ਪ੍ਰਸ਼ਾਂਤ ਮਹਾਸਾਗਰ ਵਿਚ ਤੈਨਾਤ ਦੋ ਜੰਗੀ ਜਹਾਜ਼ਾਂ 'ਚ ਕੋਰੋਨਾਵਾਇਰਸ ਫੈਲਣ ਨਾਲ ਅਮਰੀਕੀ ਸੁਰੱਖਿਆ ਨੀਤੀ 'ਤੇ ਖਤਰਾ

ਪ੍ਰਸ਼ਾਂਤ ਮਹਾਸਾਗਰ ਵਿਚ ਤੈਨਾਤ ਦੋ ਜੰਗੀ ਜਹਾਜ਼ਾਂ 'ਚ ਕੋਰੋਨਾਵਾਇਰਸ ਫੈਲਣ ਨਾਲ ਅਮਰੀਕੀ ਸੁਰੱਖਿਆ ਨੀਤੀ 'ਤੇ ਖਤਰਾ

ਵਾਸ਼ਿੰਗਟਨ: ਜਿੱਥੇ ਇਕ ਪਾਸੇ ਕੋਰੋਨਾਵਾਇਰਸ ਅਮਰੀਕਾ ਲਈ ਉਸ ਦੇ ਜ਼ਮੀਨੀ ਖੇਤਰ ਵਿਚ ਆਫਤ ਬਣ ਗਿਆ ਹੈ ਉੱਥੇ ਹੀ ਇਸ ਵਾਇਰਸ ਨੇ ਅਮਰੀਕਾ ਨੂੰ ਸਮੁੰਦਰ ਵਿਚ ਵੀ ਘੇਰ ਲਿਆ ਹੈ। ਅਮਰੀਕੀ ਡਿਫੈਂਸ ਦੀ ਸਭ ਤੋਂ ਤਾਕਤਵਰ ਅਤੇ ਕਾਰਗਰ ਇਕਾਈ ਅਮਰੀਕੀ ਨੇਵੀ ਦੇ ਪ੍ਰਸ਼ਾਂਤ ਮਹਾਸਾਗਰ ਵਿਚ ਤੈਨਾਤ ਦੋ ਵੱਡੇ ਜੰਗੀ ਸਮੁੰਦਰੀ ਜਹਾਜ਼ਾਂ ਵਿਚ ਕੋਰੋਨਾਵਾਇਰਸ ਫੈਲ ਗਿਆ ਹੈ। ਇਹ ਦੋ ਬੇੜੇ ਯੂਐਸਐਸ ਥਿਓਡੋਰ ਰੂਸਵੈਲਟ ਅਤੇ ਯੂਐਸਐਸ ਰੋਨਾਲਡ ਰੀਗਨ ਹਨ। 

ਯੂਐਸਐਸ ਥਿਓਡੋਰ ਰੂਸਵੈਲਟ 'ਤੇ ਤੈਨਾਤ 5,000 ਦੇ ਕਰੀਬ ਜਵਾਨਾਂ ਵਿਚੋਂ 100 ਦੇ ਕਰੀਬ ਜਵਾਨਾਂ ਵਿਚ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ। ਜਿਸ ਮਗਰੋਂ ਇਸ ਜੰਗੀ ਬੇੜੇ ਨੂੰ ਪ੍ਰਸ਼ਾਂਤ ਮਹਾਸਾਗਰ ਵਿਚ ਅਮਰੀਕੀ ਪ੍ਰਬੰਧ ਵਾਲੇ ਗੁਆਮ ਟਾਪੂ ਦੀ ਬੰਦਰਗਾਹ 'ਤੇ ਲਾ ਦਿੱਤਾ ਗਿਆ ਹੈ ਅਤੇ ਇਸ ਦੀਆਂ ਕਾਰਵਾਈਆਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। 

ਫੋਕਸ ਨਿਊਜ਼ ਮੁਤਾਬਕ ਜਪਾਨ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ਵਿਚ ਤੈਨਾਤ ਯੂਐਸਐਸ ਰੋਨਾਲਡ ਰੀਗਨ ਜੰਗੀ ਬੇੜੇ 'ਤੇ ਤੈਨਾਤ ਦੋ ਜਵਾਨਾਂ ਵੀ ਕੋਰੋਨਾਵਾਇਰਸ ਪੀੜਤ ਪਾਏ ਗਏ ਹਨ। 

ਪ੍ਰਸ਼ਾਂਤ ਮਹਾਸਾਗਰ ਵਿਚ ਤੈਨਾਤ ਇਹ ਦੋਵੇਂ ਜੰਗੀ ਬੇੜੇ ਅਮਰੀਕੀ ਸੁਰੱਖਿਆ ਲਈ ਬਹੁਤ ਅਹਿਮ ਹਨ ਅਤੇ ਜੇ ਇਹਨਾਂ ਦੀਆਂ ਕਾਰਵਾਈਆਂ ਠੱਪ ਹੁੰਦੀਆਂ ਹਨ ਤਾਂ ਅਮਰੀਕੀ ਫੌਜੀ ਨੀਤੀ ਸਾਹਮਣੇ ਬੜੀਆਂ ਵੱਡੀਆਂ ਚੁਣੌਤੀਆਂ ਬਣ ਸਕਦੀਆਂ ਹਨ ਤੇ ਕਿਸੇ ਵੀ ਅਣਸੁਖਾਵੇਂ ਹਾਲਾਤਾਂ ਵਿਚ ਹਾਲਾਤ ਅਮਰੀਕਾ ਲਈ ਔਖੇ ਹੋ ਸਕਦੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।