ਕੈਲੀਫੋਰਨੀਆ ਵਿਚ 300,000 ਏਕੜ ਰਕਬੇ 'ਚ ਫੈਲ਼ੀ ਜੰਗਲ ਦੀ ਅੱਗ; ਗਵਰਨਰ ਨੇ ਐਮਰਜੈਂਸੀ ਐਲਾਨੀ

ਕੈਲੀਫੋਰਨੀਆ ਵਿਚ 300,000 ਏਕੜ ਰਕਬੇ 'ਚ ਫੈਲ਼ੀ ਜੰਗਲ ਦੀ ਅੱਗ; ਗਵਰਨਰ ਨੇ ਐਮਰਜੈਂਸੀ ਐਲਾਨੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਨ ਸਟੇਟ ਕੈਲੀਫੋਰਨੀਆ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗ ਗਈ ਹੈ ਜਿਸ ਨਾਲ 300,000 ਏਕੜ ਦੇ ਕਰੀਬ ਜੰਗਲਾਤ ਰਕਬਾ ਅੱਗ ਦੀ ਮਾਰ ਹੇਠ ਆਇਆ ਹੈ। ਇਸ ਅੱਗ ਨਾਲ ਜੰਗਲਾਂ ਦੇ ਨੇੜੇ ਵਸਦੇ ਰਿਹਾਇਸ਼ੀ ਖੇਤਰਾਂ ਵਿਚ ਵੀ ਖਤਰਾ ਪੈਦਾ ਹੋ ਗਿਆ ਹੈ। 

ਇਹ ਅੱਗ ਉੱਤਰ ਵਿਚ ਸੈਨ ਫਰਾਂਸਿਸਕੋ ਦੇ ਬੇਅ ਏਰੀਏ ਤੋਂ ਸ਼ੁਰੂ ਹੋਈ ਦੱਸੀ ਜਾ ਰਹੀ ਹੈ। ਗਵਰਨਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਅੱਗ ਦੇ ਪ੍ਰਭਾਵ ਵਾਲੇ ਖੇਤਰ ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਤੁਰੰਤ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।

ਪ੍ਰਾਪਤ ਵੇਰਵਿਆਂ ਮੁਤਾਬਕ ਅੱਗ ਦਾ ਫੈਲਾਅ ਹੁਣ ਵਾਸ਼ਿੰਗਟਨ ਡੀਸੀ ਦੇ ਕੁੱਲ ਖੇਤਰ ਤੋਂ ਵੱਧ ਇਲਾਕੇ ਵਿਚ ਹੋ ਚੁੱਕਿਆ ਹੈ ਅਤੇ ਡਰ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਈ ਲੋਕ ਇਸ ਅੱਗ ਦੀ ਲਪੇਟ ਤੋਂ ਨਹੀਂ ਬਚ ਸਕਣਗੇ।

ਫਾਇਰ ਵਿਭਾਗ ਦੇ ਅਫਸਰਾਂ ਮੁਤਾਬਕ ਉੱਤਰੀ ਕੈਲੀਫੋਰਨੀਆ ਵਿਚ ਬੁੱਧਵਾਰ ਨੂੰ 11,000 ਥਾਵਾਂ 'ਤੇ ਆਸਮਾਨੀ ਬਿਜਲੀ ਪਈ ਜਿਸ ਨਾਲ 60 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ।