਿਕਾਸ ਦਾ ਪ੍ਰਤੀਕ ਬਣਾ ਕੇ ਪ੍ਰਚਾਰਿਆ ਜਾ ਰਿਹਾ ਹੈ, ਇਹ ਲੋਕਾਂ ਨੂੰ ਆਪੋ-ਆਪਣੇ ਵਿੱਚ ਰਹਿਣ ਅਤੇ ਨਿੱਜ ਤਕ ਸੀਮਤ ਕੀਤੇ ਜਾਣ ਵੱਲ ਕਦਮ ਹੈ। ਇਹ ਗ਼ੈਰ-ਕੁਦਰਤੀ ਹੈ। ਇਹ ਨਾ ਹੋਵੇ ਕਿ ਕਰੋਨਾ ਦੇ ਸਰੀਰਕ ਪ੍ਰਭਾਵਾਂ ਤੋਂ ਬਚਦੇ-ਬਚਦੇ ਅਸੀਂ ਮਾਨਸਿਕ ਅਤੇ ਸਮਾਜਿਕ ਤੌਰ ’ਤੇ ਟੁੱਟ ਜਾਈਏ। ਦੂਰਗਾਮੀ ਪ੍ਰਭਾਵ ਦੇਖੀਏ ਤਾਂ ਇਹ ਸਪਸ਼ਟ ਤੌਰ ’ਤੇ ਦੇਸ਼ ਨੂੰ ਦੋ ਭਾਗਾਂ, ਭਾਰਤ ਅਤੇ ਇੰਡੀਆ ਵੱਲ ਲਿਜਾਣ ਵਾਲਾ ਕਦਮ ਵੀ ਹੈ।
 
ਮਨੁੱਖ ਹੀ ਹੈ, ਜੋ ਆਪਣੇ ਆਪ ਨੂੰ ਗਤੀਸ਼ੀਲ ਰੱਖਣ ਲਈ, ਕੁਦਰਤ ਅਤੇ ਆਪਣੇ ਸੱਭਿਆਚਾਰ ਤੋਂ ਤੌਰ-ਤਰੀਕਾ ਗ੍ਰਹਿਣ ਕਰਦਾ ਹੈ। ਕੋਰੋਨਾ ਇੱਕ ਸੰਕਟ ਹੈ, ਇਹ ਪਹਿਲਾਂ ਸੰਕਟ ਵੀ ਨਹੀਂ ਹੈ। ਲੋੜ ਇਸ ਸੰਕਟ ਦੀ ਤਹਿ ਤਕ ਜਾਣ ਦੀ ਹੈ, ਨਾ ਕਿ ਆਪਣੇ ਸੱਭਿਆਚਾਰ ਨੂੰ ਗੈਰ-ਕੁਦਰਤੀ ਅਤੇ ਅਸਮਾਜਿਕ ਬਣਾ ਕੇ ਰਹਿਣ ਦੀ।